ਕਿਸਾਨੀ ਮੋਰਚੇ ਨੇ ਫਿਰ ਫੜੀ ਰਫ਼ਤਾਰ, ਕਿਸਾਨਾਂ ਨੇ ਵੱਡੀ ਗਿਣਤੀ ‘ਚ ਕੀਤਾ ਦਿੱਲੀ ਵੱਲ ਕੂਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੋਰਚੇ ‘ਚ ਸ਼ਾਮਲ ਹੋਣ ਲਈ ਪਿੰਡ ਵਾਸੀਆਂ ਨੇ ਲਗਾਈਆਂ ਡਿਊਟੀਆਂ

Hundreds of farmers move to rejoin Singhu, Ghazipur, Tikri protests

ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਚਲਦਿਆਂ ਮੋਰਚੇ ਨੂੰ ਖਤਮ ਕਰਨ ਸਬੰਧੀ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਸਨ। ਦਿੱਲੀ ਦੀਆਂ ਸਰਹੱਦਾਂ ‘ਤੇ ਪੁਲਿਸ ਬਸਾਂ ਦੀ ਤਾਇਨਾਤੀ ਵੀ ਕੀਤੀ ਗਈ।

ਗਾਜ਼ੀਪੁਰ ਬਾਰਡਰ ‘ਤੇ ਸੰਘਰਸ਼ ਕਰ ਰਹੇ ਕਿਸਾਨ ਆਗੂ ਰਾਕੇਸ਼ ਟਿਕੈਤ ਵੱਲ਼ੋਂ ਮੋਰਚਾ ਖਤਮ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ। ਇਸ ਸਬੰਧੀ ਵੱਖ-ਵੱਖ ਪਿੰਡਾਂ ਵਿਚ ਮੋਰਚੇ ‘ਚ ਸ਼ਾਮਲ ਹੋਣ ਲਈ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ।

ਦਰਅਸਲ ਗਾਜ਼ੀਪੁਰ ਬਾਰਡਰ ‘ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਅਗਵਾਈ ਵਿਚ ਹਜ਼ਾਰਾਂ ਕਿਸਾਨ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਕੇਂਦਰ ਨੇ ਬੀਤੀ ਰਾਤ ਗਾਜ਼ੀਪੁਰ ਬਾਰਡਰ ‘ਤੇ ਕਾਨੂੰਨ-ਵਿਵਸਥਾ ਬਣਾ ਕੇ ਰੱਖਣ ਲਈ ਰੈਪਿਡ ਐਕਸ਼ਨ ਫੋਰਸ ਦੀਆਂ ਚਾਰ ਕੰਪਨੀਆਂ ਦੀ ਤੈਨਾਤੀ ਦੀ ਮਿਆਦ 4 ਫਰਵਰੀ ਤੱਕ ਵਧਾ ਦਿੱਤੀ ਹੈ।

ਗਾਜ਼ੀਪੁਰ ਬਾਰਡਰ ‘ਤੇ ਪ੍ਰਦਰਸ਼ਨਕਾਰੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਬਾਰਡਰ ਖਾਲੀ ਕਰਨ ਦਾ ਨੋਟਿਸ ਵੀ ਦਿੱਤਾ ਹੈ ਪਰ ਕਿਸਾਨਾਂ ਨੇ ਜਗ੍ਹਾਂ ਖਾਲੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਇਸ ਦੌਰਾਨ ਕਿਸਾਨ ਆਗੂ ਭਾਵੂਕ ਵੀ ਹੋ ਗਏ। ਉਹਨਾਂ ਕਿਹਾ ਉਹ ਕਿਸੇ ਹਾਲਤ ਵਿਚ ਬਾਰਡਰ ਖਾਲੀ ਨਹੀਂ ਕਰਨਗੇ।ਇਸ ਤੋਂ ਬਾਅਦ ਰਾਤੋ ਰਾਤ ਦਿੱਲੀ ਬਾਰਡਰਾਂ ‘ਤੇ ਮਾਹੌਲ ਬਦਲ ਗਿਆ ਤੇ ਵੱਡੀ ਗਿਣਤੀ ਵਿਚ ਲੋਕ ਕਿਸਾਨ ਮੋਰਚੇ ‘ਚ ਪਹੁੰਚ ਰਹੇ ਹਨ।