Kota Student Suicide: ਇਕ ਹਫ਼ਤੇ ਦੇ ਅੰਦਰ ਕੋਟਾ ’ਚ ਦੂਜੇ ਵਿਦਿਆਰਥੀ ਦੀ ਖੁਦਕੁਸ਼ੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਟਾ ’ਚ ਜੇ.ਈ.ਈ. ਇਮਤਿਹਾਨ ਦੀ ਤਿਆਰੀ ਕਰ ਰਹੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

Kota Student Suicide, second such incident within a week

Kota Student Suicide: ਰਾਜਸਥਾਨ ਦੇ ਕੋਟਾ ’ਚ ਸਾਂਝਾ ਦਾਖ਼ਲਾ ਇਮਤਿਹਾਨ (ਜੇ.ਈ.ਈ.) ਦੀ ਤਿਆਰੀ ਕਰ ਰਹੀ 18 ਸਾਲ ਦੀ ਵਿਦਿਆਰਥਣ ਨੇ ਸੋਮਵਾਰ ਨੂੰ ਅਪਣੇ ਘਰ ’ਚ ਖੁਦਕੁਸ਼ੀ ਕਰ ਲਈ। ਪੁਲਿਸ ਮੁਤਾਬਕ ਵਿਦਿਆਰਥੀ ਨੇ ਅੰਗਰੇਜ਼ੀ ’ਚ ਲਿਖੇ ਸੁਸਾਈਡ ਨੋਟ ’ਚ ਕਿਹਾ, ‘‘ਮੰਮੀ, ਡੈਡੀ, ਮੈਂ ਜੇ.ਈ.ਈ. ਪ੍ਰੀਖਿਆ ਦੀ ਤਿਆਰੀ ਨਹੀਂ ਕਰ ਸਕਦੀ। ਇਸ ਲਈ ਮੈਂ ਖੁਦਕੁਸ਼ੀ ਕਰ  ਰਹੀ ਹਾਂ।’’

ਵਿਦਿਆਰਥਣ ਦੀ ਪਛਾਣ ਨਿਹਾਰਿਕਾ ਸਿੰਘ ਵਜੋਂ ਹੋਈ ਹੈ, ਜਿਸ ਦੇ ਇਕ ਜਾਂ ਦੋ ਦਿਨਾਂ ਵਿਚ ਜੇ.ਈ.ਈ. ਦੀ ਪ੍ਰੀਖਿਆ ਦੇਣ ਦੀ ਉਮੀਦ ਸੀ। ਨਿਹਾਰਿਕਾ ਨੇ ਇਸ ਕਦਮ ਲਈ ਅਪਣੇ ਮਾਪਿਆਂ ਤੋਂ ਮੁਆਫੀ ਵੀ ਮੰਗੀ ਹੈ। ਨਿਹਾਰਿਕਾ ਦੇ ਕਮਰੇ ’ਚੋਂ ਮਿਲੇ ਇਕ ਨੋਟ ’ਚ ਉਸ ਨੇ ਲਿਖਿਆ, ‘‘ਮੈਂ ਫ਼ੇਲ੍ਹ ਇਨਸਾਨ ਹਾਂ। ਮੈਂ ਸੱਭ ਤੋਂ ਭੈੜੀ ਧੀ ਹਾਂ। ਮੈਨੂੰ ਮਾਫ਼ ਕਰੋ, ਮੰਮੀ ਅਤੇ ਡੈਡੀ। ਮੇਰੇ ਕੋਲ ਇਹੀ ਆਖਰੀ ਬਦਲ ਸੀ।’’ ਇਕ ਹਫ਼ਤੇ ਦੇ ਅੰਦਰ ਕੋਟਾ ’ਚ ਕਿਸੇ ਵਿਦਿਆਰਥੀ ਦੀ ਇਹ ਦੂਜੀ ਖੁਦਕੁਸ਼ੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅਪਣੇ ਸਾਲਾਨਾ ‘ਪ੍ਰੀਖਿਆ ਪੇ ਚਰਚਾ’ ਪ੍ਰੋਗਰਾਮ ’ਚ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੱਚਿਆਂ ’ਚ ਦਬਾਅ ਨਾਲ ਨਜਿੱਠਣ ਲਈ ਉਨ੍ਹਾਂ ’ਚ ਲਗਨ ਪੈਦਾ ਕਰਨਾ ਮਹੱਤਵਪੂਰਨ ਹੈ ਅਤੇ ਮਾਪਿਆਂ ਅਤੇ ਅਧਿਆਪਕਾਂ ਨੂੰ ਮਿਲ ਕੇ ਵਿਦਿਆਰਥੀਆਂ ਨੂੰ ਦਰਪੇਸ਼ ਚੁਨੌਤੀਆਂ ਦਾ ਹੱਲ ਕਰਨਾ ਚਾਹੀਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸਰਕਲ ਅਫਸਰ ਅਤੇ ਡੀ.ਐਸ.ਪੀ. ਧਰਮਵੀਰ ਸਿੰਘ ਨੇ ਦਸਿਆ ਕਿ ਨਿਹਾਰਿਕਾ ਸ਼ਹਿਰ ਦੇ ਬੋਰਖੇੜਾ ਥਾਣਾ ਖੇਤਰ ਦੇ ਸ਼ਿਵ ਵਿਹਾਰ ਕਲੋਨੀ ’ਚ ਅਪਣੇ ਪਰਵਾਰਕ ਘਰ ’ਚ ਰਹਿ ਰਹੀ ਸੀ ਅਤੇ 30 ਜਾਂ 31 ਜਨਵਰੀ ਨੂੰ ਜੇ.ਈ.ਈ. ਦਾ ਇਮਤਿਹਾਨ ਦੇਣ ਵਾਲੀ ਸੀ। ਅਧਿਕਾਰੀ ਨੇ ਕਿਹਾ ਕਿ ਖੁਦਕੁਸ਼ੀ ਨੋਟ ਤੋਂ ਪਤਾ ਲੱਗਿਆ ਹੈ ਕਿ ਉਹ ਪੜ੍ਹਾਈ ਦੇ ਤਣਾਅ ’ਚ ਸੀ ਅਤੇ ਖ਼ੁਦ ਨੂੰ ਇਮਤਿਹਾਨ ਦੇਣ ’ਚ ਅਸਮਰੱਥ ਪਾ ਰਹੀ ਸੀ। ਉਨ੍ਹਾਂ ਦਸਿਆ ਕਿ ਨਿਹਾਰਿਕਾ ਤਿੰਨ ਭੈਣਾਂ ਵਿਚੋਂ ਸੱਭ ਤੋਂ ਵੱਡੀ ਸੀ। ਉਸ ਦੇ ਪਿਤਾ ਕੋਟਾ ਦੇ ਇਕ ਨਿੱਜੀ ਬੈਂਕ ’ਚ ਸੁਰੱਖਿਆ ਗਾਰਡ ਵਜੋਂ ਕੰਮ ਕਰਦੇ ਹਨ। ਇਹ ਪਰਵਾਰ ਝਾਲਾਵਾੜ ਜ਼ਿਲ੍ਹੇ ਦੇ ਅਕਾਵਾਦਾਖੁਰਦ ਪਿੰਡ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਤਿੰਨ ਸਾਲਾਂ ਤੋਂ ਕੋਟਾ ਸ਼ਹਿਰ ’ਚ ਰਹਿ ਰਿਹਾ ਹੈ।

ਨਿਹਾਰਿਕਾ ਦੇ ਇਕ ਰਿਸ਼ਤੇਦਾਰ ਨੇ ਕਿਹਾ ਕਿ ਉਹ ਆਉਣ ਵਾਲੀ ਜੇ.ਈ.ਈ. ਇਮਤਿਹਾਨ ਨੂੰ ਲੈ ਕੇ ਬਹੁਤ ਤਣਾਅ ’ਚ ਸੀ। ਘੱਟ ਅੰਕਾਂ ਕਾਰਨ ਉਸ ਨੂੰ ਮੁੜ 12ਵੀਂ ਜਮਾਤ ਦਾ ਇਮਤਿਹਾਨ ਦੇਣਾ ਪਿਆ। ਹਾਲਾਂਕਿ, ਉਸ ਨੇ ਕਿਹਾ ਕਿ ਨਿਹਾਰਿਕਾ ਅਕਾਦਮਿਕ ਤੌਰ ’ਤੇ ਚੰਗੀ ਸੀ ਅਤੇ ਰੋਜ਼ਾਨਾ ਸੱਤ ਤੋਂ ਅੱਠ ਘੰਟੇ ਪੜ੍ਹਾਈ ਕਰਦੀ ਸੀ।

 (For more Punjabi news apart from Kota Student Suicide, second such incident within a week, stay tuned to Rozana Spokesman)