Pariksha Pe Charcha: ਮਾਪਿਆਂ ਨੂੰ ਅਪਣੇ ਬੱਚੇ ਦੇ ਰੀਪੋਰਟ ਕਾਰਡ ਨੂੰ ਅਪਣਾ ਵਿਜ਼ਿਟਿੰਗ ਕਾਰਡ ਨਹੀਂ ਸਮਝਣਾ ਚਾਹੀਦਾ: ਪ੍ਰਧਾਨ ਮੰਤਰੀ ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਇਹ ਵੀ ਸੁਝਾਅ ਦਿਤਾ ਕਿ ਵਿਦਿਆਰਥੀਆਂ ਨੂੰ ਅਪਣੇ ਆਪ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ ਨਾ ਕਿ ਦੂਜਿਆਂ ਨਾਲ।

Pariksha Pe Charcha : PM Modi Talks To Students Ahead Of Exams

Pariksha Pe Charcha: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਦਬਾਅ ਨਾਲ ਨਜਿੱਠਣ ਲਈ ਬੱਚਿਆਂ ’ਚ ਮਜ਼ਬੂਤੀ ਪੈਦਾ ਕਰਨਾ ਮਹੱਤਵਪੂਰਨ ਹੈ ਅਤੇ ਮਾਪਿਆਂ ਤੇ ਅਧਿਆਪਕਾਂ ਨੂੰ ਮਿਲ ਕੇ ਵਿਦਿਆਰਥੀਆਂ ਨੂੰ ਦਰਪੇਸ਼ ਚੁਨੌਤੀਆਂ ਦਾ ਹੱਲ ਕਰਨਾ ਚਾਹੀਦਾ ਹੈ। 10ਵੀਂ ਅਤੇ 12ਵੀਂ ਜਮਾਤ ਦੇ ਬੋਰਡ ਇਮਤਿਹਾਨਾਂ ਤੋਂ ਪਹਿਲਾਂ ਵਿਦਿਆਰਥੀਆਂ ’ਤੇ ਮਾਨਸਿਕ ਤਣਾਅ ਨੂੰ ਘੱਟ ਕਰਨ ਦੇ ਉਦੇਸ਼ ਨਾਲ ਮੋਦੀ ਨੇ ਅੱਜ ਮਾਪਿਆਂ ਨੂੰ ਸਲਾਹ ਦਿਤੀ ਕਿ ਉਹ ਅਪਣੇ ਬੱਚੇ ਦੇ ਰੀਪੋਰਟ ਕਾਰਡ ਨੂੰ ‘ਵਿਜ਼ਿਟਿੰਗ ਕਾਰਡ’ ਨਾ ਸਮਝਣ। ਉਨ੍ਹਾਂ ਇਹ ਵੀ ਸੁਝਾਅ ਦਿਤਾ ਕਿ ਵਿਦਿਆਰਥੀਆਂ ਨੂੰ ਅਪਣੇ ਆਪ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ ਨਾ ਕਿ ਦੂਜਿਆਂ ਨਾਲ।

ਅਪਣੇ ਸਾਲਾਨਾ ‘ਪ੍ਰੀਖਿਆ ਪੇ ਚਰਚਾ’ ਸਮਾਰੋਹ ’ਚ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘‘ਸਾਡੇ ਬੱਚਿਆਂ ’ਚ ਮਜ਼ਬੂਤੀ ਪੈਦਾ ਕਰਨਾ ਅਤੇ ਦਬਾਅ ਨਾਲ ਨਜਿੱਠਣ ’ਚ ਉਨ੍ਹਾਂ ਦੀ ਮਦਦ ਕਰਨਾ ਮਹੱਤਵਪੂਰਨ ਹੈ। ਸਾਨੂੰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਦਬਾਅ ਨੂੰ ਸਹਿਣ ਕਰਨ ਦੇ ਯੋਗ ਬਣਾਉਣਾ ਚਾਹੀਦਾ ਹੈ। ਉਨ੍ਹਾਂ (ਵਿਦਿਆਰਥੀਆਂ) ਨੂੰ ਇਹ ਸਮਝਣਾ ਚਾਹੀਦਾ ਹੈ ਕਿ ਦਬਾਅ ਵਧਦਾ ਰਹਿੰਦਾ ਹੈ ਪਰ ਸਾਨੂੰ ਖ਼ੁਦ ਨੂੰ ਤਿਆਰ ਕਰਨਾ ਹੋਵੇਗਾ।’’

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮੋਦੀ ਨੇ ਵਿਦਿਆਰਥੀਆਂ ਨੂੰ ਸਲਾਹ ਦਿਤੀ ਕਿ ਉਹ ਹਮੇਸ਼ਾ ਅਜਿਹੇ ਦੋਸਤ ਬਣਾਉਣ ਜੋ ਵਧੇਰੇ ਬੁੱਧੀਮਾਨ ਅਤੇ ਮਿਹਨਤੀ ਹੋਣ। ਉਨ੍ਹਾਂ ਕਿਹਾ, ‘‘ਤੁਹਾਨੂੰ ਅਜਿਹੇ ਦੋਸਤਾਂ ਤੋਂ ਪ੍ਰੇਰਿਤ ਹੋਣਾ ਚਾਹੀਦਾ ਹੈ। ਪੜ੍ਹਾਈ ਅਤੇ ਇਮਤਿਹਾਨਾਂ ਦੇ ਦਬਾਅ ਨੂੰ ਖ਼ੁਦ ’ਤੇ ਹਾਵੀ ਨਾ ਹੋਣ ਦਿਉ।’’ ਮੋਦੀ ਨੇ ਕਿਹਾ ਕਿ ਮੁਕਾਬਲਾ ਅਤੇ ਚੁਨੌਤੀਆਂ ਪ੍ਰੇਰਣਾ ਦਾ ਕੰਮ ਕਰਦੀਆਂ ਹਨ ਪਰ ਮੁਕਾਬਲਾ ਸਿਹਤਮੰਦ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਬਹੁਤ ਸਾਰੇ ਮਾਪੇ ਅਪਣੇ ਬੱਚਿਆਂ ਨੂੰ ਦੂਜੇ ਬੱਚਿਆਂ ਦੀਆਂ ਉਦਾਹਰਣਾਂ ਦਿੰਦੇ ਹਨ। ਮਾਪਿਆਂ ਨੂੰ ਅਜਿਹੀਆਂ ਚੀਜ਼ਾਂ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅਸੀਂ ਇਹ ਵੀ ਵੇਖਿਆ ਹੈ ਕਿ ਜਿਹੜੇ ਮਾਪੇ ਜ਼ਿੰਦਗੀ ’ਚ ਜ਼ਿਆਦਾ ਸਫਲ ਨਹੀਂ ਹੋਏ ਹਨ, ਉਨ੍ਹਾਂ ਕੋਲ ਅਪਣੀਆਂ ਸਫਲਤਾਵਾਂ ਅਤੇ ਪ੍ਰਾਪਤੀਆਂ ਬਾਰੇ ਦੁਨੀਆਂ ਨੂੰ ਦੱਸਣ ਲਈ ਕੁੱਝ ਨਹੀਂ ਹੈ ਜਾਂ ਉਹ ਅਪਣੇ ਬੱਚਿਆਂ ਦੇ ਰੀਪੋਰਟ ਕਾਰਡ ਨੂੰ ਅਪਣਾ ਵਿਜ਼ਿਟਿੰਗ ਕਾਰਡ ਬਣਾ ਲੈਂਦੇ ਹਨ। ਜਦੋਂ ਵੀ ਉਹ ਕਿਸੇ ਨੂੰ ਮਿਲਦੇ ਹਨ, ਉਹ ਉਨ੍ਹਾਂ ਨੂੰ ਅਪਣੇ ਬੱਚਿਆਂ ਦੀਆਂ ਕਹਾਣੀਆਂ ਸੁਣਾਉਂਦੇ ਹਨ। ਤੁਹਾਨੂੰ ਇਕ ਬੱਚੇ ਦੀ ਤੁਲਨਾ ਦੂਜੇ ਨਾਲ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਉਨ੍ਹਾਂ ਦੇ ਭਵਿੱਖ ਲਈ ਨੁਕਸਾਨਦੇਹ ਹੋ ਸਕਦਾ ਹੈ।’’

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ’ਤੇ ਤਿੰਨ ਤਰ੍ਹਾਂ ਦਾ ਤਣਾਅ ਹੁੰਦਾ ਹੈ। ਉਹ ਕਈ ਵਾਰ ਇਹ ਸਾਥੀਆਂ ਦਾ ਦਬਾਅ ਹੁੰਦਾ ਹੈ, ਕਦੇ ਮਾਪਿਆਂ ਦਾ ਅਤੇ ਕਦੇ ਖ਼ੁਦ ਦਾ। ਉਨ੍ਹਾਂ ਕਿਹਾ ਕਿ ਮਾਪਿਆਂ, ਅਧਿਆਪਕਾਂ ਜਾਂ ਰਿਸ਼ਤੇਦਾਰਾਂ ਦੀ ਟਿਪਣੀ ਕਰਨਾ ਅਤੇ ਹਰ ਵਾਰ ਨਕਾਰਾਤਮਕ ਤੁਲਨਾ ਕਰਨਾ ਵਿਦਿਆਰਥੀ ਦੀ ਮਾਨਸਿਕ ਤੰਦਰੁਸਤੀ ਲਈ ਨੁਕਸਾਨਦੇਹ ਹੈ। ਉਨ੍ਹਾਂ ਕਿਹਾ ਕਿ ਦਬਾਅ ਇੰਨਾ ਜ਼ਿਆਦਾ ਨਹੀਂ ਹੋਣਾ ਚਾਹੀਦਾ ਕਿ ਇਹ ਕਿਸੇ ਦੀ ਸਮਰੱਥਾ ਨੂੰ ਪ੍ਰਭਾਵਤ ਕਰੇ। ਕਈ ਵਾਰ ਬੱਚੇ ਅਪਣੇ ਆਪ ’ਤੇ ਦਬਾਅ ਪਾਉਂਦੇ ਹਨ ਕਿ ਉਹ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਮੇਰਾ ਸੁਝਾਅ ਹੈ ਕਿ ਤੁਹਾਨੂੰ ਤਿਆਰੀ ਦੌਰਾਨ ਛੋਟੇ ਟੀਚੇ ਨਿਰਧਾਰਤ ਕਰਨੇ ਚਾਹੀਦੇ ਹਨ ਅਤੇ ਹੌਲੀ-ਹੌਲੀ ਅਪਣੀ ਕਾਰਗੁਜ਼ਾਰੀ ’ਚ ਸੁਧਾਰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਤੁਸੀਂ ਇਮਤਿਹਾਨ ਤੋਂ ਪਹਿਲਾਂ ਪੂਰੀ ਤਰ੍ਹਾਂ ਤਿਆਰ ਹੋ ਜਾਵੋਗੇ।’’

ਅਧਿਆਪਕਾਂ ਅਤੇ ਵਿਦਿਆਰਥੀਆਂ ਦਰਮਿਆਨ ਸਬੰਧਾਂ ਬਾਰੇ ਚਰਚਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਿਸ਼ਤਾ ਅਜਿਹਾ ਹੋਣਾ ਚਾਹੀਦਾ ਹੈ ਕਿ ਵਿਦਿਆਰਥੀ ਅਧਿਆਪਕ ਨਾਲ ਵਿਸ਼ੇ ਨਾਲ ਸਬੰਧਤ ਬੰਧਨ ਤੋਂ ਪਰੇ ਕੁੱਝ ਮਹਿਸੂਸ ਕਰਨ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਇਕ ਅਧਿਆਪਕ ਦਾ ਕੰਮ ਸਿਰਫ ਨੌਕਰੀ ਕਰਨਾ ਜਾਂ ਬਦਲਣਾ ਨਹੀਂ ਹੈ, ਬਲਕਿ ਉਸ ਦਾ ਕੰਮ ਜੀਵਨ ਨੂੰ ਆਕਾਰ ਦੇਣਾ ਅਤੇ ਤਾਕਤ ਦੇਣਾ ਹੈ। ਇਮਤਿਹਾਨਾਂ ਤੋਂ ਪਹਿਲਾਂ ਵਿਦਿਆਰਥੀਆਂ ਨਾਲ ਅਪਣੇ ‘ਆਊਟਰੀਚ ਪ੍ਰੋਗਰਾਮ’ ਦੇ ਸੱਤਵੇਂ ਐਪੀਸੋਡ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵਿਦਿਆਰਥੀ ਪਹਿਲਾਂ ਨਾਲੋਂ ਵਧੇਰੇ ਨਵੀਨਤਾਕਾਰੀ ਹੋ ਗਏ ਹਨ। ਉਨ੍ਹਾਂ ਕਿਹਾ, ‘‘ਸਾਡੇ ਵਿਦਿਆਰਥੀ ਸਾਡੇ ਭਵਿੱਖ ਨੂੰ ਆਕਾਰ ਦੇਣਗੇ।’’

ਇਸ ਸਾਲ, MyGov ਪੋਰਟਲ ’ਤੇ ਲਗਭਗ 2.26 ਕਰੋੜ ਰਜਿਸਟ੍ਰੇਸ਼ਨ ਹੋਏ, ਜੋ ਵਿਦਿਆਰਥੀਆਂ ’ਚ ਪ੍ਰੋਗਰਾਮ ਪ੍ਰਤੀ ਵਿਆਪਕ ਉਤਸ਼ਾਹ ਨੂੰ ਦਰਸਾਉਂਦਾ ਹੈ। ਇਸ ਸਾਲ ਦਾ ਸਮਾਗਮ ਭਾਰਤ ਮੰਡਪਮ ਵਿਖੇ ਟਾਊਨ ਹਾਲ ਫਾਰਮੈਟ ’ਚ ਕੀਤਾ ਗਿਆ ਹੈ। ਜੀ-20 ਸਿਖਰ ਸੰਮੇਲਨ ਦੇ ਸੰਦਰਭ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੱਥੇ ਦੁਨੀਆਂ ਦੇ ਵੱਡੇ ਨੇਤਾਵਾਂ ਨੇ ਭਵਿੱਖ ਬਾਰੇ ਚਰਚਾ ਕੀਤੀ ਸੀ, ਅੱਜ ਉਹ ਜਾਂਚ ਦੀਆਂ ਚਿੰਤਾਵਾਂ ਨਾਲ ਭਾਰਤ ਦੇ ਭਵਿੱਖ ਬਾਰੇ ਵਿਚਾਰ ਵਟਾਂਦਰੇ ਕਰਨ ਜਾ ਰਹੇ ਹਨ। ਕਲਾ ਉਤਸਵ ਦੇ ਜੇਤੂਆਂ ਦੇ ਨਾਲ ਹਰੇਕ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਤੋਂ ਦੋ ਵਿਦਿਆਰਥੀਆਂ ਅਤੇ ਇਕ ਅਧਿਆਪਕ ਨੂੰ ਵਿਚਾਰ ਵਟਾਂਦਰੇ ’ਚ ਹਿੱਸਾ ਲੈਣ ਲਈ ਸੱਦਾ ਦਿਤਾ ਗਿਆ ਹੈ।

 (For more Punjabi news apart from Pariksha Pe Charcha : PM Modi Talks To Students Ahead Of Exams, stay tuned to Rozana Spokesman)