ਜਾਣੋ ਕੌਣ ਹੈ ਉਹ ਮਹਿਲਾ ਜਿਸ ਨੇ ਗਰਭ ਅਵਸਥਾ ਦੇ ਆਖਰੀ ਦਿਨਾਂ ‘ਚ ਬਣਾਈ ਪਹਿਲੀ ਕੋਵਿਡ-19 ਟੈਸਟ ਕਿੱਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਮਹਿਲਾ ਵਿਗਿਆਨੀ (ਵਾਇਰਲੋਜਿਸਟ) ਮੀਨਲ ਦਖਾਵੇ ਭੋਸਲੇ ਨੇ ਇਕ ਟੈਸਟਿੰਗ ਕਿੱਟ ਤਿਆਰ ਕੀਤੀ ਹੈ, ਜਿਸ ਦੀ ਕੀਮਤ ਸਿਰਫ 1200 ਰੁਪਏ ਹੈ।

Photo

ਮੁੰਬਈ: ਪੂਰੀ ਦੁਨੀਆ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ  ਹੈ। ਇਸ ਦੌਰਾਨ ਭਾਰਤੀ ਮਹਿਲਾ ਵਿਗਿਆਨੀ ਮੀਨਲ ਦਖਾਵੇ ਭੋਸਲੇ ਨੇ ਭਾਰਤ ਵਿਚ ਕੋਰੋਨਾ ਵਾਇਰਸ ਦੀ ਜਾਂਚ ਦੀ ਪਹਿਲੀ ਕਿੱਟ ਬਣਾਉਣ ਵਿਚ ਲੱਗੀ ਟੀਮ ਦੀ ਅਗਵਾਈ ਕੀਤੀ ਅਤੇ ਉਹ ਵੀ ਅਜਿਹੇ ਸਮੇਂ ਜਦੋਂ ਉਹ ਗਰਭ ਅਵਸਥਾ ਦੇ ਆਖਰੀ ਦਿਨਾਂ ਵਿਚ ਸੀ।

ਦੱਸ ਦਈਏ ਕਿ ਭਾਰਤੀ ਮਹਿਲਾ ਵਿਗਿਆਨੀ (ਵਾਇਰਲੋਜਿਸਟ) ਮੀਨਲ ਦਖਾਵੇ ਭੋਸਲੇ ਨੇ ਇਕ ਟੈਸਟਿੰਗ ਕਿੱਟ ਤਿਆਰ ਕੀਤੀ ਹੈ, ਜਿਸ ਦੀ ਕੀਮਤ ਸਿਰਫ 1200 ਰੁਪਏ ਹੈ। ਜੋ ਵਿਦੇਸ਼ੀ ਕਿੱਟ ਦੀ ਤੁਲਨਾ ਵਿਚ ਕਾਫੀ ਸਸਤੀ ਹੈ। ਇਸ ਦੇ ਜ਼ਰੀਏ ਕੋਰੋਨਾ ਦੇ ਸ਼ੱਕੀ ਮਰੀਜਾਂ ਦਾ ਬਹੁਤ ਜਲਦੀ ਪਤਾ ਲੱਗ ਜਾਵੇਗਾ। ਇਸ ਮਹਿਲਾ ਵਾਇਰੋਲਾਜਿਸਟ ਨੇ ਆਪਣੇ ਬੱਚੇ ਨੂੰ ਜਨਮ ਦੇਣ ਤੋਂ ਮਹਿਜ ਕੁਝ ਹੀ ਘੰਟੇ ਪਹਿਲਾਂ ਲਗਾਤਾਰ ਕੰਮ ਕਰ ਕੇ ਭਾਰਤ ਦੀ ਪਹਿਲੀ ਵਰਕਿੰਗ ਟੈਸਟ ਕਿੱਟ ਤਿਆਰ ਕੀਤੀ ਹੈ।

ਮੀਨਲ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ ਅਤੇ ਉਨ੍ਹਾਂ ਦੀ ਟੀਮ ਨੇ 6 ਹਫਤਿਆਂ ਦੇ ਤੈਅ ਸਮੇਂ ਵਿਚ ਜਾਂਚ ਕਿੱਟ ਤਿਆਰ ਕਰ ਲਈ। ਉਹ ਪੁਣੇ ਦੀ ਮਾਈਲੈਬ ਡਿਸਕਵਰੀ 'ਚ ਇਸ ਪ੍ਰਾਜੈਕਟ 'ਤੇ ਕੰਮ ਕਰ ਰਹੇ 10 ਲੋਕਾਂ ਦੀ ਟੀਮ ਦੀ ਅਗਵਾਈ ਕਰ ਰਹੀ ਸੀ। ਓਧਰ ਕੰਪਨੀ ਦੇ ਸਹਿ-ਸੰਸਥਾਪਕ ਸ਼੍ਰੀਕਾਂਤ ਪਟੋਲੇ ਨੇ ਕਿਹਾ ਕਿ ਕਿਸੇ ਦਵਾਈ ਦੀ ਖੋਜ ਵਾਂਗ ਹੀ ਟੈਸਟ ਕਿੱਟ ਨੂੰ ਵੀ ਉੱਚ ਸਟੀਕਤਾ ਹਾਸਲ ਕਰਨ ਲਈ ਕਈ ਪਰੀਖਣਾਂ 'ਚੋਂ ਲੰਘਣਾ ਪਿਆ ਹੈ।

ਉਨ੍ਹਾਂ ਨੇ ਪ੍ਰਾਜੈਕਟ ਦੀ ਸਫਲਤਾ ਦਾ ਸਿਹਰਾ ਮੀਨਲ ਦਖਾਵੇ ਭੋਸਲੇ ਨੂੰ ਦਿੱਤਾ ਹੈ। ਮੀਨਲ ਮੁਤਾਬਕ 10 ਵਿਗਿਆਨੀਆਂ ਦੀ ਉਨ੍ਹਾਂ ਦੀ ਟੀਮ ਨੇ ਇਸ ਪ੍ਰਾਜੈਕਟ ਨੂੰ ਸਫਲ ਬਣਾਉਣ ਲਈ ਕਾਫੀ ਮਿਹਨਤ ਕੀਤੀ। ਬਜ਼ਾਰ ਵਿਚ ਇਸ ਸਮੇਂ ਜੋ ਵਿਦੇਸ਼ੀ ਟੈਸਟਿੰਗ ਕਿੱਟ ਮੌਜੂਦ ਹੈ, ਉਸ ਦੀ ਕੀਮਤ 4500 ਰੁਪਏ ਹੈ। ਉੱਥੇ ਹੀ ਜੋ ਕਿੱਟ ਅਸੀਂ ਤਿਆਰ ਕੀਤੀ ਹੈ, ਉਸ ਦੀ ਕੀਮਤ ਸਿਰਫ 1200 ਰੁਪਏ ਹੈ।

ਉਨ੍ਹਾਂ ਨੇ ਦੱਸਿਆ ਕਿ ਸਾਡੀ ਕਿੱਟ ਕੋਰੋਨਾ ਵਾਇਰਸ ਦੀ ਜਾਂਚ ਢਾਈ ਘੰਟੇ ਵਿਚ ਕਰ ਲੈਂਦੀ ਹੈ, ਜਦਕਿ ਵਿਦੇਸ਼ ਤੋਂ ਆਉਣ ਵਾਲੀ ਕਿੱਟ ਤੋਂ ਜਾਂਚ 'ਚ 6-7 ਘੰਟੇ ਲੱਗਦੇ ਹਨ। ਮੀਨਲ ਨੇ ਕਿਹਾ ਕਿ ਉਸ ਨੂੰ ਖੁਸ਼ੀ ਹੈ ਕਿ ਉਹ ਦੇਸ਼ ਲਈ ਕੁਝ ਕਰ ਸਕੀ। ਸ਼ੁੱਕਰਵਾਰ ਨੂੰ ਦੇਸ਼ ਦੇ 130 ਕਰੋੜ ਲੋਕਾਂ 'ਚੋਂ ਸਿਰਫ 27,000 ਦੀ ਹੀ ਕੋਰੋਨਾ ਵਾਇਰਸ ਲਈ ਜਾਂਚ ਹੋ ਸਕੀ।

ਮਾਹਰਾਂ ਦਾ ਕਹਿਣਾ ਹੈ ਕਿ ਵੱਡੇ ਪੱਧਰ 'ਤੇ ਜਾਂਚ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਸ ਨਾਲ ਵਾਇਰਸ ਦਾ ਛੇਤੀ ਪਤਾ ਲਗਾ ਕੇ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਦੀ ਲਪੇਟ 'ਚ ਦੁਨੀਆ ਦੇ ਕਰੀਬ 200 ਦੇਸ਼ ਆ ਚੁੱਕੇ ਹਨ। ਭਾਰਤ ਵਿਚ ਵੀ ਕੋਰੋਨਾ ਵਾਇਰਸ ਕਾਰਨ ਹੁਣ ਤਕ 900 ਤੋਂ ਜ਼ਿਆਦਾ ਲੋਕ ਪਾਜੀਟਿਵ ਪਾਏ ਗਏ ਹਨ। ਉੱਥੇ ਹੀ ਮ੍ਰਿਤਕਾਂ ਦੀ ਗਿਣਤੀ 24 ਹੋ ਗਈ ਹੈ।