ਭਾਜਪਾ ਸਾਂਸਦ ਨੂੰ ਲਏ ਬਿਨਾਂ ਹੀ ਉਡਿਆ ਹੈਲੀਕਾਪਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਪੀ ਦੇ ਕੌਸ਼ੰਬੀ 'ਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸੀ ਰਾਜਵੀਰ ਸਿੰਘ

Rajveer Singh

ਯੂਪੀ- ਚੋਣਾਂ ਵਿਚ ਕਈ ਵਾਰ ਕੁੱਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ। ਉਤਰ ਪ੍ਰਦੇਸ਼ ਵਿਚ ਭਾਜਪਾ ਦੇ ਇਕ ਸਾਂਸਦ ਨਾਲ ਵੀ ਕੁੱਝ ਅਜਿਹਾ ਹੀ ਵਾਪਰਿਆ। ਦਰਅਸਲ ਭਾਜਪਾ ਦੇ ਏਟਾ ਤੋਂ ਸਾਂਸਦ ਰਾਜਵੀਰ ਸਿੰਘ ਕੌਸ਼ੰਬੀ ਵਿਚ ਭਾਸ਼ਣ ਦੇ ਰਹੇ ਸਨ ਪਰ ਇਸ ਦੌਰਾਨ ਉਨ੍ਹਾਂ ਦਾ ਹੈਲੀਕਾਪਟਰ ਉਨ੍ਹਾਂ ਨੂੰ ਲਏ ਬਿਨਾਂ ਹੀ ਉਡ ਗਿਆ ਅਤੇ ਉਹ 10 ਮਿੰਟ-10 ਮਿੰਟ ਕਹਿੰਦੇ ਰਹਿ ਗਏ।

ਭਾਜਪਾ ਸਾਂਸਦ ਕੌਸ਼ੰਬੀ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਅਤੇ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਜਮ ਕੇ ਪ੍ਰਚਾਰ ਕਰ ਰਹੇ ਸਨ ਪਰ ਇਸ ਦੌਰਾਨ ਉਹ ਇਹ ਭੁੱਲ ਗਏ ਕਿ ਉਨ੍ਹਾਂ ਨੇ ਸਮੇਂ ਸਿਰ ਹੈਲੀਕਾਪਟਰ ਵੀ ਫੜਨਾ ਹੈ, ਭਾਵੇਂ ਕਿ ਸਾਂਸਦ ਨੂੰ ਮੰਚ 'ਤੇ ਹੈਲੀਕਾਪਟਰ ਦੇ ਉਡਾਨ ਭਰਨ ਦੀ ਸੂਚਨਾ ਵੀ ਦਿਤੀ ਗਈ ਪਰ ਉਹ ਲਗਾਤਾਰ 10 ਮਿੰਟ-10 ਮਿੰਟ ਦੀ ਰਟ ਲਗਾਈ ਜਾ ਰਹੇ ਸਨ।

ਭਾਜਪਾ ਸਾਂਸਦ ਰਾਜਵੀਰ ਸਿੰਘ ਨੂੰ ਮੰਚ ਤੋਂ ਉਤਰਨਾ ਮਨਜ਼ੂਰ ਨਹੀਂ ਸੀ ਅਤੇ ਹੈਲੀਕਾਪਟਰ ਦੇ ਪਾਇਲਟ ਨੂੰ ਦੇਰੀ। ਇਸ ਲਈ ਪਾਇਲਟ ਉਨ੍ਹਾਂ ਨੂੰ ਮੰਚ 'ਤੇ ਛੱਡ ਕੇ ਹੀ ਲਖਨਊ ਰਵਾਨਾ ਹੋ ਗਿਆ ਭਾਵੇਂ ਕਿ ਇਸ ਦੌਰਾਨ ਵੀ ਉਨ੍ਹਾਂ ਨੇ ਭਾਸ਼ਣ ਨੂੰ ਵਿਚਾਲੇ ਹੀ ਖ਼ਤਮ ਕਰ ਦਿਤਾ ਅਤੇ ਲੋਕਾਂ ਤੋਂ ਮੁਆਫ਼ੀ ਮੰਗੀ ਪਰ ਉਦੋਂ ਤਕ ਹੈਲੀਕਾਪਟਰ ਉਡਾਨ ਭਰ ਚੁੱਕਿਆ ਸੀ। ਬਾਅਦ ਵਿਚ ਉਨ੍ਹਾਂ ਨੂੰ ਸੜਕ ਰਸਤੇ ਹੀ ਲਖਨਊ ਜਾਣਾ ਪਿਆ। ਦਸ ਦਈਏ ਕਿ ਰਾਜਵੀਰ ਸਿੰਘ ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਵਰਤਮਾਨ ਵਿਚ ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦੇ ਬੇਟੇ ਹਨ।