ਕੈਨੇਡਾ 'ਚ ਭਾਰਤੀ ਵਿਦਿਆਰਥੀ ਦੀ ਡੁੱਬਣ ਕਾਰਨ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਗਰ ਕੌਂਸਲ ਅਹਿਮਦਗੜ੍ਹ ਦੇ ਪ੍ਰਧਾਨ ਸੁਰਾਜ ਮੁਹੰਮਦ ਅਤੇ ਕੌਂਸਲਰ ਈਸ਼ਾ ਮੁਹੰਮਦ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਵੱਡੇ ਭਰਾ ਸਤਾਰ ਮੁਹੰਮਦ...

Haider Ali

ਅਹਿਮਦਗੜ੍ਹ : ਨਗਰ ਕੌਂਸਲ ਅਹਿਮਦਗੜ੍ਹ ਦੇ ਪ੍ਰਧਾਨ ਸੁਰਾਜ ਮੁਹੰਮਦ ਅਤੇ ਕੌਂਸਲਰ ਈਸ਼ਾ ਮੁਹੰਮਦ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਵੱਡੇ ਭਰਾ ਸਤਾਰ ਮੁਹੰਮਦ ਦੇ ਪੁੱਤਰ ਹੈਦਰ ਅਲੀ ਦੀ ਕੈਨੇਡਾ ਵਿਚ ਸਵੀਮਿੰਗ ਪੂਲ ਵਿਚ ਡੁੱਬਣ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੁਰਾਜ ਮੁਹੰਮਦ ਨੇ ਦਸਿਆ ਕਿ ਉਨ੍ਹਾਂ ਦਾ ਭਤੀਜਾ 23 ਸਾਲਾ ਹੈਦਰ ਅਲੀ ਡੇਢ ਸਾਲ ਪਹਿਲਾਂ ਹੀ ਉੱਚ ਸਿਖਿਆ ਲਈ ਕੈਨੇਡਾ ਗਿਆ ਸੀ।

ਉਹ ਵਿਨੀਪੈਗ ਵਿਖੇ ਰਹਿ ਰਿਹਾ ਸੀ, ਦੇ ਦੋਸਤ ਨੇ ਉਨ੍ਹਾਂ ਨੂੰ ਫ਼ੋਨ 'ਤੇ ਦਸਿਆ ਕਿ ਕੁੱਝ ਦਿਨ ਪਹਿਲਾਂ ਹੈਦਰ ਅਲੀ ਅਪਣੇ ਕਿਸੇ ਦੋਸਤ ਨਾਲ ਅਪਣੇ ਰਿਹਾਇਸ਼ੀ ਅਪਾਰਟਮੈਂਟ ਨੇੜੇ ਸਥਿਤ ਸਵੀਮਿੰਗ ਪੂਲ 'ਤੇ ਗਿਆ ਸੀ ਜੋ ਕਿਸੇ ਕਾਰਨ ਸਵੀਮਿੰਗ ਪੂਲ ਵਿਚ ਡਿੱਗ ਪਿਆ। ਉਥੇ ਮੌਜੂਦ ਉਸ ਦੇ ਦੋਸਤ ਅਤੇ ਲੋਕਾਂ ਵਲੋਂ ਉਸ ਨੂੰ ਹਸਪਤਾਲ ਪਹੁੰਚਾਇਆ ਪਰ ਕੁੱਝ ਦਿਨ ਹਸਪਤਾਲ ਵਿਚ ਦਾਖ਼ਲ ਰਹਿਣ ਤੋਂ ਬਾਅਦ ਉਸ ਦੀ ਮੌਤ ਹੋ ਗਈ।

ਜ਼ਿਕਰਯੋਗ ਹੈ ਕਿ ਹੈਦਰ ਅਲੀ ਪਾਣੀ ਵਿਚ ਤੈਰਨਾ ਨਹੀਂ ਜਾਣਦਾ ਸੀ। ਇਸ ਖ਼ਬਰ ਨਾਲ ਪਰਵਾਰ ਗਹਿਰੇ ਸਦਮੇ ਵਿਚ ਹੈ ਜੋ ਅਪਣੇ ਪੁੱਤਰ ਦੀ ਮ੍ਰਿਤਕ ਦੇਹ ਦੀ ਉਡੀਕ ਵਿਚ ਹਨ। ਪਰਵਾਰ ਅਤੇ ਨਗਰ ਕੌਂਸਲ ਦੇ ਪ੍ਰਧਾਨ ਸੁਰਾਜ ਮੁਹੰਮਦ ਨੇ ਸਰਕਾਰ ਤਂੋ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਲਦੀ ਹੀ ਕੈਨੇਡਾ ਤੋਂ ਮੰਗਵਾਉਣ ਵਿਚ ਸਹਾਇਤਾ ਕੀਤੀ ਜਾਵੇ।