ਮੋਦੀ ਕੈਬਨਿਟ ਵਿਚ ਨਹੀਂ ਸ਼ਾਮਿਲ ਹੋਣਗੇ ਅਰੁਣ ਜੇਟਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਵਿਚ ਅਰੁਣ ਜੇਟਲੀ ਸ਼ਾਮਿਲ ਨਹੀਂ ਹੋਣਗੇ।

Arun Jaitley

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਵਿਚ ਅਰੁਣ ਜੇਟਲੀ ਸ਼ਾਮਿਲ ਨਹੀਂ ਹੋਣਗੇ। ਅਰੁਣ ਜੇਟਲੀ ਨੇ ਅਪਣੇ ਫੈਸਲੇ ਦੀ ਜਾਣਕਾਰੀ ਪੀਐਮ ਮੋਦੀ ਨੂੰ ਚਿੱਠੀ ਲਿਖ ਕੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਜੇਟਲੀ ਨੇ ਕਿਹਾ ਕਿ ਉਹ ਸਿਹਤ ਸਬੰਧੀ ਕਾਰਨਾਂ ਦੇ ਚਲਦਿਆਂ ਨਵੀਂ ਸਰਕਾਰ ਵਿਚ ਮੰਤਰੀ ਅਹੁਦੇ ਦੀ ਜ਼ਿੰਮੇਦਾਰੀ ਨਹੀਂ ਲੈਣਾ ਚਹੁੰਦੇ।

ਦੱਸ ਦਈਏ ਕਿ ਅਰੁਣ ਜੇਟਲੀ ਦੀ ਖਰਾਬ ਸਿਹਤ ਨੂੰ ਦੇਖਦੇ ਹੋਏ ਪਹਿਲਾਂ ਤੋਂ ਹੀ ਚਰਚਾ ਸੀ ਕਿ ਉਹ ਪੀਐਮ ਮੋਦੀ ਦੀ ਕੈਬਨਿਟ ਵਿਚ ਸ਼ਾਮਿਲ ਨਹੀਂ ਹੋਣਗੇ। ਚਿੱਠੀ ਵਿਚ ਜੇਟਲੀ ਨੇ ਲਿਖਿਆ ਹੈ ਕਿ ਪਿਛਲੇ 18 ਮਹੀਨਿਆਂ ਤੋਂ ਉਹਨਾਂ ਦੀ ਸਿਹਤ ਜ਼ਿਆਦਾ ਖਰਾਬ ਹੈ। ਉਹਨਾਂ ਨੇ ਪੀਐਮ ਮੋਦੀ ਨੂੰ ਕਿਹਾ ਕਿ ਹੁਣ ਜਦੋਂ ਉਹ ਚੋਣ ਪ੍ਰਚਾਰ ਤੋਂ ਬਾਅਦ ਕੈਦਾਰਨਾਥ ਲਈ ਨਿਕਲ ਰਹੇ ਹਨ ਤਾਂ ਉਹਨਾਂ ਨੇ ਇਹ ਜਾਣਕਾਰੀ ਦੱਸੀ।

 


 

ਉਹਨਾਂ ਕਿਹਾ ਕਿ ਉਹਨਾਂ ਨੂੰ ਸਾਰੀਆਂ ਜਿੰਮੇਵਾਰੀਆਂ ਤੋਂ ਮੁਕਤ ਕੀਤਾ ਜਾਵੇ ਤਾਂ ਜੋ ਉਹ ਅਪਣੀ ਸਿਹਤ ਵੱਲ ਧਿਆਨ ਦੇ ਸਕਣ। ਦੱਸ ਦਈਏ ਕਿ ਸਰਕਾਰ ਨੇ ਐਤਵਾਰ ਨੂੰ ਕਿਹਾ ਸੀ ਕਿ ਕੇਂਦਰੀ ਮੰਤਰੀ ਅਰੁਣ ਜੇਟਲੀ ਦੀ ਸਿਹਤ ਵਿਗੜਨ ਸਬੰਧੀ ਖਬਰਾਂ ਪੂਰੀ ਤਰ੍ਹਾਂ ਨਾਲ ਗਲਤ ਹਨ। ਸੂਤਰਾਂ ਅਨੁਸਾਰ ਅਰੁਣ ਜੇਟਲੀ ਦੇ ਸਰਕਾਰ ਦੇ ਦੂਜੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਤਰੀ ਮੰਡਲ ਦਾ ਹਿੱਸਾ ਬਣਨ ਦੀ ਸੰਭਾਵਨਾ ਨਹੀਂ ਹੈ।

ਦਰਅਸਲ ਉਹਨਾਂ ਦੀ ਖਰਾਬ ਸਿਹਤ ਕਾਰਨ ਉਹਨਾਂ ਨੂੰ ਕਦੀ ਵੀ ਇਲਾਜ ਲਈ ਅਮਰੀਕਾ ਜਾਂ ਬ੍ਰਿਟੇਨ ਜਾਣਾ ਪੈ ਸਕਦਾ ਹੈ। ਸੂਤਰਾਂ ਨੇ ਕਿਹਾ ਹੈ ਕਿ 66 ਸਾਲਾ ਜੇਟਲੀ ਬਹੁਤ ਕਮਜ਼ੋਰ ਹੋ ਗਏ ਹਨ। ਪਿਛਲੇ ਹਫਤੇ ਉਹਨਾਂ ਨੂੰ ਏਮਜ਼ ਵਿਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦਾ ਇਲਾਜ ਹੋਇਆ ਹੈ। ਸਿਹਤ ਕਾਰਨ ਉਹ ਭਾਜਪਾ ਦੀ ਜਿੱਤ ਦੇ ਜਸ਼ਨ ਵਿਚ ਵੀ ਸ਼ਾਮਿਲ ਨਹੀਂ ਹੋ ਸਕੇ ।