ਨਾਕਾਮ ਲੀਡਰਸ਼ਿਪ ਕਰ ਕੇ ਪੰਜਾਬ ਵਿਚ ਕਾਂਗਰਸ, ਮੋਦੀ ਤੇ ਬਾਦਲ ਗਠਜੋੜ ਜਿਤਿਆ : ਭੋਮਾ, ਜੰਮੂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਰਗਾੜੀ ਮੋਰਚੇ ਦੀ ਨਾਕਾਮ ਲੀਡਰਸ਼ਿਪ ਤੇ ਤੀਸਰੇ ਧਿਰ ਵਲੋਂ ਮਹਾਂਗਠਬੰਧਨ ਨਾ ਬਣਾਉਣ ਕਾਰਨ 

Pic

ਅੰਮ੍ਰਿਤਸਰ : ਪੰਜਾਬ ਦੇ ਲੋਕ ਕੈਪਟਨ ਅਤੇ ਬਾਦਲ ਪਰਵਾਰ ਦੇ ਆਪਸੀ ਸਮਝੌਤੇ ਨੂੰ ਭਲੀ ਭਾਂਤ ਸਮਝ ਚੁਕੇ ਹਨ। ਪਰ ਬਰਗਾੜੀ ਇਨਸਾਫ਼ ਮੋਰਚੇ ਦੀ ਵਿਕਾਊ ਲੀਡਰਸ਼ਿਪ ਵਲੋਂ ਮਿਲੇ ਵੱਡੇ ਧੋਖੇ ਅਤੇ ਤੀਸਰੇ ਧਿਰ ਦੀਆਂ ਪਾਰਟੀਆਂ ਦੇ ਪ੍ਰਧਾਨਾਂ ਵਲੋਂ ਹੰਕਾਰੀ ਹੋ ਕੇ ਮਹਾਂਗਠਬੰਧਨ ਨਾ ਕਰ ਸਕਣ ਕਾਰਨ, ਪੰਜਾਬੀਆਂ ਖ਼ਾਸ ਕਰ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਅਤੇ ਉਨ੍ਹਾਂ ਨਿਰਾਸ਼ ਦਿਲ ਨਾਲ ਮੁੜ ਕਾਂਗਰਸ ਨੂੰ ਚੁਣ ਲਿਆ ਕਿਉਂਕਿ ਪੰਜਾਬ ਦੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਬਾਦਲਾਂ ਨੂੰ ਵੋਟਾਂ ਨਹੀਂ ਪਾਉਣੀਆਂ ਚਾਹੁੰਦੇ ਸਨ ਸਗੋਂ ਪੰਜਾਬ ਦੇ ਲੋਕ ਪੰਜਾਬ ਵਿਚ ਇਸ ਵਾਰ 1989 ਵਾਂਗ ਤੀਸਰੀ ਧਿਰ ਨੂੰ ਜਿਤਾਉਣਾ ਚਾਹੁੰਦੇ ਸਨ ਪਰ ਤੀਸਰੀ ਧਿਰ ਦੀਆਂ ਨਲਾਇਕੀਆਂ ਕਾਰਨ ਪੰਜਾਬੀ ਅਪਣੇ ਚਾਅ ਪੂਰੇ ਨਹੀਂ ਕਰ ਸਕੇ। 

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਦੋ ਸੀਟਾਂ ਬਾਦਲਾਂ ਅਤੇ ਦੋ ਭਾਰਤੀ ਜਨਤਾ ਪਾਰਟੀ ਨੂੰ ਤੋਹਫ਼ੇ ਵਿਚ ਦੇਣ ਵਿਚ ਸਫ਼ਲ ਹੋ ਗਏ ਹਨ, ਨਾਲੇ ਕੈਪਟਨ ਸਾਹਿਬ ਅਪਣੇ ਕਾਂਗਰਸ ਵਿਚਲੇ ਵਿਰੋਧੀਆਂ ਦਾ ਕੰਡਾ ਕੱਢਣ ਵਿਚ ਵੀ ਸਫ਼ਲ ਹੋ ਗਏ। ਪੰਜਾਬ ਦੇ ਲੋਕ ਸਭਾ ਚੋਣ ਨਤੀਜਿਆਂ ਦਾ ਗੰਭੀਰ ਮੰਥਨ ਕਰਨ ਉਪਰੰਤ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ. ਮਨਜੀਤ ਸਿੰਘ ਭੋਮਾ ਅਤੇ ਮੁੱਖ ਸਲਾਹਕਾਰ ਸ੍ਰ: ਸਰਬਜੀਤ ਸਿੰਘ ਜੰਮੂ ਨੇ ਇਹ ਵਿਚਾਰ ਇਕ ਸਾਂਝੇ ਪ੍ਰੈਸ ਬਿਆਨ ਰਾਹੀਂ ਪ੍ਰਗਟ ਕੀਤੇ।

ਫ਼ੈਡਰੇਸ਼ਨ ਨੇਤਾਵਾਂ ਨੇ ਕਿਹਾ ਕਿ ਅਕਾਲੀ ਦਲ ਬਾਦਲ ਅਪਣੀ ਲੋਕਪ੍ਰਿਯਤਾ, ਖਡੂਰ ਸਾਹਿਬ, ਫ਼ਤਿਹਗੜ੍ਹ ਸਾਹਿਬ ਅਤੇ ਅਨੰਦਪੁਰ ਸਾਹਿਬ ਵਰਗੀਆਂ ਪੰਥਕ ਸੀਟਾਂ ਵੱਡੇ ਫ਼ਰਕ ਨਾਲ ਹਾਰ ਕੇ ਖ਼ਤਮ ਕਰ ਬੈਠਾ ਹੈ। ਬਾਦਲਾਂ ਨੂੰ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਧਨਵਾਦ ਕਰਨਾ ਚਾਹੀਦਾ ਹੈ ਜਿਸ ਨੇ ਦੋ ਸੀਟਾਂ ਉਨ੍ਹਾਂ ਨੂੰ ਤੋਹਫ਼ੇ ਵਿਚ ਦਿਤੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਬਾਦਲ ਅਪਣੀ ਲੋਕਪ੍ਰਿਯਤਾ ਨਾਲ ਜਿਤਦੇ ਤਾਂ ਬਾਕੀ ਸਾਰਾ ਪੰਜਾਬ ਕਿਉਂ ਹਾਰਦਾ। ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੇ ਸ਼ਹਿਰੀ ਹਿੰਦੂਆਂ ਨੇ ਬਾਦਲ ਦਲ ਨੂੰ ਵੋਟਾਂ ਪਾਈਆਂ ਹਨ ਅਤੇ ਸਿੱਖਾਂ ਨੇ ਬਾਦਲਾਂ ਵਿਰੁਧ ਪੰਜਾਬ ਵਿਚ ਖੁਲ੍ਹੀ ਬਗ਼ਾਵਤ ਕਰ ਦਿਤੀ ਹੈ। ਉਨ੍ਹਾਂ ਕਿਹਾ ਬਾਦਲ ਪੰਜਾਬ ਦੀਆਂ 117 ਸੀਟਾਂ ਵਿਚੋਂ 17 ਹਲਕਿਆਂ ਵਿਚ ਹੀ ਲੀਡ ਲੈ ਸਕੇ ਹਨ, ਬਾਕੀ 100 ਹਲਕੇ ਬੁਰੀ ਤਰ੍ਹਾਂ ਨਾਲ ਹਾਰ ਗਏ ਹਨ। 

ਤੀਸਰੇ ਧਿਰ ਦੀਆਂ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਸ਼ੇਖਚਿਲੀ ਵਾਂਗ ਅਪਣੇ ਆਪ ਨੂੰ ਪੰਜਾਬ ਦਾ ਸੰਭਾਵੀ ਮੁੱਖ ਮੰਤਰੀ ਸਮਝੀ ਬੈਠੇ ਸਨ ਜਿਸ ਕਾਰਨ ਉਹ ਲੋਕਾਂ ਦੀਆਂ ਭਾਵਨਾਵਾਂ ਮੁਤਾਬਕ ਮਹਾਂਗਠਬੰਧਨ ਨਾ ਬਣਾ ਸਕੇ ਅਤੇ ਜਵਾਬ ਵਿਚ ਸਿੱਖਾਂ ਨੇ ਉਹ ਸਾਰੇ ਪ੍ਰਧਾਨ ਇਕ ਵਾਰ ਸੜਕ 'ਤੇ ਬਿਠਾ ਦਿਤੇ ਹਨ।  ਆਮ ਆਦਮੀ ਪਾਰਟੀ ਸਮੇਤ ਸਾਰੀਆਂ ਪਾਰਟੀਆਂ ਗੁਰੂ ਗੰ੍ਰਥ ਸਾਹਿਬ ਅਤੇ ਪੰਥ ਦੀ ਵੀਚਾਰਧਾਰਾ ਨਾਲ ਖੜੀਆਂ ਪੰਥਕ ਧਿਰਾਂ ਦੀਆਂ ਵੋਟਾਂ ਤਾਂ ਹਾਸਲ ਕਰਨਾ ਚਾਹੁੰਦੀਆਂ ਸਨ, ਪਰ ਉਨ੍ਹਾਂ ਨੂੰ ਰਾਜਸੀ ਸੱਤਾ ਵਿਚ ਕਿਸੇ ਵੀ ਕੀਮਤ ਤੇ ਹਿੱਸੇਦਾਰ ਨਹੀਂ ਸੀ ਬਣਾਉਣਾ ਚਾਹੁੰਦੀਆਂ। ਉਨ੍ਹਾਂ ਸਪੱਸ਼ਟ ਕਿਹਾ, ਤੀਸਰਾ ਮੋਰਚਾ ਵੀ ਮੋਦੀ, ਕੈਪਟਨ, ਬਾਦਲ ਵਾਂਗ ਪੰਥਕ ਸੋਚ ਮਾਰਨਾ ਚਾਹੁੰਦਾ ਹੈ।

ਉਨ੍ਹਾਂ ਕਿਹਾ ਜੇਕਰ ਮੋਦੀ ਕੱਟੜ ਹਿੰਦੂ ਵਿਚਾਰਧਾਰਾ ਅਪਣਾ ਕੇ ਦੇਸ਼ 'ਤੇ ਰਾਜ ਕਰ ਸਕਦਾ ਹੈ ਤਾਂ ਤੀਸਰਾ ਮੋਰਚਾ ਪੰਥਕ ਸੋਚ ਅਪਣਾ ਕੇ ਪੰਜਾਬ 'ਤੇ ਰਾਜ ਕਿਉਂ ਨਹੀਂ ਕਰ ਸਕਦਾ? ਅਜਿਹੀ ਸੋਚ ਅਪਣਾਉਣ ਨਾਲ ਸੈਕੂਲਰ ਹਿੰਦੂ ਤੇ ਦਲਿਤ ਵੀ ਤੀਸਰੇ ਮੋਰਚੇ ਦੀ ਪਿੱਠ 'ਤੇ ਆ ਖੜਾ ਹੋਵੇਗਾ। ਫ਼ੈਡਰੇਸ਼ਨ ਨੇਤਾਵਾਂ ਕਿਹਾ ਕਿ ਪੰਜਾਬੀਆਂ ਦੇ ਦਿਲਾਂ ਵਿਚ ਗੁਰੂ ਗੰ੍ਰਥ ਸਾਹਿਬ ਤੇ ਪੰਥ ਦੀ ਵਿਚਾਰਧਾਰਾ ਧੜਕਦੀ ਹੈ। ਇਥੇ ਜੋ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀਆਂ ਦੇ ਦੋਸ਼ੀਆਂ ਤੇ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ, ਪੰਜਾਬ ਦੀ ਕਿਰਸਾਨੀ, ਜਵਾਨੀ ਤੇ ਪੰਥ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਸਾਰਥਿਕਤਾ ਅਤੇ ਦ੍ਰਿੜਤਾ ਨਾਲ ਗੁਰੂ ਗੰ੍ਰਥ ਸਾਹਿਬ ਦੀ ਵਿਚਾਰਧਾਰਾ ਤੇ ਪਹਿਰਾ ਦਿੰਦੇ ਹੋਏ ਸ਼ਾਂਤਮਈ ਸੰਘਰਸ਼ ਦੇ ਰਾਹ ਤੁਰੇਗਾ, ਉਸ ਨੂੰ ਪੰਜਾਬੀ ਅਤੇ ਪੰਥ ਪੰਜਾਬ ਦੀ ਰਾਜਸੱਤਾ 'ਤੇ ਬਿਠਾਏਗਾ।