ਸਕੂਲ 'ਚ 4 ਸਾਲਾ ਮਾਸੂਮ ਬੱਚੀ ਨਾਲ ਹੋਇਆ ਬਲਾਤਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਹਿਰ ਵਾਸੀਆਂ ਨੇ ਥਾਣੇ ਅੱਗੇ ਧਰਨਾ ਲਗਾ ਕੇ ਕੀਤਾ ਜ਼ਬਰਦਸਤ ਰੋਸ ਪ੍ਰਦਰਸ਼ਨ

Pic

ਧੂਰੀ : ਧੂਰੀ ਵਿਖੇ ਸ਼ਹਿਰ ਦੇ ਬਿਲਕੁੱਲ ਵਿਚਕਾਰ ਸਥਿਤ ਇਕ ਨਾਮੀ ਸਿਖਿਆ ਸੰਸਥਾ ਦੀ ਕਿਡਜ਼ ਬ੍ਰਾਂਚ ਵਿਚ ਪੜ੍ਹਦੀ ਕਰੀਬ 4 ਸਾਲਾਂ ਦੀ ਮਾਸੂਮ ਬੱਚੀ ਨਾਲ ਸਕੂਲ ਬੱਸ ਦੇ ਇਕ ਕੰਡਕਟਰ ਵਲੋਂ ਸਕੂਲ ਵਿਚ ਜ਼ਬਰ-ਜਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਵਿਚ ਅੱਗ ਵਾਂਗ ਫੈਲੀ ਇਸ ਖ਼ਬਰ ਤੋਂ ਬਾਅਦ ਗੁੱਸੇ ਵਿਚ ਆਏ ਹੋਏ ਲੋਕਾਂ ਨੇ ਅੱਜ ਸਵੇਰੇ ਸਿਵਲ ਹਸਪਤਾਲ ਧੂਰੀ ਵਿਖੇ ਪਹੁੰਚ ਕੇ ਦੋਸ਼ੀ ਵਿਅਕਤੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰਦਿਆਂ ਸਕੂਲ ਮੈਨੇਜਮੈਂਟ, ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਿਰੁਧ ਜੰਮ ਕੇ ਨਾਹਰੇਬਾਜ਼ੀ ਕੀਤੀ।

ਉਸ ਉਪਰੰਤ ਸ਼ਹਿਰ ਨਿਵਾਸੀਆਂ ਨੇ ਮੁਕੰਮਲ ਬਾਜ਼ਾਰ ਬੰਦ ਕਰਵਾ ਕੇ ਥਾਣੇ ਅੱਗੇ ਧਰਨਾ ਦੇਣਾ ਸ਼ੁਰੂ ਕਰ ਦਿਤਾ। ਰੋਹ ਵਿਚ ਆਏ ਲੋਕਾਂ ਨੇ ਸਕੂਲ ਨੂੰ ਜਿੰਦਰਾ ਲਗਾ ਦਿਤਾ ਅਤੇ ਸਕੂਲ ਅੱਗੇ ਪੁਲਿਸ ਦਾ ਪਹਿਰਾ ਲੱਗਾ ਹੋਇਆ ਹੈ। ਜਾਣਕਾਰੀ ਅਨੁਸਾਰ ਧੂਰੀ ਦੀ ਇਕ ਬੱਚੀ ਸਕੂਲ ਦੀ ਕਿਡਜ਼ ਬ੍ਰਾਂਚ ਵਿਖੇ ਪੜ੍ਹਦੀ ਹੈ। ਬੀਤੇ ਕਲ ਸਕੂਲ ਵਿਚ ਪੈਰੇਂਟਸ-ਟੀਚਰ ਮੀਟਿੰਗ ਰੱਖੀ ਗਈ ਸੀ ਅਤੇ ਬੱਚੀ ਸਕੂਲ ਵਿਖੇ ਖੇਡ ਰਹੀ ਸੀ। ਇਸੇ ਦੌਰਾਨ ਸਕੂਲ ਬੱਸ ਦੇ ਇਕ ਕੰਡਕਟਰ ਨੇ ਬੱਚੀ ਨੂੰ ਵਰਗਲਾ ਕੇ ਉਸ ਨਾਲ ਜਬਰ-ਜਿਨਾਹ ਦੀ ਕੋਸ਼ਿਸ਼ ਨੂੰ ਅੰਜਾਮ ਦਿਤਾ।

ਇਸ ਮਾਮਲੇ ਦਾ ਪਤਾ ਲੱਗਣ 'ਤੇ ਸਕੂਲ ਮੈਨੇਜਮੈਂਟ ਦੇ ਪ੍ਰਬੰਧਕ ਇਸ ਮਾਮਲੇ ਨੂੰ ਦਬਾਉਣ ਲਈ ਬੱਚੀ ਦੇ ਮਾਪਿਆਂ 'ਤੇ ਦਬਾਅ ਪਾਉਂਦੇ ਰਹੇ। ਜਦੋਂ ਬੱਚੀ ਦੇ ਮਾਂ-ਬਾਪ ਵਲੋਂ ਬੱਚੀ ਦਾ ਮੈਡੀਕਲ ਚੈੱਕਅਪ ਕਰਵਾਉਣ ਲਈ ਉਸ ਨੂੰ ਸਿਵਲ ਹਸਪਤਾਲ ਧੂਰੀ ਵਿਖੇ ਲਿਜਾਇਆ ਗਿਆ ਤਾਂ ਇਸ ਘਟਨਾ ਦੀ ਖ਼ਬਰ ਸ਼ਹਿਰ ਵਿਚ ਅੱਗ ਵਾਂਗ ਫੈਲ ਗਈ ਅਤੇ ਹਸਪਤਾਲ ਵਿੱਚ ਇਕੱਠੇ ਹੋਏ ਲੋਕਾਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਿਰੁਧ ਜੰਮ ਕੇ ਨਾਹਰੇਬਾਜ਼ੀ ਕਰਦਿਆਂ ਸਕੂਲ ਮੈਨੇਜਮੈਂਟ ਦੇ ਪ੍ਰਬੰਧਕਾਂ ਅਤੇ ਦੋਸ਼ੀ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।

ਸਿਵਲ ਹਸਪਤਾਲ ਵਿਖੇ ਪਹੁੰਚੇ ਡੀ.ਐਸ.ਪੀ. ਸ਼੍ਰੀ ਮੋਹਿਤ ਅੱਗਰਵਾਲ, ਇੰਸਪੈਕਟਰ ਹਰਵਿੰਦਰ ਸਿੰਘ ਖਹਿਰਾ ਅਤੇ ਐਸ.ਐਚ.ਓ. ਸਿਟੀ ਧੂਰੀ ਹੈਰੀ ਬੋਪਾਰਾਏ ਨੇ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਿਆਂ ਦੋਸ਼ੀ ਵਿਅਕਤੀ ਵਿਰੁਧ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ। ਇਸ ਉਪਰੰਤ ਦੁਕਾਨਦਾਰਾਂ ਨੇ ਅਪਣੀਆਂ ਦੁਕਾਨਾਂ ਬੰਦ ਕਰ ਕੇ ਥਾਣੇ ਦਾ ਘਿਰਾਉ ਕਰਦੇ ਹੋਏ ਸਕੂਲ ਮੈਨੇਜਮੈਂਟ ਅਤੇ ਦੋਸ਼ੀ ਵਿਅਕਤੀ ਨੂੰ ਲੋਕਾਂ ਦੇ ਹਵਾਲੇ ਕਰਨ ਦੀ ਮੰਗ ਕਰਦਿਆਂ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ।

ਇਸ ਮੌਕੇ ਡੀ.ਐਸ.ਪੀ. ਧੂਰੀ ਮੋਹਿਤ ਅੱਗਰਵਾਲ ਨੇ ਥਾਣਾ ਸਿਟੀ ਧੂਰੀ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਬੱਚੀ ਨਾਲ ਹੋਏ ਜਬਰ-ਜਿਨਾਹ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਵਿਚ ਸ਼ੱਕ ਦੇ ਆਧਾਰ 'ਤੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਦੀ ਪੁੱਛਗਿੱਛ ਜਾਰੀ ਹੈ। ਇਸ ਦੇ ਬਾਵਜੂਦ ਵੀ ਲੋਕਾਂ ਨੇ ਡੀ.ਐਸ.ਪੀ. ਧੂਰੀ ਅੱਗੇ ਇਸ ਮਾਮਲੇ ਵਿਚ ਸਕੂਲ ਦੇ ਪ੍ਰਬੰਧਕਾਂ ਵਿਰੁਧ ਵੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਰੱਖ ਦਿਤੀ।

ਖ਼ਬਰ ਲਿਖੇ ਜਾਣ ਤਕ ਇਸ ਮਾਮਲੇ ਨੂੰ ਲੈ ਕੇ ਲੋਕਾਂ ਦਾ ਰੋਸ ਠੰਡਾ ਨਹੀਂ ਸੀ ਹੋਇਆ ਅਤੇ ਸ਼ਹਿਰ ਨਿਵਾਸੀਆਂ ਵਲੋਂ ਥਾਣੇ ਅੱਗੇ ਧਰਨਾ ਜਾਰੀ ਸੀ।  ਘਟਨਾ ਦਾ ਪਤਾ ਲਗਦਿਆਂ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵਿਧਾਇਕ ਹਰਪਾਲ ਸਿੰਘ ਚੀਮਾ, ਸਾਬਕਾ ਵਿਧਾਇਕ ਧਨਵੰਤ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਜੱਥੇਦਾਰ ਭੁਪਿੰਦਰ ਸਿੰਘ ਭਲਵਾਨ ਅਤੇ 'ਆਪ' ਆਗੂ ਡਾ. ਅਨਵਰ ਭਸੌੜ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਲੋਕਾਂ ਨੂੰ ਇਨਸਾਫ਼ ਦਿਵਾਉਣ ਦਾ ਵਿਸ਼ਵਾਸ ਦਿਵਾਉਂਦਿਆਂ ਪੁਲਿਸ ਪ੍ਰਸ਼ਾਸਨ ਨੂੰ ਦੋਸ਼ੀ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ।