PM ਮੋਦੀ ਨੂੰ 30 ਮਿੰਟ ਇੰਤਜ਼ਾਰ ਕਰਵਾਉਣ 'ਤੇ ਮਮਤਾ ਦਾ ਬਿਆਨ, 'ਮੈਨੂੰ ਖੁਦ ਇੰਤਜ਼ਾਰ ਕਰਵਾਇਆ ਗਿਆ'
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੀਟਿੰਗ ਵਿਚ 30 ਮਿੰਟ ਇੰਤਜ਼ਾਰ ਕਰਵਾਉਣ ਦੇ ਆਰੋਪਾਂ ’ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਜਵਾਬ ਦਿੱਤਾ ਹੈ।
ਕੋਲਕਾਤਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੀਟਿੰਗ ਵਿਚ 30 ਮਿੰਟ ਇੰਤਜ਼ਾਰ ਕਰਵਾਉਣ ਦੇ ਆਰੋਪਾਂ ’ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਜਵਾਬ ਦਿੱਤਾ ਹੈ। ਉਹਨਾਂ ਕਿਹਾ ਕਿ ਏਟੀਸੀ (ATC) ਨੇ ਪ੍ਰਧਾਨ ਮੰਤਰੀ ਦਾ ਹੈਲੀਕਾਪਟਰ ਲੈਂਡ ਹੋਣ ਕਾਰਨ ਮੈਨੂੰ 20 ਮਿੰਟ ਦੀ ਦੇਰੀ ਨਾਲ ਸਾਗਰ ਦੀਪ ਤੋਂ ਕਲਾਈ ਕੁੰਡਾ ਲਈ ਰਵਾਨਾ ਹੋਣ ਲਈ ਕਿਹਾ ਸੀ।
ਉਸ ਤੋਂ ਬਾਅਦ ਕਲਾਈ ਕੁੰਡਾ ਵਿਚ ਵੀ ਕਰੀਬ 15 ਮਿੰਟ ਬਾਅਦ ਹੈਲੀਕਾਪਟਰ ਲੈਂਡਿੰਗ ਦੀ ਮਨਜ਼ੂਰੀ ਮਿਲੀ। ਉਦੋਂ ਤੱਕ ਪ੍ਰਧਾਨ ਮੰਤਰੀ ਪਹੁੰਚ ਗਏ ਸੀ। ਮੈਂ ਉੱਥੇ ਜਾ ਕੇ ਉਹਨਾਂ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਪਰ ਕਾਫੀ ਇੰਤਜ਼ਾਰ ਤੋਂ ਬਾਅਦ ਮੈਨੂੰ ਮਿਲਣ ਦਿੱਤਾ ਗਿਆ। ਮਮਤਾ ਨੇ ਕਿਹਾ ਕਿ ਪਹਿਲਾਂ ਸਮੀਖਿਆ ਬੈਠਕ ਪ੍ਰਧਾਨ ਮੰਤਰੀ ਅਤੇ ਮੁੱਖ ਮੰਤੀਰ ਵਿਚਾਲੇ ਹੋਣੀ ਸੀ।
ਇਸ ਲਈ ਮੈਂ ਅਪਣੇ ਦੌਰੇ ਵਿਚ ਕਟੌਤੀ ਕੀਤੀ ਅਤੇ ਕਲਾਈ ਕੁੰਡਾ ਜਾਣ ਦਾ ਪ੍ਰੋਗਰਾਮ ਬਣਾਇਆ। ਬਾਅਦ ਵਿਚ ਬੈਠਕ ਲਈ ਬੁਲਾਏ ਗਏ ਲੋਕਾਂ ਦੀ ਸੋਧ ਕੀਤੀ ਸੂਚੀ ਵਿਚ ਰਾਜਪਾਲ, ਕੇਂਦਰੀ ਮੰਤਰੀਆਂ ਅਤੇ ਵਿਰੋਧੀ ਧਿਰ ਦੇ ਨੇਤਾ ਦਾ ਨਾਂਅ ਵੀ ਸ਼ਾਮਲ ਕੀਤਾ ਗਿਆ। ਇਸ ਲਈ ਮੈਂ ਬੈਠਕ ਵਿਚ ਹਿੱਸਾ ਨਹੀਂ ਲਿਆ। ਮਮਤਾ ਨੇ ਕਿਹਾ ਕਿ ਗੁਜਰਾਤ ਅਤੇ ਓਡੀਸ਼ਾ ਵਿਚ ਤਾਂ ਅਜਿਹੀਆਂ ਬੈਠਕਾਂ ਵਿਚ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਨਹੀਂ ਬੁਲਾਇਆ ਗਿਆ ਸੀ।
ਮਮਤਾ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਹਮੇਸ਼ਾਂ ਹੀ ਟਕਰਾਅ ਦੇ ਮੂਡ ਵਿਚ ਰਹਿੰਦੇ ਹਨ। ਚੋਣ ਨਤੀਜਿਆਂ ਤੋਂ ਬਾਅਦ ਵੀ ਰਾਜਪਾਲ ਅਤੇ ਹੋਰ ਨੇਤਾ ਲਗਾਤਾਰ ਹਮਲਾਵਰ ਮੂਡ ਵਿਚ ਹਨ। ਦੱਸ ਦਈਏ ਕਿ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੱਕਰਵਾਤ 'ਯਾਸ' ਨਾਲ ਪ੍ਰਭਾਵਤ ਹੋਏ ਇਲਾਕਿਆਂ ਵਿਚ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਰਾਹਤ ਕਾਰਜਾਂ ਲਈ ਇਕ ਹਜ਼ਾਰ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਤੁਰੰਤ ਜਾਰੀ ਕਰਨ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਪਛਮੀ ਬੰਗਾਲ ਦੇ ਪ੍ਰਭਾਵਤ ਇਲਾਕਿਆਂ ਦਾ ਹਵਾਈ ਸਰਵੇਖਣ ਵੀ ਕੀਤਾ।