ਭਾਰੀ ਮੀਂਹ ਨੇ ਰੋਕੀ ਅਮਰਨਾਥ ਯਾਤਰਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਸ਼ਮੀਰ ਵਿਚ ਪੈ ਰਹੇ ਭਾਰੀ ਮੀਂਹ ਕਾਰਨ ਪਹਿਲਗਾਮ ਅਤੇ ਬਾਲਟਾਲ ਦੇ ਕੈਂਪਾਂ ਤੋਂ ਅਮਰਨਾਥ ਯਾਤਰਾ ਦੀ ਸ਼ੁਰੂਆਤ ਕਰਨ......

Amarnath Temple

ਸ੍ਰੀਨਗਰ: ਕਸ਼ਮੀਰ ਵਿਚ ਪੈ ਰਹੇ ਭਾਰੀ ਮੀਂਹ ਕਾਰਨ ਪਹਿਲਗਾਮ ਅਤੇ ਬਾਲਟਾਲ ਦੇ ਕੈਂਪਾਂ ਤੋਂ ਅਮਰਨਾਥ ਯਾਤਰਾ ਦੀ ਸ਼ੁਰੂਆਤ ਕਰਨ ਵਿਚ ਦੇਰੀ ਹੋ ਰਹੀ ਹੈ। ਅਮਰਨਾਥ ਸ਼੍ਰਾਈਨ ਬੋਰਡ ਦੇ ਬੁਲਾਰੇ ਨੇ ਦਸਿਆ ਕਿ ਬਾਰਸ਼ ਕਾਰਨ ਪਹਿਲਗਾਮ ਜਾਂ ਬਾਲਟਾਲ ਤੋਂ ਯਾਤਰਾ ਸ਼ੁਰੂ ਨਹੀਂ ਹੋਈ। ਉਨ੍ਹਾਂ ਕਿਹਾ ਕਿ ਮੌਸਮ ਠੀਕ ਹੋਣ ਅਤੇ ਰਸਤਾ ਸੁਰੱਖਿਅਤ ਹੋਣ ਤੋਂ ਬਾਅਦ ਹੀ ਯਾਤਰਾ ਸ਼ੁਰੂ ਹੋਵੇਗੀ। ਸਖ਼ਤ ਸੁਰੱਖਿਆ 'ਚ ਕਰੀਬ 3 ਹਜ਼ਾਰ ਤੀਰਥ ਯਾਤਰੀਆਂ ਦਾ ਪਹਿਲਾ ਜਥਾ ਜੰਮੂ ਤੋਂ ਰਵਾਨਾ ਹੋ ਕੇ ਕਲ ਸ਼ਾਮ ਕਸ਼ਮੀਰ ਦੇ ਬਾਲਟਾਲ ਅਤੇ ਪਹਿਲਗਾਮ ਕੈਂਪਾਂ ਵਿਚ ਪਹੁੰਚਿਆ। (ਪੀਟੀਆਈ)

ਅਧਿਕਾਰੀਆਂ ਨੇ ਦਸਿਆ ਕਿ ਪਹਿਲੇ ਜਥੇ ਵਿਚ 1904 ਲੋਕ ਰਵਾਇਤੀ ਪਹਿਲਗਾਮ ਦੇ ਰਸਤੇ ਜਦਕਿ ਬਾਕੀ 1091 ਲੋਕ ਬਾਲਟਾਲ ਦੇ ਰਸਤੇ ਅਮਰਨਾਥ ਗੁਫ਼ਾ ਦੇ ਦਰਸ਼ਨ ਲਈ ਜਾਣਗੇ। ਜਥੇ ਵਿਚ 2334 ਪੁਰਸ਼, 520 ਔਰਤਾਂ, 21 ਬੱਚੇ ਅਤੇ 120 ਸਾਧੂ ਹਨ।  ਅਮਰਨਾਥ ਯਾਤਰਾ 'ਤੇ ਅਤਿਵਾਦੀ ਹਮਲੇ ਦਾ ਡਰ ਹਰ ਸਾਲ ਰਹਿੰਦਾ ਹੈ ਪਰ ਇਸ ਵਾਰ ਵੱਖਵਾਦੀਆਂ ਵਲੋਂ ਯਾਤਰਾ ਦੇ ਸਮੇਂ ਨੂੰ ਘੱਟ ਕਰਨ ਦੀ ਮੰਗ ਕਰਦਿਆਂ ਵਿਰੋਧ ਕੀਤਾ ਜਾ ਰਿਹਾ ਹੈ, ਇਸ ਲਈ ਪੱਥਰਬਾਜ਼ਾਂ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ। (ਏਜੰਸੀ)