ਅਤਿਵਾਦੀਆਂ ਦੀ ਪਨਾਹਗਾਹ ਨਾ ਬਣੇ ਪਾਕਿਸਤਾਨ : ਹੇਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੰਯੁਕਤ ਰਾਸ਼ਟਰ ਵਿਚ ਅਮਰੀਕੀ ਰਾਜਦੂਤ ਨਿੱਕੀ ਹੇਲੀ ਨੇ ਕਿਹਾ ਕਿ ਪਾਕਿਸਤਾਨ ਦਾ ਅਤਿਵਾਦੀ ਜਥੇਬੰਦੀਆਂ ਦੀ ਪਨਾਹਗਾਹ

Nikki Haley

ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਵਿਚ ਅਮਰੀਕੀ ਰਾਜਦੂਤ ਨਿੱਕੀ ਹੇਲੀ ਨੇ ਕਿਹਾ ਕਿ ਪਾਕਿਸਤਾਨ ਦਾ ਅਤਿਵਾਦੀ ਜਥੇਬੰਦੀਆਂ ਦੀ ਪਨਾਹਗਾਹ ਬਣਨਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਅਮਰੀਕਾ ਨੇ ਪਹਿਲਾਂ ਹੀ ਇਸਲਾਮਾਬਾਦ ਨੂੰ ਇਹ ਸੁਨੇਹਾ ਦੇ ਦਿਤਾ ਹੈ। ਉਨ੍ਹਾਂ ਇਥੇ ਕਿਹਾ, 'ਅਤਿਵਾਦੀਆਂ ਨੂੰ ਪਨਾਹ ਦੇਣ ਵਾਲਿਆਂ ਪ੍ਰਤੀ ਅਸੀਂ ਅੱਖਾਂ ਬੰਦ ਨਹੀਂ ਕਰ ਸਕਦੇ, ਪਾਕਿਸਤਾਨ ਨੂੰ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। 

ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਅਤੇ ਅਮਰੀਕਾ ਨੂੰ ਅਤਿਵਾਦ ਵਿਰੁਧ ਲੜਾਈ ਵਿਚ ਵਿਸ਼ਵ ਅਗਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਦੇਸ਼ ਮਿਲ ਕੇ ਅਜਿਹਾ ਕਰ ਸਕਦੇ ਹਨ ਅਤੇ ਜ਼ਰੂਰੀ ਹੀ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਵੱਖ ਵੱਖ ਮੁੱਦਿਆਂ 'ਤੇ ਅਪਣੀ ਰਾਏ ਰੱਖੀ। ਉਨ੍ਹਾਂ ਕਿਹਾ ਕਿ ਧਰਮ ਦੀ ਆਜ਼ਾਦੀ ਬੇਹੱਦ ਅਹਿਮ ਹੈ ਅਤੇ ਸਾਡੇ ਵਰਗੇ ਦੇਸ਼ ਨੂੰ ਸਹਿਣਸ਼ੀਲਤਾ ਜ਼ਰੀਏ ਹੀ ਇਕਜੁਟ ਰਖਿਆ ਜਾ ਸਕਦਾ ਹੈ। ਚੀਨ ਬਾਰੇ ਉਨ੍ਹਾਂ ਕਿਹਾ ਕਿ ਇਹ ਦੇਸ਼ ਅਹਿਮ ਹੈ ਪਰ ਉਸ ਨੇ ਇਸ ਤੱਥ 'ਤੇ ਗ਼ੌਰ ਕੀਤਾ ਕਿ ਖੇਤਰ ਵਿਚ ਉਸ ਦਾ ਵਿਸਤਾਰ ਅਮਰੀਕਾ ਅਤੇ ਕਈ ਹੋਰ ਦੇਸ਼ਾਂ ਲਈ ਚਿੰਤਾ ਦਾ ਵਿਸ਼ਾ ਹੈ

ਕਿਉਂਕਿ ਬੀਜਿੰਗ ਜਮਹੂਰੀ ਕਦਰਾਂ-ਕੀਮਤਾਂ ਨੂੰ ਸਾਂਝਾ ਨਹੀਂ ਕਰਦਾ। ਹੇਲੀ ਨੇ ਕਿਹਾ ਕਿ ਅਮਰੀਕਾ ਪਰਮਾਣੂ ਸਪਲਾਈਕਰਤਾ ਸਮੂਹ ਯਾਨੀ ਐਨਐਸਜੀ ਵਿਚ ਭਾਰਤ ਦੀ ਮੈਂਬਰੀ ਦਾ ਸਮਰਥਨ ਕਰਦਾ ਹੈ ਕਿਉਂਕਿ ਇਹ ਅਜਿਹਾ ਪਰਮਾਣੂ ਹਥਿਆਰ ਸੰਪੰਨ ਦੇਸ਼ ਹੈ ਜਿਸ ਦਾ ਕਾਫ਼ੀ ਸਤਿਕਾਰ ਹੈ। ਹੇਲੀ ਆਬਜ਼ਰਵਰ ਰਿਸਰਚ ਫ਼ਾਊਂਡੇਸ਼ਨ ਦੇ ਪ੍ਰੋਗਰਾਮ ਵਿਚ ਬੋਲੀ ਰਹੀ ਸੀ। (ਏਜੰਸੀ)