ਹੈਲੇ ਨੇ ਗੁਰਦਵਾਰੇ 'ਚ ਬਣਾਈਆਂ ਰੋਟੀਆਂ, ਬੋਲੀ ਪੰਜਾਬੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਭਾਰਤ ਦੇ ਦੌਰੇ 'ਤੇ ਆਈ ਸੰਯੁਕਤ ਰਾਸ਼ਟਰ ਵਿਚ ਅਮਰੀਕੀ ਸਫ਼ੀਰ ਨਿੱਕੀ ਹੈਲੇ ਨੇ ਅੱਜ ਇਥੋਂ ਦੇ ਗੁਰਦਵਾਰਾ ਸ਼ੀਸ਼ ਗੰਜ ਸਾਹਿਬ ਵਿਖੇ ਮੱਥਾ ਟੇਕਿਆ........

Haley While making bread in Gurdwara Sahib

ਨਵੀਂ ਦਿੱਲੀ : ਭਾਰਤ ਦੇ ਦੌਰੇ 'ਤੇ ਆਈ ਸੰਯੁਕਤ ਰਾਸ਼ਟਰ ਵਿਚ ਅਮਰੀਕੀ ਸਫ਼ੀਰ ਨਿੱਕੀ ਹੈਲੇ ਨੇ ਅੱਜ ਇਥੋਂ ਦੇ ਗੁਰਦਵਾਰਾ ਸ਼ੀਸ਼ ਗੰਜ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਲੰਗਰ ਹਾਲ ਵਿਚ ਜਾ ਕੇ ਸੰਗਤ ਲਈ ਰੋਟੀਆਂ ਬਣਾਈਆਂ। ਇਸ ਦੌਰਾਨ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਨਿੱਕੀ ਹੈਲੇ ਕੋਲ ਅਮਰੀਕਾ ਦੇ ਹਿਰਾਸਤੀ ਕੇਂਦਰਾਂ ਵਿਚ ਬੰਦ ਲਗਭਗ 52 ਭਾਰਤੀਆਂ ਦਾ ਮੁੱਦਾ ਚੁਕਿਆ ਜਿਨ੍ਹਾਂ ਵਿਚੋਂ ਜ਼ਿਆਦਾਤਰ ਸਿੱਖ ਹਨ।  ਦਿੱਲੀ ਸਿੱਖ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਨਿੱਕੀ ਹੈਲੇ ਨਾਲ ਮੁਲਾਕਾਤ ਕਰ ਕੇ ਇਹ ਮੁੱਦਾ ਚੁਕਿਆ।

ਨਿੱਕੀ ਹੈਲੇ ਨੇ ਪੰਜਾਬੀ ਵਿਚ ਗੱਲਬਾਤ ਕੀਤੀ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਹੈਲੇ ਨਾਲ ਭਾਰਤ ਵਿਚ ਅਮਰੀਕੀ ਸਫ਼ੀਰ  ਕੇਨੀਥ ਜਸਟਰ ਨੂੰ ਸਨਮਾਨਤ ਕੀਤਾ।  ਪਿਛੋਂ ਗੁਰਦਵਾਰਾ ਰਕਾਬ ਗੰਜ ਸਾਹਿਬ ਵਿਖੇ ਗੱਲਬਾਤ ਕਰਦਿਆਂ ਜੀ.ਕੇ. ਤੇ ਸਿਰਸਾ ਨੇ ਦਸਿਆ ਕਿ ਉਨ੍ਹਾਂ ਨਿੱਕੀ ਹੈਲੇ ਤੋਂ ਮੰਗ ਕੀਤੀ ਕਿ ਅਮਰੀਕੀ ਜੇਲ ਵਿਚ ਬੰਦ 52 ਭਾਰਤੀਆਂ ਦੀ ਰਿਹਾਈ ਕੀਤੀ ਜਾਵੇ। ਇਸ ਬਾਰੇ ਹਾਲੇ ਨੇ ਸਾਨੂੰ ਭਾਰਤ 'ਚ ਅਮਰੀਕੀ ਸਫ਼ੀਰ ਕੇਨੀਥ ਜਸਟਰ ਨਾਲ ਮੁਲਾਕਾਤ ਕਰਨ ਲਈ ਕਿਹਾ ਹੈ ਜਿਨ੍ਹਾਂ ਨੂੰ ਛੇਤੀ ਮਿਲ ਕੇ, ਸਾਰੇ ਵੇਰਵੇ ਸੌਂਪੇ ਜਾਣਗੇ। 

ਸੰਯੁਕਤ ਰਾਸ਼ਟਰ ਵਿਚ ਅਮਰੀਕੀ ਸਫ਼ੀਰ ਬਣਨ ਤੋਂ ਬਾਅਦ ਨਿੱਕੀ ਹੈਲੇ ਦੀ ਇਹ ਪਹਿਲਾ ਭਾਰਤੀ ਦੌਰਾ ਹੈ। ਸ਼ੀਸ਼ ਗੰਜ ਸਾਹਿਬ ਮੱਥਾ ਟੇਕਣ ਤੋਂ ਬਾਅਦ ਹੈਲੇ ਨੇ ਦਿੱਲੀ ਸਥਿਤ ਮੰਦਰ, ਮਸਜਿਦ ਅਤੇ ਚਰਚ ਦਾ ਵੀ ਦੌਰਾ ਕੀਤਾ। ਜਾਮਾ ਮਸਜਿਦ ਦਾ ਦੌਰਾ ਕਰਨ ਤੋਂ ਬਾਅਦ ਹੈਲੇ ਨੇ ਮਸਜਿਦ ਦੇ ਬਾਹਰ ਬੈਠੇ ਬੱਚਿਆਂ ਨਾਲ ਗੱਲਬਾਤ ਕੀਤੀ। ਅਪਣੇ ਦੋ ਦਿਨੀਂ ਭਾਰਤੀ ਦੌਰੇ ਦੇ ਕਲ ਪਹਿਲੇ ਦਿਨ ਹੈਲੇ ਨੇ ਕਿਹਾ ਸੀ ਕਿ ਕਿਸੇ ਵੀ ਦੇਸ਼ ਵਿਚ ਧਾਰਮਕ ਆਜ਼ਾਦੀ ਓਨੀ ਹੀ ਅਹਿਮ ਹੈ ਜਿੰਨੀ ਲੋਕਾਂ ਦੀ ਆਜ਼ਾਦੀ। ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਵੀ ਮੁਲਾਕਾਤ ਕੀਤੀ ਸੀ।

ਇਸ ਤੋਂ ਪਹਿਲਾਂ ਹੈਲੇ ਨੇ ਸਾਲ 2014 ਵਿਚ ਭਾਰਤ ਦਾ ਦੌਰਾ ਕੀਤਾ ਸੀ, ਉਸ ਸਮੇਂ ਉਹ ਦਖਣੀ ਕੈਰੋਲੀਨਾ ਦੀ ਗਵਰਨਰ ਸੀ। ਅਮਰੀਕੀ ਰਾਸ਼ਟਰਪਤੀ ਪ੍ਰਸ਼ਾਸਨ ਵਿਚ ਕੈਬਨਿਟ ਪੱਧਰ ਦੇ ਅਹੁਦੇ 'ਤੇ ਕੰਮ ਕਰਨ ਵਾਲੀ ਹੈਲੇ ਪਹਿਲੀ ਭਾਰਤੀ ਅਮਰੀਕੀ ਮਹਿਲਾ ਹੈ।