ਗਲਵਾਨ ਘਾਟੀ ਝੜਪ ਬਾਰੇ ਇਕ ਹੋਰ ਤੱਥ ਆਇਆ ਸਾਹਮਣੇ, ਸਾਬਕਾ ਫ਼ੌਜ ਮੁਖੀ ਨੇ ਕੀਤਾ ਖੁਲਾਸਾ!
ਚੀਨੀ ਟੈਂਟਾਂ ਅੰਦਰ ਰਹੱਸ਼ਮਈ ਤਰੀਕੇ ਨਾਲ ਅੱਗ ਲੱਗਣ ਬਾਅਦ ਹੋਈ ਸੀ ਝੜਪ
ਨਵੀਂ ਦਿੱਲੀ : ਬੀਤੇ ਦਿਨੀਂ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਦਰਮਿਆਨ ਗਲਵਾਨ ਘਾਟੀ ਅੰਦਰ ਖੂਨੀ ਝੜਪ ਹੋਣ ਨੂੰ ਭਾਵੇਂ ਦੋ ਹਫ਼ਤੇ ਦਾ ਸਮਾਂ ਹੋਣ ਵਾਲਾ ਹੈ, ਪਰ ਇਸ ਨੂੰ ਲੈ ਕੇ ਅਜੇ ਵੀ ਨਵੇਂ-ਨਵੇਂ ਖੁਲਾਸੇ ਸਾਹਮਣੇ ਆ ਰਹੇ ਹਨ। ਇਸ ਸੰਘਰਸ਼ 'ਚ ਭਾਰਤ ਨੇ ਅਪਣੇ 20 ਜਵਾਨਾਂ ਦੇ ਸ਼ਹੀਦ ਹੋਣ ਦਾ ਖੁਲਾਸਾ ਕਰ ਦਿਤਾ ਸੀ, ਜਦਕਿ ਚੀਨ ਵਾਲੇ ਪਾਸੇ ਉਸ ਦੇ ਫ਼ੌਜੀਆਂ ਦੇ ਹੋਏ ਜਾਨੀ ਨੁਕਸਾਨ ਸਬੰਧੀ ਭੇਦ ਬਰਕਰਾਰ ਹੈ।
ਹੁਣ ਸਾਬਕਾ ਫ਼ੌਜ ਮੁਖੀ ਤੇ ਮੌਜੂਦਾ ਕੇਂਦਰੀ ਮੰਤਰੀ ਵੀਕੇ ਸਿੰਘ ਨੇ ਵੀ ਇਸ ਝੜਪ ਬਾਰੇ ਅਹਿਮ ਇਕਸਾਫ਼ ਕੀਤੇ ਹਨ। ਸਾਬਕਾ ਜਨਰਲ ਵੀ.ਕੇ.ਸਿੰਘ ਮੁਤਾਬਕ ਗਲਵਾਨ ਘਾਟੀ ਅੰਦਰ ਭਾਰਤ-ਚੀਨ ਫ਼ੌਜ ਵਿਚਾਲੇ ਰਹੱਸਮਈ ਅੱਗ ਕਾਰਨ ਹਿੰਸਕ ਝੜਪ ਹੋਈ ਸੀ। ਇਹ ਅੱਗ ਚੀਨੀ ਫ਼ੌਜੀਆਂ ਦੇ ਟੈਂਟਾਂ 'ਚ ਲੱਗੀ ਸੀ।
ਜਨਰਲ ਵੀਕੇ ਸਿੰਘ ਨੇ ਦੱਸਿਆ ਭਾਰਤ ਤੇ ਚੀਨ ਵਿਚਾਲੇ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ 'ਚ ਫ਼ੈਸਲਾ ਹੋਇਆ ਸੀ ਕਿ ਸਰਹੱਦ ਕੋਲ ਕੋਈ ਵੀ ਜਵਾਨ ਮੌਜੂਦ ਨਹੀਂ ਹੋਵੇਗਾ। ਪਰ ਜਦ 15 ਜੂਨ ਦੀ ਸ਼ਾਮ ਕਮਾਂਡਿੰਗ ਅਫ਼ਸਰ ਸਰਹੱਦ 'ਤੇ ਚੈੱਕ ਕਰਨ ਗਏ ਤਾਂ ਚੀਨ ਦੇ ਸਾਰੇ ਲੋਕ ਵਾਪਸ ਨਹੀਂ ਗਏ ਸਨ। ਉੱਥੇ ਚੀਨੀ ਫ਼ੌਜ ਦਾ ਤੰਬੂ ਮੌਜੂਦ ਸੀ।
ਕਮਾਂਡਿੰਗ ਅਫ਼ਸਰ ਨੇ ਤੰਬੂ ਹਟਾਉਣ ਲਈ ਕਿਹਾ। ਜਦੋਂ ਚੀਨੀ ਫ਼ੌਜੀ ਤੰਬੂ ਹਟਾ ਰਹੇ ਸਨ ਤਾਂ ਅਚਾਨਕ ਅੱਗ ਲੱਗ ਗਈ। ਜਨਰਲ ਵੀਕੇ ਸਿੰਘ ਮੁਤਾਬਕ ਅੱਗ ਲੱਗਣ ਮਗਰੋਂ ਦੋਵਾਂ ਦੇਸ਼ਾਂ ਦੇ ਫੌਜੀਆਂ ਵਿਚਾਲੇ ਝੜਪ ਹੋ ਗਈ। ਭਾਰਤੀ ਫ਼ੌਜ ਚੀਨੀ ਫੌਜੀਆਂ 'ਤੇ ਹਾਵੀ ਹੋ ਗਈ।
ਇਸ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਅਪਣੇ ਹੋਰ ਲੋਕ ਬੁਲਾ ਲਏ। ਹਿੰਸਕ ਝੜਪ ਦੌਰਾਨ ਚੀਨ ਦੇ 40 ਤੋਂ ਜ਼ਿਆਦਾ ਫ਼ੌਜੀ ਮਾਰੇ ਜਾਣ ਦੀ ਗੱਲ ਸੱਚ ਹੈ। ਜਨਰਲ ਵੀਕੇ ਸਿੰਘ ਦਾ ਇਹ ਬਿਆਨ ਇਸ ਲਈ ਅਹਿਮ ਹੈ ਕਿਉਂਕਿ ਪਹਿਲਾਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਕਰਨਲ ਸੰਤੋਸ਼ ਦੀ ਧੋਖੇ ਨਾਲ ਹੱਤਿਆ ਕਰ ਦਿਤੀ ਗਈ ਸੀ, ਜਿਸ ਤੋਂ ਬਾਅਦ ਭਾਰਤੀ ਫ਼ੌਜੀਆਂ ਨੇ ਚੀਨੀਆਂ ਦੇ ਟੈਂਟਾਂ 'ਚ ਅੱਗ ਲਾ ਦਿਤੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।