ਕੁਦਰਤ ਦਾ ਕਹਿਰ : ਅਸਾਮ 'ਚ ਹੜ੍ਹਾਂ ਕਾਰਨ 16 ਲੋਕਾਂ ਦੀ ਮੌਤ, 9 ਲੱਖ ਤੋਂ ਵਧੇਰੇ ਹੋਏ ਪ੍ਰਭਾਵਿਤ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਅੰਦਰ ਵੀ ਤੇਜ਼ ਹਨੇਰੀ ਕਾਰਨ ਡਿੱਗੇ ਰੁੱਖ ਤੇ ਖੰਭੇ, ਆਵਾਜਾਈ ਤੇ ਬਿਜਲੀ ਸਪਲਾਈ 'ਚ ਪਿਆ ਵਿਘਣ

Heavy Rain

ਨਵੀਂ ਦਿੱਲੀ : ਕੁਦਰਤ ਇਸ ਵਾਰ ਵੀ ਕੁੱਝ ਜ਼ਿਆਦਾ ਹੀ ਕਹਿਰਵਾਨ ਹੁੰਦੀ ਜਾਪ ਰਹੀ ਹੈ। ਇਕ ਪਾਸੇ ਦੇਸ਼ ਅੰਦਰ  ਕਈ ਇਲਾਕੇ ਸੋਕੇ ਦੀ ਮਾਰ ਹੇਠ ਹਨ, ਉਥੇ ਦੂਜੇ ਪਾਸੇ ਕਈ ਇਲਾਕੇ ਅਜਿਹੇ ਵੀ ਹਨ, ਜਿੱਥੇ ਬਾਰਸ਼ ਕਹਿਰ ਬਣ ਵਰ੍ਹ ਰਹੀ ਹੈ। ਮੁੰਬਈ ਸਮੇਤ ਦੱਖਣੀ ਭਾਰਤ ਅੰਦਰ ਮੌਨਸੂਨ ਦੀ ਆਮਦ ਦੇ ਨਾਲ ਹੀ ਬਾਰਸ਼ ਨੇ ਅਪਣਾ ਭਿਆਨਕ ਰੂਪ ਦਿਖਾਉਣਾ ਸ਼ੁਰੂ ਕਰ ਦਿਤਾ ਹੈ। ਪਿਛਲੇ ਦਿਨਾਂ ਦੌਰਾਨ ਬਿਹਾਰ ਸਮੇਤ ਦੇਸ਼ ਦੇ ਕਈ ਹਿੱਸਿਆਂ ਅੰਦਰ ਅਸਮਾਨੀ ਬਿਜਲੀ ਡਿੱਗਣ ਨਾਲ 100 ਤੋਂ ਵਧੇਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ।

ਪੰਜਾਬ ਵਰਗਾ ਸੂਬਾ ਜਿੱਥੇ ਮੀਂਹ ਹਨੇਰੀ ਅਕਸਰ ਬਹੁਤਾ ਭਿਆਨਕ ਰੁਖ ਅਖਤਿਆਰ ਨਹੀਂ ਕਰਦੇ, ਵਿਖੇ ਵੀ ਕੁਦਰਤ ਕੁੱਝ ਜ਼ਿਆਦਾ ਹੀ ਕਹਿਰਵਾਨ ਹੁੰਦੀ ਜਾਪ ਰਹੀ ਹੈ। ਇੱਥੇ ਪਿਛਲੇ ਦਿਨਾਂ ਦੌਰਾਨ ਜਿਸ ਤਰ੍ਹਾਂ ਬੇਮੌਸਮੇ ਮੀਂਹ ਨੇ ਅਪਣਾ ਰੰਗ ਵਿਖਾਇਆ ਹੈ, ਉਸਨੂੰ ਲੈ ਕੇ ਮੌਨਸੂਨ ਦੌਰਾਨ ਮੀਂਹ ਦੀਆਂ ਗਤੀਵਿਧੀਆਂ ਦੇ ਭਿਆਨਕ ਰੁਖ ਅਖਤਿਆਰ ਕਰਨ ਦੀਆਂ ਕਿਆਸ-ਅਰਾਈਆਂ ਵੀ ਲੱਗਣੀਆਂ ਸ਼ੁਰੂ ਹੋ ਗਈਆਂ ਹਨ।

ਪੰਜਾਬ ਅੰਦਰ ਬੀਤੀ ਰਾਤ ਵਗੀਆਂ ਤੇਜ਼ ਹਵਾਵਾਂ ਅਜਿਹੀਆਂ ਕਹਿਰਵਾਨ ਹੋਈਆਂ ਕਿ ਇਸਨੂੰ ਤੇਜ਼ ਹਨੇਰੀ ਦੀ ਬਜਾਏ ਬਹੁਤੇ ਲੋਕ ਭਿਆਨਕ ਤੂਫ਼ਾਨ ਦਾ ਨਾਮ ਹੀ ਦੇ ਰਹੇ ਹਨ। ਰਾਤ 12 ਵਜੇ ਤੋਂ ਬਾਅਦ ਆਈ ਇਸ ਤੇਜ਼ ਹਨੇਰੀ ਨੇ ਜਿੱਥੇ ਹਰੇ ਭਰੇ ਰੁੱਖਾਂ ਨੂੰ ਜੜ੍ਹੋਂ ਪੁੱਟ ਸੁਟਿਆ ਹੈ, ਉਥੇ ਹੀ ਬਿਜਲੀ ਦੇ ਟਰਾਂਸਫ਼ਾਰਮਰ ਅਤੇ ਖੰਭੇ ਵੀ ਇਸ ਦੇ ਜ਼ੋਰਦਾਰ ਥਪੇੜਿਆਂ ਨੂੰ ਨਾ ਝੱਲਦਿਆਂ ਧਰਤੀ 'ਤੇ ਵਿੱਛ ਗਏ ਹਨ। ਇਸੇ ਤਰ੍ਹਾਂ ਦੇ ਦ੍ਰਿਸ਼ ਕੁੱਝ ਦਿਨ ਪਹਿਲਾਂ ਪੰਜਾਬ ਦੇ ਇਕ ਇਲਾਕੇ ਅੰਦਰ ਆਏ ਜ਼ੋਰਦਾਰ ਮੀਂਹ ਹਨੇਰੀ ਸਮੇਂ ਵੀ ਵੇਖਣ ਨੂੰ ਮਿਲੇ ਸਨ। ਉਸ ਸਮੇਂ ਆਈ ਹਨੇਰੀ ਨੇ ਭਾਰੀ ਭਰਕਮ ਟਰਾਲੀਆਂ ਤਕ ਨੂੰ ਮੂੰਧਾ ਪਾ ਦਿਤਾ ਸੀ ਅਤੇ ਰੁੱਖਾਂ ਤੋਂ ਇਲਾਵਾ ਮਕਾਨਾਂ ਆਦਿ ਦਾ ਵੀ ਭਾਰੀ ਨੁਕਸਾਨ ਕੀਤਾ ਸੀ।

ਇਸੇ ਦੌਰਾਨ ਦੱਖਣੀ ਭਾਰਤ ਅੰਦਰ ਵੀ ਮੀਂਹ ਦੇ ਵਿਕਰਾਲ ਰੁਖ ਅਖਤਿਆਰ ਕਰਨ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਅਸਾਮ ਅੰਦਰ ਵੀ ਹੜ੍ਹਾਂ ਕਾਰਨ ਹਾਲਾਤ ਕਾਫੀ ਵਿਗੜੇ ਹੋਏ ਹਨ। ਹੜ੍ਹਾਂ ਕਾਰਨ ਕਈ ਪਿੰਡਾਂ ਨਾਲੋਂ ਸੰਪਰਕ ਟੁੱਟ ਚੁਕਿਆ ਹੈ। ਅਸਾਮ ਸੂਬਾ ਤਬਾਹੀ ਪ੍ਰਬੰਧਨ ਅਧਿਕਾਰ (ਏਐੱਸਡੀਐੱਮਏ) ਅਨੁਸਾਰ ਹੜ੍ਹ ਕਾਰਨ ਧੇਮਾਜੀ, ਲਖੀਮਪੁਰ, ਉਦਲਗਿਰੀ, ਦਰਰਾਗ, ਨਾਲਬਾਰੀ, ਬਾਰਪੇਟਾ, ਧੁਬਰੀ, ਦੱਖਣੀ ਸਾਲਮਾਰਾ, ਗੋਲਪਾਰਾ ਤੇ ਕਾਮਰੂਪ ਸਮੇਤ 23 ਜ਼ਿਲ੍ਹਿਆਂ 'ਚ 9,26,059 ਲੋਕ ਪ੍ਰਭਾਵਿਤ ਹੋਏ ਹਨ। ਅਸਾਮ 'ਚ ਹੁਣ ਤਕ ਮਰਨ ਵਾਲਿਆਂ ਦੀ ਗਿਣਤੀ 16 ਦੱਸੀ ਜਾ ਰਹੀ ਹੈ।

ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਸਾਮ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਵਾਇਆ ਹੈ। ਗ੍ਰਹਿ ਮੰਤਰੀ ਨੇ ਕਿਹਾ ਮੋਦੀ ਸਰਕਾਰ ਅਸਾਮ ਦੀ ਜਨਤਾ ਨਾਲ ਖੜ੍ਹੀ ਹੈ। ਉਨ੍ਹਾਂ ਨੇ ਐਤਵਾਰ ਨੂੰ ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨਾਲ ਗੱਲਬਾਤ ਕੀਤੀ ਤੇ ਹੜ੍ਹ ਦੇ ਹਾਲਤ ਦੀ ਜਾਣਕਾਰੀ ਹਾਸਿਲ ਕੀਤੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।