ਦਿੱਲੀ ਪੁਲਿਸ ਨੇ 3 ਘੰਟੇ ਤਕ ਕਾਰ ਦਾ ਪਿੱਛਾ ਕਰ ਕੇ ਅਗਵਾ ਕੀਤੇ ਭੈਣ-ਭਰਾ ਨੂੰ ਬਚਾਇਆ 

ਏਜੰਸੀ

ਖ਼ਬਰਾਂ, ਰਾਸ਼ਟਰੀ

ਖੁਦ ਨੂੰ ਪਾਰਕਿੰਗ ਸਟਾਫ ਵਜੋਂ ਪੇਸ਼ ਕਰ ਕੇ ਮੁਲਜ਼ਮ ਕਾਰ ਚਲਾ ਕੇ ਲੈ ਗਿਆ

Representative Image.

ਨਵੀਂ ਦਿੱਲੀ: ਲਕਸ਼ਮੀ ਨਗਰ ਇਲਾਕੇ ਤੋਂ ਅਗਵਾ ਕੀਤੇ ਗਏ ਭਰਾ-ਭੈਣ ਨੂੰ ਦਿੱਲੀ ਪੁਲਿਸ ਨੇ ਕਰੀਬ ਤਿੰਨ ਘੰਟੇ ਤਕ ਕਾਰ ਦਾ ਪਿੱਛਾ ਕਰਨ ਤੋਂ ਬਾਅਦ ਬਚਾਇਆ। ਅਧਿਕਾਰੀਆਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਮੁਲਜ਼ਮ ਨੇ ਭੈਣਾਂ-ਭਰਾਵਾਂ ਦੇ ਮਾਪਿਆਂ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਪੁਲਿਸ ਡਿਪਟੀ ਕਮਿਸ਼ਨਰ (ਪੂਰਬੀ) ਅਪੂਰਵ ਗੁਪਤਾ ਨੇ ਦਸਿਆ ਕਿ ਪੁਲਿਸ ਨੂੰ ਸ਼ੁਕਰਵਾਰ ਰਾਤ 11:30 ਵਜੇ ਇਕ ਲੜਕੇ (3) ਅਤੇ ਇਕ ਲੜਕੀ (11) ਨੂੰ ਉਨ੍ਹਾਂ ਦੀ ਕਾਰ ’ਚ ਅਗਵਾ ਕਰਨ ਦੀ ਸੂਚਨਾ ਮਿਲੀ ਸੀ। 

ਗੁਪਤਾ ਨੇ ਦਸਿਆ ਕਿ ਭੈਣ-ਭਰਾ ਦੇ ਪਿਤਾ ਨੇ ਪੁਲਿਸ ਨੂੰ ਦਸਿਆ ਕਿ ਬੱਚੇ ਸ਼ਕਰਪੁਰ ਇਲਾਕੇ ਦੇ ਵਿਕਾਸ ਮਾਰਗ ’ਤੇ ਇਕ ਮਸ਼ਹੂਰ ਮਠਿਆਈ ਦੀ ਦੁਕਾਨ ਦੇ ਸਾਹਮਣੇ ਕਾਰ ’ਚ ਬੈਠੇ ਸਨ। ਉਸ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਮਠਿਆਈਆਂ ਖਰੀਦਣ ਲਈ ਦੁਕਾਨ ਦੇ ਅੰਦਰ ਗਏ ਸਨ ਜਦੋਂ ਇਕ ਵਿਅਕਤੀ ਖੁਦ ਨੂੰ ਪਾਰਕਿੰਗ ਸਟਾਫ ਵਜੋਂ ਪੇਸ਼ ਕਰ ਕੇ ਉਨ੍ਹਾਂ ਦੀ ਕਾਰ ’ਚ ਬੈਠ ਗਿਆ। ਉਨ੍ਹਾਂ ਦਸਿਆ ਕਿ ਮੁਲਜ਼ਮ ਉਸ ਕਾਰ ਨੂੰ ਲੈ ਕੇ ਫਰਾਰ ਹੋ ਗਏ, ਜਿਸ ’ਚ ਦੋਵੇਂ ਬੱਚੇ ਬੈਠੇ ਸਨ। 

ਡੀ.ਸੀ.ਪੀ. ਨੇ ਕਿਹਾ ਕਿ ਮੁਲਜ਼ਮ ਨੇ ਬੱਚਿਆਂ ਨੂੰ ਡਰਾਇਆ ਅਤੇ ਉਨ੍ਹਾਂ ਨੂੰ ਚੁੱਪ ਰਹਿਣ ਲਈ ਕਿਹਾ। ਉਨ੍ਹਾਂ ਦਸਿਆ ਕਿ ਗੱਡੀ ਚਲਾਉਂਦੇ ਸਮੇਂ ਮੁਲਜ਼ਮ ਨੇ ਜੋੜੇ ਨੂੰ ਇਕ ਹੋਰ ਮੋਬਾਈਲ ਫੋਨ ਤੋਂ ਫੋਨ ਕੀਤਾ ਅਤੇ 50 ਲੱਖ ਰੁਪਏ ਦੀ ਫਿਰੌਤੀ ਮੰਗੀ। ਉਨ੍ਹਾਂ ਦਸਿਆ ਕਿ ਸੂਚਨਾ ਮਿਲਣ ’ਤੇ ਮੁਲਜ਼ਮ ਅਤੇ ਬੱਚਿਆਂ ਦਾ ਪਤਾ ਲਗਾਉਣ ਲਈ ਦੋ ਟੀਮਾਂ ਦਾ ਗਠਨ ਕੀਤਾ ਗਿਆ। ਗੁਪਤਾ ਨੇ ਦਸਿਆ ਕਿ ਇਕ ਟੀਮ ਦੀ ਅਗਵਾਈ ਸ਼ਕਰਪੁਰ ਥਾਣੇ ਦੇ ਐਸ.ਐਚ.ਓ. ਕਰ ਰਹੇ ਸਨ ਅਤੇ ਉਨ੍ਹਾਂ ਦੇ ਨਾਲ ਬੱਚਿਆਂ ਦੀ ਮਾਂ ਵੀ ਸੀ, ਜਦਕਿ ਦੂਜੀ ਟੀਮ ਦੀ ਅਗਵਾਈ ਲਕਸ਼ਮੀ ਨਗਰ ਥਾਣੇ ਦੇ ਐਸ.ਐਚ.ਓ. ਕਰ ਰਹੇ ਸਨ ਅਤੇ ਬੱਚਿਆਂ ਦੇ ਪਿਤਾ ਉਨ੍ਹਾਂ ਦੇ ਨਾਲ ਸਨ। 

ਡੀ.ਸੀ.ਪੀ. ਨੇ ਦਸਿਆ ਕਿ ਪੁਲਿਸ ਅਧਿਕਾਰੀਆਂ ਦੀਆਂ ਲਗਭਗ 20 ਗੱਡੀਆਂ ਵਲੋਂ ਤਿੰਨ ਘੰਟੇ ਪਿੱਛਾ ਕਰਨ ਤੋਂ ਬਾਅਦ ਅਗਵਾਕਾਰ ਬੱਚਿਆਂ ਸਮੇਤ ਸਮੇਪੁਰ ਬਾਦਲੀ ਇਲਾਕੇ ਨੇੜੇ ਕਾਰ ਛੱਡ ਕੇ ਫਰਾਰ ਹੋ ਗਿਆ। ਅਧਿਕਾਰੀ ਨੇ ਦਸਿਆ ਕਿ ਇਸ ਦੌਰਾਨ ਮੁਲਜ਼ਮ ਨੇ ਦਿੱਲੀ ਦੀਆਂ ਸੜਕਾਂ ’ਤੇ 100 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕੀਤੀ। ਆਖਰਕਾਰ ਪੁਲਿਸ ਸੁਰੱਖਿਅਤ ਬੱਚਿਆਂ ਨੂੰ ਬਚਾਉਣ ’ਚ ਕਾਮਯਾਬ ਰਹੀ। 

ਗੁਪਤਾ ਨੇ ਦਸਿਆ ਕਿ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰ ਦਿਤਾ ਗਿਆ ਹੈ। ਅਧਿਕਾਰੀ ਨੇ ਦਸਿਆ ਕਿ ਗਹਿਣੇ, ਮੋਬਾਈਲ ਫੋਨ ਸਮੇਤ ਕੀਮਤੀ ਸਾਮਾਨ ਕਾਰ ਤੋਂ ਸੁਰੱਖਿਅਤ ਪਾਇਆ ਗਿਆ ਕਿਉਂਕਿ ਅਗਵਾਕਾਰ ਕੋਲ ਲਗਾਤਾਰ ਪੁਲਿਸ ਪਿੱਛਾ ਕਰਨ ਕਾਰਨ ਉਨ੍ਹਾਂ ਨੂੰ ਲੈ ਕੇ ਜਾਣ ਦਾ ਸਮਾਂ ਨਹੀਂ ਸੀ। ਉਨ੍ਹਾਂ ਦਸਿਆ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਹੈ।