ਰੈਫ਼ਰੈਂਡਮ 2020 ਨੂੰ ਲੈ ਕੇ ਜੰਮੂ ਵਿਚ ਸਿੱਖ ਨੌਜਵਾਨਾਂ ਨੂੰ ਕੀਤਾ ਜਾ ਰਿਹਾ ਹੈ ਤੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖ਼ਾਲਿਸਤਾਨ ਦੇ ਮੁੱਦੇ ਤੇ ਕਰਵਾਏ ਜਾ ਰਹੇ ‘ਰੈਫ਼ਰੈਂਡਮ 2020’ ਦਾ ਸੇਕ ਹੁਣ ਜੰਮੂ-ਕਸ਼ਮੀਰ ਤਕ ਪਹੁੰਚ ਗਿਆ ਹੈ।

Sikh

ਜੰਮੂ (ਸਰਬਜੀਤ ਸਿੰਘ): ਸਿੱਖਜ਼ ਫ਼ਾਰ ਜਸਟਿਸ ਜਥੇਬੰਦੀ ਵਲੋਂ ਵਿਸ਼ਵ ਪਧਰੀ ‘ਰੈਫ਼ਰੈਂਡਮ 2020’ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਪੰਜਾਬ ਅਤੇ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਨੂੰ ਆਨਲਾਈਨ ਵੋਟਿੰਗ ਕਰਨ ਲਈ ਕਿਹਾ ਗਿਆ ਹੈ। ਇਸ ਸੰਗਠਨ ਦੇ ਐਲਾਨ ਮੁਤਾਬਕ 4 ਜੁਲਾਈ ਤੋਂ ਇਹ ਰੈਫ਼ਰੈਂਡਮ ਸ਼ੁਰੂ ਹੋ ਚੁਕਿਆ ਹੈ।

ਖ਼ਾਲਿਸਤਾਨ ਦੇ ਮੁੱਦੇ ਤੇ ਕਰਵਾਏ ਜਾ ਰਹੇ ‘ਰੈਫ਼ਰੈਂਡਮ 2020’ ਦਾ ਸੇਕ ਹੁਣ ਜੰਮੂ-ਕਸ਼ਮੀਰ ਤਕ ਪਹੁੰਚ ਗਿਆ ਹੈ। 26 ਜੁਲਾਈ ਨੂੰ ਜੰਮੂ ਕਸ਼ਮੀਰ ਵਿਖੇ ਵੀ ਇਸ ਨੂੰ ਕਰਵਾਉਣ ਦੀ ਗੱਲ ਕੀਤੀ ਗਈ ਸੀ ਪਰ ਦੂਜੇ ਪਾਸੇ ਜੰਮੂ ਵਿਖੇ ਸਿੱਖ ਜਥੇਬੰਦੀਆਂ ਨੇ ਇਕੱਠੇ ਹੋ ਕੇ ਪੁਲਿਸ ਪ੍ਰਸ਼ਾਸਨ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜੰਮੂ ਦੇ ਵੱਖ-ਵੱਖ ਇਲਾਕਿਆਂ ਤੋਂ ਸਿੱਖ ਨੌਜਵਾਨਾਂ ਨੂੰ ‘ਰੈਫ਼ਰੈਂਡਮ 2020’ ਦੇ ਨਾਮ ਉਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। 

ਗੁਰਦੁਆਰਾ ਬਾਬਾ ਫ਼ਤਿਹ ਸਿੰਘ ਗਾਂਧੀ ਨਗਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਯੂਨਾਇਟਿਡ ਸਿੱਖ ਕੌਂਸਲ ਦੇ ਪ੍ਰਧਾਨ ਮਹਿੰਦਰ ਸਿੰਘ ਖ਼ਾਲਸਾ ਨੇ ਕਿਹਾ ਕੀ ਅਸੀ ਦੁਨੀਆਂ ਤਕ ਅਪਣੀ ਆਵਾਜ ਪਹੁੰਚਾਉਣ ਚਾਹੁੰਦੇ ਹਾਂ ਕਿ  ਜੰਮੂ-ਕਸ਼ਮੀਰ ਦੇ ਅੰਦਰ ਏਥੋਂ ਦੀ ਹਕੂਮਤ ਸਿੱਖਾਂ ਨਾਲ ਬੜਾ ਹੀ ਮਾੜਾ ਵਰਤਾਉ ਕਰ ਰਹੀ ਹੈ। ਉਨ੍ਹਾਂ ਦਸਿਆ ਕੁੱਝ ਦਿਨ ਪਹਿਲਾਂ ਸਿੰਬਲ ਕੈਂਪ ਇਲਾਕੇ ਤੋਂ  ਛੋਟੀ ਉਮਰ ਦੇ ਸਿੱਖ ਬੱਚਿਆਂ ਨੂੰ ਚੁੱਕਿਆ ਗਿਆ ਅਤੇ ਪੂਰਾ ਦਿਨ ਪੁਲਿਸ ਥਾਣਾ ਮੀਰਾ ਸਾਹਿਬ ਅੰਦਰ ਬਿਠਾ ਕੇ ਰਖਿਆ ਗਿਆ ਅਤੇ ਮੁਚਲਕੇ ਭਰਨ ਤੋਂ ਬਾਅਦ ਹੀ ਬੱਚਿਆਂ ਨੂੰ ਜ਼ਮਾਨਤ ਉੱਪਰ ਰਿਹਾ ਕੀਤਾ ਗਿਆ।

ਉਨ੍ਹਾਂ ਦਸਿਆ ਜਦੋਂ ਅਸੀਂ ਪੁਲਸ ਅਧਿਕਾਰੀਆਂ ਨੂੰ ਇਸ ਸਬੰਧੀ ਮਿਲ ਕੇ ਪਤਾ ਕੀਤਾ ਕਿ ਬੱਚਿਆਂ ਨੂੰ ਕਿਉ ਚੁੱਕਿਆ ਗਿਆ ਤਾਂ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ। ਪੁਲਿਸ ਵੱਲੋਂ ਥਾਣੇ ਲਿਆਂਦੇ ਗਏ ਬੱਚਿਆਂ ਦਾ ਕਸੂਰ ਸਿਰਫ਼ ਇਹ ਸੀ ਕਿ ਉਨ੍ਹਾਂ ਨੇ ਇੰਟਰਨੈੱਟ ਉਪਰ ਪੋਸਟ ਨੂੰ ਲਾਈਕ ਕੀਤਾ ਸੀ ਤੇ ਕਮੈਂਟ ਕੀਤਾ ਸੀ।

ਉਨ੍ਹਾਂ ਦਸਿਆ ਕਿ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ਦੇ ਮੁਖੀ ਰਣਜੀਤ ਸਿੰਘ ਨੀਟਾ ਦੇ ਕਰੀਬੀ ਰਿਸ਼ਤੇਦਾਰ ਸਿੰਬਲ ਕੈਂਪ ਤੋਂ ਭਾਈ ਅਮਰਜੀਤ ਸਿੰਘ,  ਭਾਈ ਰਣਜੀਤ ਸਿੰਘ ਜੀ ਪਿੰਕੀ ਨਿਵਾਸੀ ਡਿਗਿਆਣਾ ਕੈਂਪ ਨੂੰ ਪੂਰਾ ਦਿਨ ਪੁਲਿਸ ਥਾਣੇ ਅੰਦਰ ਬਿਠਾ ਕੇ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਇਸ ਵਕਤ ਸਿੱਖਾਂ ਨੂੰ ਜੰਮੂ ਕਸ਼ਮੀਰ ਅੰਦਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। 

ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਜੰਮੂ ਕਸ਼ਮੀਰ ਯੂਨਿਟ ) ਦੇ ਭਾਈ ਗੁਰਦੇਵ ਸਿੰਘ ਖੂੰਦਵਾਲ ਗੁਰਪਤਵੰਤ ਸਿੰਘ ਪੰਨੂੰ ਵਲੋਂ ਚਲਾਇਆ ਜਾ ਰਹੇ ‘ਰੈਫ਼ਰੈਂਡਮ 2020’ ਦੇ ਸਬੰਧ ਵਿਚ ਪੰਜਾਬ ਤੇ 26 ਜੁਲਾਈ ਨੂੰ ਵੋਟਾਂ ਪਾਉਣ ਦੀ ਗੱਲ ਕੀਤੀ ਗਈ ਸੀ। ਉਸ ਨੂੰ ਲੈ ਕੇ ਜੰਮੂ-ਕਸ਼ਮੀਰ ਦੀ ਪੁਲਿਸ ਸਿੱਖ ਨੌਜਵਾਨਾਂ ਨੂੰ ਨਾਜ਼ਾਇਜ਼ ਤੌਰ ਉਤੇ ਤੰਗ ਪ੍ਰੇਸ਼ਾਨ ਕਰ ਰਹੀ ਹੈ।