ਮਾਨਸੂਨ ਇਜਲਾਸ: ਲੋਕ ਸਭਾ ਅਤੇ ਰਾਜ ਸਭਾ ਵਿਚ ਅੱਜ ਵੀ ਹੰਗਾਮਾ, ਕਾਰਵਾਈ ਸੋਮਵਾਰ ਤੱਕ ਮੁਲਤਵੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਤੋਂ ਬਾਅਦ ਦੋਵਾਂ ਸਦਨਾਂ ਦੀ ਕਾਰਵਾਈ ਪਹਿਲਾਂ ਦੁਪਹਿਰ 12 ਵਜੇ ਤੱਕ ਅਤੇ ਫਿਰ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ।

Lok Sabha and Rajya Sabha adjourned for the day

 

ਨਵੀਂ ਦਿੱਲੀ: 18 ਜੁਲਾਈ ਤੋਂ ਸ਼ੁਰੂ ਹੋਏ ਸੰਸਦ ਦੇ ਮਾਨਸੂਨ ਸੈਸ਼ਨ 'ਚ ਹੰਗਾਮਾ ਜਾਰੀ ਹੈ। ਵਿਰੋਧੀ ਧਿਰ ਮਹਿੰਗਾਈ, ਬੇਰੁਜ਼ਗਾਰੀ, ਜੀਐਸਟੀ ਅਤੇ ਅਗਨੀਪਥ ਮੁੱਦੇ 'ਤੇ ਚਰਚਾ ਦੀ ਮੰਗ ਨੂੰ ਲੈ ਕੇ ਹੰਗਾਮਾ ਕਰ ਰਹੀ ਹੈ, ਜਦਕਿ ਸੱਤਾਧਾਰੀ ਧਿਰ ਇਹਨਾਂ ਮੁੱਦਿਆਂ 'ਤੇ ਚਰਚਾ ਕਰਨ ਤੋਂ ਬਚਦੀ ਨਜ਼ਰ ਆ ਰਹੀ ਹੈ। ਅੱਜ ਵੀ ਸੰਸਦ ਦੇ ਦੋਵਾਂ ਸਦਨਾਂ ਵਿਚ ਹੰਗਾਮਾ ਹੋਇਆ। ਇਸ ਤੋਂ ਬਾਅਦ ਦੋਵਾਂ ਸਦਨਾਂ ਦੀ ਕਾਰਵਾਈ ਪਹਿਲਾਂ ਦੁਪਹਿਰ 12 ਵਜੇ ਤੱਕ ਅਤੇ ਫਿਰ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ।

Lok Sabha, Rajya Sabha adjourned for the day

ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਮਹਿੰਗਾਈ 'ਤੇ ਚਰਚਾ ਦੀ ਮੰਗ ਕੀਤੀ, ਜਦਕਿ ਸੱਤਾਧਾਰੀ ਪਾਰਟੀ ਨੇ ਰਾਸ਼ਟਰਪਤੀ ਟਿੱਪਣੀ ਵਿਵਾਦ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ। ਸਦਨ ਵਿਚ ਰੌਲੇ-ਰੱਪੇ ਅਤੇ ਹੰਗਾਮੇ ਨੂੰ ਦੇਖਦਿਆਂ ਸਪੀਕਰ ਓਮ ਬਿਰਲਾ ਨੇ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। ਬਾਅਦ 'ਚ ਦੁਪਹਿਰ 12 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਫਿਰ ਹੰਗਾਮਾ ਹੋ ਗਿਆ। ਇਸ ਦੇ ਮੱਦੇਨਜ਼ਰ ਸਦਨ ਦੀ ਕਾਰਵਾਈ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ।

Lok Sabha and Rajya Sabha adjourned for the day

ਦੂਜੇ ਪਾਸੇ ਰਾਜ ਸਭਾ 'ਚ ਵੀ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਮਹਿੰਗਾਈ 'ਤੇ ਚਰਚਾ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਇਸ 'ਤੇ ਉਪ ਚੇਅਰਮੈਨ ਹਰੀਵੰਸ਼ ਨੇ ਕਿਹਾ ਕਿ ਰਾਜ ਸਭਾ ਦੇ ਚੇਅਰਮੈਨ ਨੇ ਕੱਲ੍ਹ ਹੀ ਕਿਹਾ ਹੈ ਕਿ ਅਗਲੇ ਹਫਤੇ ਤੋਂ ਮਹਿੰਗਾਈ 'ਤੇ ਚਰਚਾ ਹੋਵੇਗੀ, ਇਸ ਲਈ ਅੱਜ ਕੋਈ ਨੋਟਿਸ ਸਵੀਕਾਰ ਨਹੀਂ ਕੀਤਾ ਜਾਵੇਗਾ। ਇਸ 'ਤੇ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਦੇ ਮੱਦੇਨਜ਼ਰ ਸਦਨ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਬਾਅਦ ਵਿਚ ਇਸ ਨੂੰ ਸੋਮਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ।

Lok Sabha and Rajya Sabha adjourned for the day

ਇਸ ਦੌਰਾਨ ਭਾਜਪਾ ਨੇ ਸੰਸਦ 'ਚ ਆਪਣੀ ਰਣਨੀਤੀ ਬਣਾਉਂਦੇ ਹੋਏ ਕਿਹਾ ਹੈ ਕਿ ਭਾਜਪਾ ਸੰਸਦ ਦੇ ਦੋਹਾਂ ਸਦਨਾਂ 'ਚ ਸੋਨੀਆ ਗਾਂਧੀ ਤੋਂ ਮੁਆਫੀ ਦੀ ਮੰਗ ਕਰੇਗੀ। ਜੇਪੀ ਨੱਡਾ, ਰਾਜਨਾਥ ਸਿੰਘ, ਅਰਜੁਨ ਮੇਘਵਾਲ, ਪੀਯੂਸ਼ ਗੋਇਲ, ਪ੍ਰਹਿਲਾਦ ਜੋਸ਼ੀ ਦੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ। ਇੱਥੇ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸੰਸਦ ਕੰਪਲੈਕਸ 'ਚ ਗਾਂਧੀ ਦੇ ਬੁੱਤ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਇਹਨਾਂ ਸੰਸਦ ਮੈਂਬਰਾਂ ਨੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਮੁਆਫੀ ਮੰਗਣ ਲਈ ਕਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸੋਨੀਆ ਗਾਂਧੀ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ ਹੈ, ਉਸ ਤੋਂ ਲੱਗਦਾ ਹੈ ਕਿ ਉਹਨਾਂ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ।

Lok Sabha and Rajya Sabha adjourned for the day

ਲੋਕ ਸਭਾ ਵਿਚ ਜਦੋਂ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰ ਸੋਨੀਆ ਗਾਂਧੀ ਮੁਆਫ਼ੀ ਮੰਗੋ, ਮੁਆਫ਼ੀ ਮੰਗੋ ਦੇ ਨਾਅਰੇ ਲਗਾ ਰਹੇ ਸਨ ਤਾਂ ਕਾਂਗਰਸ ਅਤੇ ਡੀਐਮਕੇ ਦੇ ਸੰਸਦ ਮੈਂਬਰ ਸਮ੍ਰਿਤੀ ਇਰਾਨੀ ਤੋਂ ਮੁਆਫ਼ੀ ਮੰਗਣ ਦੀ ਮੰਗ ਕਰ ਰਹੇ ਸਨ। ਲਗਾਤਾਰ ਹੰਗਾਮੇ ਕਾਰਨ ਰਾਜ ਸਭਾ ਤੋਂ ਹੁਣ ਤੱਕ 27 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ, ਜਦਕਿ ਲੋਕ ਸਭਾ ਦੇ ਚਾਰ ਸੰਸਦ ਮੈਂਬਰਾਂ ਨੂੰ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਰਾਜ ਸਭਾ ਦੇ 23 ਸੰਸਦ ਮੈਂਬਰਾਂ ਦੀ ਮੁਅੱਤਲੀ ਅੱਜ ਖ਼ਤਮ ਹੋ ਜਾਵੇਗੀ।