ਰਾਖਵਾਂਕਰਨ ਅੰਦਰ ਇਕ ਹੋਰ ਰਾਖਵਾਂਕਰਨ ਮਸਲੇ ਦਾ ਹੱਲ ਨਹੀਂ ਕਿਉਂਕਿ ਇਹ ਦੇਸ਼ ਖ਼ਾਸ ਲੋਕਾਂ ਦਾ ਦੇਸ਼ ਹੈ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਸੁਪਰੀਮ ਕੋਰਟ ਵਲੋਂ ਆਖਿਆ ਗਿਆ ਹੈ ਕਿ ਰਾਖਵਾਂਕਰਨ ਦਾ ਲਾਭ ਗ਼ਰੀਬਾਂ, ਲੋੜਵੰਦਾਂ ਅਤੇ ਦਲਿਤਾਂ ਨੂੰ ਨਹੀਂ ਮਿਲ ਰਿ

Rich people

ਸੁਪਰੀਮ ਕੋਰਟ ਵਲੋਂ ਆਖਿਆ ਗਿਆ ਹੈ ਕਿ ਰਾਖਵਾਂਕਰਨ ਦਾ ਲਾਭ ਗ਼ਰੀਬਾਂ, ਲੋੜਵੰਦਾਂ ਅਤੇ ਦਲਿਤਾਂ ਨੂੰ ਨਹੀਂ ਮਿਲ ਰਿਹਾ। ਸੋ ਅਦਾਲਤ ਵਲੋਂ ਰਾਖਵਾਂਕਰਨ ਦੇ ਅੰਦਰ ਇਕ ਹੋਰ ਰਾਖਵਾਂਕਰਨ ਦੀ ਇਜਾਜ਼ਤ ਦੇ ਦਿਤੀ ਗਈ ਹੈ। ਪਰ ਕੀ ਇਹ ਫ਼ੈਸਲਾ ਅਸਲ ਮਸਲੇ ਨੂੰ ਸੁਲਝਾ ਸਕਦਾ ਹੈ? ਇਹ ਜੋ 'ਖ਼ਾਸਮ ਖ਼ਾਸ' ਦੀ ਦਿੱਕਤ ਆ ਰਹੀ ਹੈ, ਉਹ ਸਿਰਫ਼ ਦਲਿਤਾਂ ਨੂੰ ਹੀ ਨਹੀਂ ਆ ਰਹੀ ਬਲਕਿ ਹਰ ਵਰਗ ਨੂੰ ਆ ਰਹੀ ਹੈ।

ਦਲਿਤਾਂ ਵਿਚ ਸਿਰਫ਼ ਕੁੱਝ ਜਾਤਾਂ ਹੀ 'ਖਾਸਮ ਖ਼ਾਸ' ਨਹੀਂ ਹਨ ਬਲਕਿ ਇਨ੍ਹਾਂ ਵੰਡਾਂ ਤੋਂ ਅੱਗੇ ਅਮੀਰ ਦਲਿਤ ਤੇ ਗ਼ਰੀਬ ਦਲਿਤ ਦੀ ਵੰਡ ਵੀ ਪੈਦਾ ਹੋ ਗਈ ਹੈ। ਅੱਜ ਅਮੀਰ, ਦਲਿਤ ਮੰਤਰੀ ਬਣ ਸਕਦਾ ਹੈ ਭਾਵੇਂ ਉਹ ਕਿਸੇ ਵੀ ਜਾਤ ਦਾ ਹੋਵੇ ਪਰ ਇਕ ਗ਼ਰੀਬ ਦਲਿਤ ਰਾਖਵੇਂਕਰਨ ਦੀ ਉਮੀਦ ਵੀ ਨਹੀਂ ਕਰ ਸਕਦਾ।
ਰਾਖਵਾਂਕਰਨ ਨਹੀਂ ਬਲਕਿ ਨਿਆਂ ਚਾਹੀਦਾ ਹੈ।

ਹਾਲਤ ਇਹ ਹੈ ਕਿ ਨਿਆਂ ਹੋਵੇ ਜਾਂ ਸਰਕਾਰੀ ਸਹੂਲਤਾਂ,  ਕੋਈ ਵੀ ਸੇਵਾ ਆਮ ਗ਼ਰੀਬ ਭਾਰਤੀ ਨੂੰ ਨਹੀਂ ਮਿਲ ਰਹੀਆਂ। ਵੀਰਵਾਰ ਰਾਤ 8 ਤੋਂ 10 ਵਜੇ ਤਕ ਪੂਰਾ ਦੇਸ਼ ਸਾਰੇ ਟੀ.ਵੀ. ਚੈਨਲਾਂ ਨਾਲ ਜੁੜਿਆ ਹੋਇਆ ਸੀ। ਚਰਚਾ ਦਾ ਵਿਸ਼ਾ ਸੀ ਕਿ ਸੂਬਿਆਂ ਦੀ ਬਣਦੀ ਜੀ.ਐਸ.ਟੀ. ਦੀ ਕਿਸਤ ਕੇਂਦਰ ਵਲੋਂ ਹੜੱਪ ਲੈਣਾ ਸਹੀ ਸੀ?

ਹਰ ਵੱਡਾ ਚੈਨਲ, ਰੀਆ ਚਕਰਵਰਤੀ ਵਲੋਂ ਚੁੱਪੀ ਤੋੜਨ ਬਾਰੇ ਗੱਲ ਕਰ ਰਿਹਾ ਸੀ ਜਾਂ ਰੀਆ ਚਕਰਵਰਤੀ ਨਾਲ ਇੰਟਰਵਿਊ ਕਰ ਰਿਹਾ ਸੀ ਅਤੇ ਦਸ ਰਿਹਾ ਸੀ ਕਿ ਅਸਲ ਮਾਮਲਾ ਕੀ ਹੈ ਤੇ ਇਹ ਨਿਕਲ ਕੇ ਆ ਰਿਹਾ ਹੈ। ਕੀ ਹੈ ਅਸਲ ਮਾਮਲਾ? ਹੋਣ ਵਾਲੀ ਨੂੰਹ ਤੇ ਨਨਾਣ ਦੀ ਲੜਾਈ? ਕਿਸ ਨੇ ਮੁੰਡੇ ਦੇ ਪੈਸੇ 'ਤੇ ਕਬਜ਼ਾ ਕੀਤਾ?

ਸੁਸ਼ਾਂਤ ਸਿੰਘ ਰਾਜਪੂਤ, ਰੀਆ ਚਕਰਵਰਤੀ ਆਮ ਪਰਵਾਰ ਤੋਂ ਉਠ ਕੇ ਆਏ ਹਨ ਤੇ ਇਸ ਕਰ ਕੇ ਇਹ ਨੌਜਵਾਨ ਉਮੀਦ ਦੀ ਕਿਰਨ ਹਨ ਅਤੇ ਸੁਸ਼ਾਂਤ ਦੀ ਮੌਤ ਧਿਆਨ ਖਿਚਦੀ ਹੈ। ਪਰ ਅੱਜ ਦੇ ਦਿਨ ਉਹ ਵੀ ਉਸੇ 'ਖ਼ਾਸਮ ਖ਼ਾਸ' ਦਾ ਹਿੱਸਾ ਬਣ ਚੁੱਕੇ ਹਨ ਜਿਸ ਦੀ ਮੌਤ ਦੀ ਕੀਮਤ,  ਆਮ ਭਾਰਤੀ ਦੀ ਮੌਤ ਦੀ ਕੀਮਤ ਤੋਂ ਵੱਧ ਹੁੰਦੀ ਹੈ।

ਘਰੇਲੂ ਲੜਾਈ ਤੋਂ ਤੰਗ ਆਏ ਸੁਸ਼ਾਂਤ ਜਾਂ ਕਤਲ ਦੇ ਕੇਸ ਜਾਂ ਕਿਸੇ ਨਿਰਦੇਸ਼ਕ ਵਲੋਂ ਸਤਾਏ ਗਏ ਸੁਸ਼ਾਂਤ ਦੇ ਕੇਸ ਵਲ ਧਿਆਨ ਦਿਤਾ ਜਾ ਰਿਹਾ ਹੈ ਕਿਉਂਕਿ ਉਹ 'ਖ਼ਾਸਮ ਖ਼ਾਸ' ਹੈ। ਸੁਸ਼ਾਂਤ ਨੂੰ ਨਿਆਂ ਮਿਲੇਗਾ, ਈ.ਡੀ. ਨੇ ਜਾਂਚ ਕਰ ਲਈ, ਸੀ.ਬੀ.ਆਈ. ਜਾਂਚ ਕਰਨ ਵਿਚ ਲੱਗੀ ਹੋਈ ਹੈ। ਪਰ ਇਹੀ ਸੰਸਥਾਵਾਂ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕੇਸ ਦੀ ਜਾਂਚ ਪੂਰੀ ਨਹੀਂ ਕਰ ਸਕੀਆਂ। 

ਇਕ ਸੁਸ਼ਾਂਤ ਸਿੰਘ ਦੀ ਮੌਤ 'ਤੇ ਸਾਰੇ ਹਿਲ ਗਏ ਕਿਉਂਕਿ ਉਹ ਖ਼ਾਸ ਬੰਦਾ ਸੀ ਪਰ ਜਦ ਹਜ਼ਾਰਾਂ ਨੌਜਵਾਨ ਪੰਜਾਬ ਵਿਚ ਨਸ਼ੇ ਦੇ ਵਪਾਰ ਕਾਰਨ ਲਗਾਤਾਰ ਮਾਰੇ ਜਾ ਰਹੇ ਹਨ, ਇਨ੍ਹਾਂ ਵਲ ਸੀ.ਬੀ.ਆਈ., ਈ.ਡੀ. ਦੇ ਹੱਥ ਚਲਦੇ ਹੀ ਨਹੀਂ। ਕਾਰਨ? ਮਰਨ ਵਾਲੇ ਨੌਜਵਾਨ ਆਮ ਪਰਵਾਰਾਂ ਦੇ ਜੀਅ ਸਨ।

ਜੇ ਅੱਜ ਕਿਸੇ ਸੁਸ਼ਾਂਤ ਸਿੰਘ ਦੀ ਮੌਤ ਨਸ਼ੇ ਕਾਰਨ ਹੋ ਜਾਵੇ, ਜਾਂ ਕਿਸੇ ਵੱਡੇ ਸਿਆਸਤਦਾਨ ਦੇ ਘਰ ਦਾ ਜੀਅ ਨਸ਼ੇ ਕਾਰਨ ਮਰ ਜਾਵੇ ਤਾਂ ਵੇਖਣਾ ਈ.ਡੀ. ਦੀਆਂ ਫ਼ਾਈਲਾਂ ਕਿਸ ਤਰ੍ਹਾਂ ਰਾਤੋ ਰਾਤ ਖੁਲ੍ਹ ਜਾਂਦੀਆਂ ਹਨ। ਦਿੱਲੀ ਵਿਚ ਹਾਲ ਹੀ ਵਿਚ ਹੋਏ ਦੰਗਿਆਂ ਦੀ ਵੀਡੀਉ ਵਿਚ ਦਿੱਲੀ ਪੁਲਿਸ ਹੱਥ 'ਤੇ ਹੱਥ ਧਰ ਕੇ ਖੜੀ ਨਜ਼ਰ ਆਈ, ਜਾਂ ਕਦੇ-ਕਦੇ ਭੀੜ ਨੂੰ ਉਕਸਾਉਂਦੀ ਹੋਈ ਵੀ ਪਰ ਉਹੀ ਦਿੱਲੀ ਪੁਲਿਸ ਹੁਣ ਪਰਚੇ ਦਰਜ ਕਰ ਰਹੀ ਹੈ

ਜਦਕਿ ਉਸ ਵੇਲੇ ਉਹ ਬੇਗੁਨਾਹਾਂ ਉਤੇ ਲਾਠੀਆਂ ਚਲਾ ਕੇ ਕਾਨੂੰਨ ਤੋੜ ਰਹੀ ਸੀ। ਧਰਮਾਂ ਵਿਚ 'ਖ਼ਾਸਮ ਖ਼ਾਸ' ਧਰਮ ਨੂੰ ਮੰਨਣ ਵਾਲੇ ਹਿੰਸਾ ਕਰਨ ਤੋਂ ਬਾਅਦ ਵੀ ਬਚ ਗਏ ਅਤੇ ਖ਼ਾਸਮ ਖ਼ਾਸ ਸਿਆਸਤਦਾਨ ਰਾਜੇ ਸ਼ੀਂਹ ਮੁਕੱਦਮ ਕੁੱਤੇ ਬਣ ਗਏ।

ਭਾਰਤ ਦੇਸ਼ ਹੀ 'ਖ਼ਾਸਮ ਖ਼ਾਸਾਂ' ਦਾ ਹੈ ਅਤੇ ਇਹ ਪੈਸਾ ਤੈਅ ਕਰਦਾ ਹੈ ਕਿ ਕੌਣ ਖ਼ਾਸ ਹੈ ਤੇ ਕੌਣ ਆਮ। ਤਾਂ ਹੀ ਤਾਂ ਇਸ ਦੇਸ਼ ਵਿਚ ਹਰ ਕਿਸੇ ਵਲੋਂ ਪੈਸੇ ਨੂੰ ਹੀ ਅਪਣਾ ਧਰਮ ਮੰਨਿਆ ਜਾਂਦਾ ਹੈ। ਪੈਸੇ ਬਣਾਉਣ ਵਾਲਾ ਵਿਅਕਤੀ ਹਰ ਅਸੂਲ ਕੁਰਬਾਨ ਕਰ ਦੇਂਦਾ ਹੈ ਕਿਉਂਕਿ ਪੈਸਾ ਹੀ ਇਸ ਦੇਸ਼ ਦਾ ਅਸਲ ਭਗਵਾਨ ਹੈ -ਨਿਮਰਤ ਕੌਰ