ਯਾਤਰੀਆਂ ਨਾਲ ਭਰੇ ਇੰਡੀਗੋ ਜਹਾਜ਼ ਦੇ ਇੰਜਣ ਵਿੱਚ ਲੱਗੀ ਭਿਆਨਕ ਅੱਗ
ਦਿੱਲੀ ਹਵਾਈਅੱਡੇ 'ਤੇ ਕਰਵਾਈ ਗਈ ਐਮਰਜੈਂਸੀ ਲੈਂਡਿੰਗ
ਜਹਾਜ਼ ਵਿਚ 184 ਯਾਤਰੀ ਸਨ ਸਵਾਰ
ਨਵੀਂ ਦਿੱਲੀ : ਦਿੱਲੀ ਹਵਾਈਅੱਡੇ 'ਤੇ ਸ਼ੁੱਕਰਵਾਰ ਰਾਤ 9:45 ਵਜੇ ਟੇਕ-ਆਫ ਦੌਰਾਨ ਇੰਡੀਗੋ ਏਅਰਲਾਈਨਜ਼ ਦੇ ਜਹਾਜ਼ ਦੇ ਇੰਜਣ 'ਚ ਅੱਗ ਲੱਗ ਗਈ। ਖਤਰੇ ਨੂੰ ਭਾਂਪਦੇ ਹੋਏ ਪਾਇਲਟ ਨੇ ਇਸ ਨੂੰ ਰਨਵੇ 'ਤੇ ਹੀ ਰੋਕ ਲਿਆ। ਇਸ ਵਿੱਚ 184 ਯਾਤਰੀ ਸਵਾਰ ਸਨ ਜੋ ਕਿ ਸਾਰੇ ਸੁਰੱਖਿਅਤ ਹਨ। ਇੰਡੀਗੋ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਤਕਨੀਕੀ ਖਰਾਬੀ ਕਾਰਨ ਇਹ ਹਾਦਸਾ ਵਾਪਰਿਆ ਹੈ।
ਇਸ ਘਟਨਾ 'ਤੇ ਡੀਜੀਸੀਏ ਨੇ ਕਿਹਾ ਕਿ ਟੇਕਆਫ ਦੌਰਾਨ ਫਲਾਈਟ ਦੇ ਇੰਜਣ-2 'ਚ ਜ਼ੋਰਦਾਰ ਧਮਾਕਾ ਹੋਇਆ, ਜਿਸ ਕਾਰਨ ਇਸ 'ਚ ਅੱਗ ਲੱਗ ਗਈ। ਡੀਜੀਸੀਏ ਮੁਤਾਬਕ ਅੱਗ 'ਤੇ ਕਾਬੂ ਪਾਉਣ ਤੋਂ ਬਾਅਦ ਫਲਾਈਟ ਨੂੰ ਲੈਂਡ ਕਰ ਦਿੱਤਾ ਗਿਆ ਹੈ। ਦੁਰਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਵਿੱਚ ਜੋ ਵੀ ਦੋਸ਼ੀ ਹੋਵੇਗਾ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਨੂੰ ਜਹਾਜ਼ 'ਚ ਮੌਜੂਦ ਕਿਸੇ ਯਾਤਰੀ ਨੇ ਬਣਾਇਆ ਸੀ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਜਹਾਜ਼ ਟੇਕ ਆਫ ਲਈ ਰਨਵੇ 'ਤੇ ਦੌੜਦਾ ਹੈ, ਜਦੋਂ ਅਚਾਨਕ ਚੰਗਿਆੜੀਆਂ ਨਿਕਲਣ ਲੱਗੀਆਂ। ਜਲਦੀ ਹੀ ਚੰਗਿਆੜੀ ਅੱਗ ਦਾ ਰੂਪ ਲੈ ਲੈਂਦੀ ਹੈ। ਪਾਇਲਟ ਤੁਰੰਤ ਰਨਵੇਅ 'ਤੇ ਹੀ ਜਹਾਜ਼ ਨੂੰ ਰੋਕ ਦਿੰਦਾ ਹੈ। ਫਿਰ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।