ਕਿਸਾਨਾਂ ਦੇ ਤਿੱਖੇ ਤੇਵਰਾਂ ਨੂੰ ਵੇਖਦਿਆਂ ਮੱਠੀ ਪਈ ਸਰਕਾਰ, ਗ੍ਰਹਿ ਮੰਤਰੀ ਨੇ ਕਹੀ ਵੱਡੀ ਗੱਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਰਤਾਂ ਸਹਿਤ ਗੱਲਬਾਤ ਦੇ ਸੱਦਾ ‘ਕਿਸਾਨ ਦਾ ਅਮਪਾਨ’ ਕਰਾਰ

Home Minister Amit Shah

ਨਵੀਂ ਦਿੱਲੀ: ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਕਿਸਾਨਾਂ ਅੰਦਰ ਗੁੱਸਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਕੇਂਦਰ ਦਾ ਅੜੀਅਲ ਵਤੀਰਾ ਅਤੇ ਭਾਜਪਾ ਆਗੂਆਂ ਦੇ ਬਿਨਾਂ ਸਿਰਪੈਰ ਦੇ ਬਿਆਨ ਧੁਖਦੀ ’ਤੇ ਤੇਲ ਦਾ ਕੰਮ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਵਲੋਂ ਮੰਨ ਕੀ ਬਾਤ ਕਰਦਿਆਂ ਖੇਤੀ ਕਾਨੂੰਨਾਂ ਦੀ ਕੀਤੀ ਉਸਤਤ ਦਾ ਕਿਸਾਨਾਂ ’ਤੇ ਨਾੜ ’ਚ ਲੱਗੇ ਟੀਕੇ ਵਾਂਗ ਅਸਰ ਹੋਇਆ ਹੈ। ਇਹੀ ਨਹੀਂ, ਕਿਸਾਨਾਂ ਨੂੰ ਕਰੋਨਾ ਦੇ ਨਾਮ ’ਤੇ ਝੱਬਣ ਵਾਲੀ ਸੱਤਾਧਾਰੀ ਧਿਰ ਖੁਦ ਹੈਦਰਾਬਾਦ ’ਚ ਨਗਰ ਨਿਗਮ ਚੋਣਾਂ ’ਚ ਵੋਟਾਂ ਮੰਗਣ ਲਈ ਰੋਡ ਸ਼ੋਅ ਕਰਦਿਆਂ ਵੱਡੇ ਇਕੱਠ ਕਰ ਕਰ ਰਹੀ ਹੈ। ਕਿਸਾਨਾਂ  ਨੂੰ ਅਜੇ ਵੀ ਕਰੋਨਾ ਦਾ ਡਰ ਵਿਖਾਉਂਦਿਆਂ ਬੁਰਾੜੀ ਮੈਦਾਨ ’ਚ ਇਕੱਠੇ ਹੋਣ ਦੀ ਨਸੀਹਤ ਦਿਤੀ ਜਾ ਰਹੀ ਹੈ।

ਭਾਜਪਾ ਆਗੂਆਂ ਦੇ ਅਜਿਹੇ ਭੜਕੀਲੇ ਬਿਆਨਾਂ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਤੇਵਰਾਂ ’ਚ ਹੋਰ ਗਰਮਾਹਟ ਆ ਗਈ ਹੈ। ਅੱਜ ਹੋਈ ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਬੁਰਾੜੀ ਮੈਦਾਨ ’ਚ ਜਾਣ ਤੋਂ ਨਾਂਹ ਕਰਨ ਦੇ ਨਾਲ ਨਾਲ ਸ਼ਰਤਾਂ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨ ਤੋਂ ਨਾਂਹ ਕਰ ਦਿਤੀ ਹੈ। ਕਿਸਾਨਾਂ ਨੇ ਬੁਰਾੜੀ ਮੈਦਾਨ ਨੂੰ ਓਪਨ ਜੇਲ੍ਹ ਕਹਿੰਦਿਆਂ ਸ਼ਰਤਾਂ ਸਹਿਤ ਗੱਲਬਾਤ ਨੂੰ ਕਿਸਾਨਾਂ ਦਾ ਅਪਮਾਨ ਕਰਾਰ ਦਿਤਾ ਹੈ।

ਦੂਜੇ ਪਾਸੇ ਕਿਸਾਨਾਂ ਵਲੋਂ ਕੀਤੇ ਗਏ ਤਾਜ਼ਾ ਸਖ਼ਤ ਐਲਾਨ ਤੋਂ ਬਾਅਦ  ਕੇਂਦਰ ਸਰਕਾਰ ਦੇ ਤੇਵਰਾਂ ’ਚ ਬਦਲਾਅ ਆਉਣ ਲੱਗਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤਾ ਸ਼ਾਹ ਨੇ ਅੱਜ ਹੈਦਰਾਬਾਦ ਵਿਚ ਕਿਸਾਨ ਅੰਦੋਲਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੈਂ ਕਦੇ ਵੀ ਕਿਸਾਨਾਂ ਦੇ ਵਿਰੋਧਾਂ ਨੂੰ ਰਾਜਨੀਤਕ ਤੌਰ ’ਤੇ ਪ੍ਰੇਰਿਤ ਨਹੀਂ ਕਿਹਾ ਤੇ ਨਾ ਹੀ ਹੁਣ ਕਹਿ ਰਿਹਾ ਹਾਂ। ਉਨ੍ਹਾਂ ਕਿਹਾ ਕਿ ਉਹ ਮਸਲੇ ਦਾ ਹੱਲ ਕੱਢਣ ਲਈ ਗੰਭੀਰ ਹਨ।

ਕਾਬਲੇਗੌਰ ਹੈ ਕਿ ਹੁਣ ਤਕ ਭਾਜਪਾ ਦੇ ਜ਼ਿਆਦਾਤਰ ਆਗੂ ਕਿਸਾਨੀ ਅੰਦੋਲਨ ਨੂੰ ਵਿਰੋਧੀ ਧਿਰਾਂ ਦੀ ਸ਼ਹਿ ਪ੍ਰਾਪਤ ਕਰਾਰ ਦਿੰਦੇ ਆ ਰਹੇ ਹਨ। ਬੀਤੇ ਦਿਨੀਂ ਹਰਿਆਣਾ ਦੇ ਮੁੱਖ ਮੰਤਰੀ ਨੇ ਦੋ ਕਦਮ ਹੋਰ ਅੱਗੇ ਜਾਂਦਿਆਂ ਕਿਸਾਨਾਂ ਅੰਦਰ ਖ਼ਾਲਿਸਤਾਨ ਪੱਖੀ ਤੱਤਾਂ ਦੇ ਸ਼ਾਮਲ ਹੋਣ ਦੀ ਗੱਲ ਕਹੀ ਸੀ, ਜਿਸ ਦੀ ਭਾਰੀ ਮੁਖਾਲਫ਼ਤ ਹੋਈ  ਸੀ। ਗ੍ਰਹਿ ਮੰਤਰੀ ਦੇ ਤਾਜ਼ਾ ਬਿਆਨ ਤੋਂ ਬਾਅਦ ਕੇਂਦਰ ਸਰਕਾਰ ਦੇ ਮੱਠੇ ਪੈਣ ਦੇ ਸੰਕੇਤ ਮਿਲਣ ਲੱਗੇ ਹਨ।