ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਡਫਲੀ ਨਾਲ ਨਾਅਰੇ ਲਗਾ ਕੇ ਸਰਕਾਰ ਨੂੰ ਪਾਈਆਂ ਲਾਹਣਤਾਂ
'ਮੋਦੀ ਸ਼ੋਦੀ ਚੱਕ ਦਿਆਂਗੇ, ਧੌਣ 'ਤੇ ਗੋਡਾ ਰੱਖ ਦਿਆਂਗੇ' ਨਾਅਰੇ ਲਾਉਂਦੇ ਹੋਏ ਸਰਕਾਰ ਦਾ ਕੀਤਾ ਵਿਰੋਧ
ਨਵੀਂ ਦਿੱਲੀ:: ਕਿਸਾਨਾਂ ਵੱਲੋਂ ਵਿੰਡੇ ਗਏ ਸੰਘਰਸ਼ ਵਿਚ ਪੰਜਾਬ ਦੇ ਨੌਜਵਾਨ ਵਿਦਿਆਰਥੀ ਵੀ ਵਧ ਚੜ੍ਹ ਕੇ ਸ਼ਮੂਲੀਅਤ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਐਲਾਨੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਨੌਜਵਾਨ ਜਿੱਥੇ ਇਕ ਪਾਸੇ ਥਾਂ-ਥਾਂ 'ਤੇ ਪ੍ਰਦਰਸ਼ਨ ਕਰ ਰਹੇ ਨੇ ਤਾਂ ਦੂਜੇ ਪਾਸੇ ਕਈ ਵਿਦਿਆਰਥੀ ਕਿਸਾਨਾਂ ਦਾ ਸਾਥ ਦੇਣ ਲਈ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ।
ਬੀਤੇ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਿਆਰਥੀ ਜਥੇਬੰਦੀ ਡੀਐਸਓ ਪੰਜਾਬ ਦੇ ਵਿਦਿਆਰਥੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਕਾਫ਼ਲੇ 'ਚ ਸ਼ਾਮਲ ਹੋਏ। ਕਾਫ਼ਲੇ ਨਾਲ ਦਿੱਲੀ ਰਵਾਨਾ ਹੋਣ ਮੌਕੇ ਇਹਨਾਂ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਨੂੰ ਰੱਜ ਕੇ ਲਾਹਣਤਾਂ ਪਾਈਆਂ। 'ਮੋਦੀ ਸ਼ੋਦੀ ਚੱਕ ਦਿਆਂਗੇ, ਧੌਣ 'ਤੇ ਗੋਡਾ ਰੱਖ ਦਿਆਂਗੇ' ਆਦਿ ਨਾਅਰੇ ਲਾਉਂਦੇ ਹੋਏ ਵਿਦਿਆਰਥੀਆਂ ਨੇ ਸਰਕਾਰ ਦਾ ਜੰਮ ਕੇ ਵਿਰੋਧ ਕੀਤਾ।
ਵਿਦਿਆਰਥੀਆਂ ਵਿਚ ਕੁੜੀਆਂ ਤੇ ਮੁੰਡੇ ਦੋਵੇਂ ਸ਼ਾਮਲ ਸਨ। ਹੱਥਾਂ ਵਿਚ ਡਫਲੀਆਂ ਫੜ ਕੇ ਤੇ ਵਾਹਨਾਂ 'ਤੇ ਚੜ੍ਹ ਵਿਦਿਆਰਥੀਆਂ ਨੇ ਜਦੋਂ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤਾਂ ਲੋਕ ਉਹਨਾਂ ਨੂੰ ਖੜ੍ਹ-ਖੜ੍ਹ ਦੇਖਣ ਲੱਗੇ। ਵਿਦਿਆਰਥੀਆਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਵੀ ਹੋਈ।
ਇਹਨਾਂ ਵਿਦਿਆਰਥੀਆਂ ਨੇ ਗਾਣੇ ਜ਼ਰੀਏ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਦੀ ਤਾਨਾਸ਼ਾਹੀ ਤੇ ਗੁੰਡਾਗਰਦੀ ਨਹੀਂ ਚੱਲੇਗੀ। ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਇਹਨਾਂ ਨੌਜਵਾਨਾਂ ਵਿਚ ਕਾਫ਼ੀ ਜੋਸ਼ ਸੀ ਤੇ ਇਹੀ ਜੋਸ਼ ਕਿਸਾਨੀ ਅੰਦੋਲਨ ਨੂੰ ਤਾਕਤ ਬਣਿਆ ਰਿਹਾ।