ਕਿਸਾਨੀ ਸੰਘਰਸ਼ ’ਚ ਪਹੁੰਚੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ, ਅਖੌਤੀ ਆਗੂਆਂ ਦੀ ਖੋਲੀ ਪੋਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਵੱਡੀਆਂ ਰੋਕਾਂ ਦੇ ਬਾਵਜੂਦ ਦਿੱਲੀ ਪਹੁੰਚ ਕੇ ਕਿਸਾਨਾਂ ਨੇ ਇਤਿਹਾਸ ਸਿਰਜ ਦਿਤਾ ਹੈ

University Student

ਨਵੀਂ ਦਿੱਲੀ : ਦਿੱਲੀ ਦੀਆਂ ਬਰੂਹਾਂ ’ਤੇ ਪਹੁੰਚ ਕਿਸਾਨੀ ਸੰਘਰਸ਼ ਅਪਣੀ ਚਰਮ-ਸੀਮਾਂ ’ਤੇ ਪਹੁੰਚ ਚੁੱਕਾ ਹੈ। ਲੱਖਾਂ ਦੀ ਗਿਣਤੀ ’ਚ ਪਹੁੰਚੇ ਕਿਸਾਨਾਂ ’ਚ 10 ਸਾਲ ਦੇ ਬੱਚੇ ਤੋਂ ਲੈ ਕੇ 90 ਸਾਲ ਦੇ ਬਜ਼ੁਰਗਾਂ ਤੋਂ ਇਲਾਵਾ ਔਰਤਾਂ ਵੀ ਸ਼ਾਮਲ ਹਨ। ਸਪੋਕਸਮੈਨ ਟੀਵੀ ਦੇ ਪੱਤਰਕਾਰ ਚਰਨਜੀਤ ਸਿੰਘ ਸੁਰਖਾਬ ਵਲੋਂ ਦਿੱਲੀ ਪਹੁੰਚੇ ਹਰ ਵਰਗ ਦੇ ਲੋਕਾਂ ਨਾਲ ਵਿਚਰਦਿਆਂ ਉਨ੍ਹਾਂ ਦੇ ਵਿਚਾਰਾਂ ਨੂੰ ਕੈਮਰੇ ਦੀ ਅੱਖ ਰਾਹੀਂ ਵੇਖਣ ਅਤੇ ਗੱਲਬਾਤ ਜ਼ਰੀਏ ਉਨ੍ਹਾਂ ਅੰਦਰ ਛੁਪੇ ਵਲਵਲਿਆਂ ਨੂੰ ਲੋਕਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਨੌਜਵਾਨਾਂ ਅੰਦਰ ਛੁਪੇ ਵਲਵਲੇ ਅਤੇ ਸਿਸਟਮ ਖਿਲਾਫ਼ ਗੁੱਸਾ ਵੀ ਖੁਲ੍ਹ ਕੇ ਸਾਹਮਣੇ ਆਇਆ ਹੈ। ਖ਼ਾਸ ਕਰ ਕੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਕੀਤੀ ਗਈ ਗੱਲਬਾਤ ਵੱਡੇ ਮਾਇਨੇ ਰੱਖਦੀ ਹੈ।

ਇੱਥੇ ਪਹੁੰਚੇ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਅੰਦਰ ਛੁਪੇ ਗਿਆਨ ਅਤੇ ਵੱਡੀ ਸਮਝਦਾਰੀ ਦੇ ਦਰਸ਼ਨ ਹੁੰਦੇ ਹਨ। ਇਨ੍ਹਾਂ ਨੌਜਵਾਨਾਂ ਨੇ ਜਿੱਥੇ ਹਕੂਮਤਾਂ ਦੇ ਲੁਕਵੇਂ ਏਜੰਡਿਆਂ ਬਾਰੇ ਵਿਚਾਰ ਸਾਂਝੇ ਕੀਤੇ, ਉਥੇ ਹੀ ਮੌਜੂਦਾ ਲੀਡਰਸ਼ਿਪ ਦੀਆਂ ਨਕਾਮੀਆਂ ਅਤੇ ਕਮੀਆਂ ਦਾ ਵੀ ਖੁਲ੍ਹ ਕੇ ਬਖਾਨ ਕੀਤਾ। ਨੌਜਵਾਨਾਂ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਦਿੱਲੀ ਵਿਖੇ ਹੋਇਆ ਇਹ ਇਕੱਠ ਆਗੂਆਂ ਦੇ ਕਹਿਣ ਜਾਂ ਮਗਰ ਲੱਗ ਕੇ ਦਿੱਲੀ ਨਹੀਂ ਪਹੁੰਚਿਆ ਜਦਕਿ ਲੋਕਾਂ ਦਾ ਜੋਸ਼ ਅਤੇ ਜਜ਼ਬਾ ਹੀ ਇਨ੍ਹਾਂ ਆਗੂਆਂ ਨੂੰ ਅੱਗੇ ਲਾ ਕੇ ਦਿੱਲੀ ਦੀਆਂ ਬਰੂਹਾਂ ਤਕ ਲੈ ਕੇ ਆਇਆ ਹੈ।

ਨੌਜਵਾਨਾਂ ਨੇ ਗਿਲਾ ਜ਼ਾਹਰ ਕਰਦਿਆਂ ਕਿਹਾ ਕਿ ਲੱਖਾਂ ਦਾ ਇਕੱਠ ਦਾ ਦਾਅਵਾ ਕਰਨ ਵਾਲੀਆਂ ਜਥੇਬੰਦੀਆਂ ਵਿਚੋਂ ਕਈ ਤਾਂ ਹਰਿਆਣਾ ਦੀ ਜੂਹ ’ਤੇ ਹੀ ਤੰਬੂ ਗੱਡ ਕੇ ਬਹਿ ਗਈਆਂ ਸਨ, ਇਹ ਤਾਂ ਨੌਜਵਾਨਾਂ ਅਤੇ ਕਿਸਾਨਾਂ ਦਾ ਜੋਸ਼ ਅਤੇ ਜਜ਼ਬਾ ਹੀ ਸੀ ਜੋ ਵੱਡੀਆਂ ਰੋਕਾਂ ਨੂੰ ਪੈਰਾਂ ਹੇਠ ਰੌਂਦਦਿਆਂ ਦਿੱਲੀ ਪਹੁੰਚਣ ’ਚ ਕਾਮਯਾਬ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਇਕੱਠ ਇਨ੍ਹਾਂ ਅਖੌਤੀ ਆਗੂਆਂ ਦਾ ਕੀਤਾ ਹੁੰਦਾ ਤਾਂ ਇਹ ਅੱਜ ਹਰਿਆਣਾ ਦੀ ਜੂਹ ’ਚ ਪੰਜਾਬ ਵਾਲੇ ਬੈਠਾ ਧਰਨਾ ਦੇ ਰਿਹਾ ਹੁੰਦਾ। 

ਮੌਜੂਦਾ ਸਿਆਸੀ ਆਗੂਆਂ ਦੇ ਕਿਰਦਾਰ ਬਾਰੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਚੱਲ ਰਿਹਾ ਸਿਸਟਮ ਵੇਲਾ-ਵਿਹਾ ਚੁੱਕਾ ਹੈ ਅਤੇ ਚੋਣਾਂ ਦੌਰਾਨ ਅਸੀਂ ਸਿਰਫ਼ ਲੀਡਰ ਹੀ ਬਦਲਦੇ ਹਾਂ ਜਦਕਿ ਉਨ੍ਹਾਂ ਦੀ ਸੋਚ, ਕਿਰਦਾਰ ਅਤੇ  ਸ਼ਖ਼ਸੀਅਤ ਪਹਿਲਾਂ ਵਾਲਿਆਂ ਵਰਗੀ ਹੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਾਡੀ ਮੌਜੂਦਾਂ ਆਗੂਆਂ ਦੀ ਮਾਨਸਿਕਤਾ ਵੱਡੇ ਕਾਰਪੋਰੇਟ ਘਰਾਣਿਆਂ ਦੀ ਗੁਲਾਮ ਹੋ ਚੁੱਕੀ ਹੈ। ਇਹ ਉਹੀ ਕੁੱਝ ਕਰਦੇ ਹਨ ਜੋ ਇਨ੍ਹਾਂ ਦੇ ਖੁਦ ਅਤੇ ਕਾਰਪੋਰੇਟਾਂ ਦੇ ਪੱਖ ’ਚ ਹੁੰਦਾ ਹੈ। ਇਹ ਜਨਤਾ ਦਾ ਕੋਈ ਭਲਾ ਨਹੀਂ ਕਰ ਸਕਦੇ, ਸਗੋਂ ਵੱਡੀਆਂ ਵੱਡੀਆਂ ਤਨਖ਼ਾਹਾਂ ਅਤੇ ਭੱਤਿਆਂ ਜ਼ਰੀਏ ਜਨਤਾ ਦਾ ਖੂਨ ਚੂਸਣ ’ਚ ਲੱਗੇ  ਹੋਏ ਹਨ।

ਕੇਂਦਰ ਦੀ ਮਨਸ਼ਾ ਬਾਰੇ ਗੱਲ ਕਰਦਿਆਂ ਵਿਦਿਆਰਥੀਆਂ ਨੇ ਕਿਹਾ ਕਿ ਸਰਕਾਰ ਨੂੰ ਲਗਦਾ ਸੀ ਕਿ ਕਿਸਾਨ ਹਰਿਆਣਾ ਦੇ ਬਾਰਡਰ ਤੋਂ ਵਾਪਸ ਮੁੜ ਜਾਣਗੇ ਪਰ ਕਿਸਾਨਾਂ ਨੇ ਦਿੱਲੀ ਪਹੁੰਚ ਕੇ ਉਨ੍ਹਾਂ ਦੇ ਭਰਮ ਭੁਲੇਖੇ ਦੂਰ ਕਰ ਦਿਤੇ ਹਨ। ਨੌਜਵਾਨ ਮੁਤਾਬਕ ਵੱਡੀਆਂ ਔਕੜਾਂ ਨੂੰ ਪਾਰ ਕਰਦਿਆਂ ਕਿਸਾਨਾਂ ਨੇ ਅੱਜ ਇਤਿਹਾਸ ਸਿਰਜ ਦਿਤਾ ਹੈ ਅਤੇ ਹੁਣ ਤਾਂ ਇਹ ਦੇਖਣਾ ਹੈ ਕਿ ਜਿੱਤ ਕਿਵੇਂ ਹੋਵੇ। ਕੇਂਦਰ ਵਲੋਂ ਗੱਲਬਾਤ ਦੇ ਸੱਦੇ ਬਾਰੇ ਉਨ੍ਹਾਂ ਕਿਹਾ ਕਿ ਗੱਲਬਾਤ ਤਾਂ ਉਥੇ ਹੁੰਦੀ ਹੈ ਜਿੱਥੇ ਦੋਵਾਂ ਧਿਰਾਂ ਨੂੰ ਕਮੀ ਮਹਿਸੂਸ ਹੁੰਦੀ ਹੈ। ਇੱਥੇ ਕੇਂਦਰ ਸਰਕਾਰ ਅਪਣੇ ਬਣਾਏ ਕਾਨੂੰਨਾਂ ’ਚ ਕਿਸੇ ਵੀ ਤਰ੍ਹਾਂ ਦੀ ਕਮੀ ਮੰਨਣ ਨੂੰ ਤਿਆਰ ਨਹੀਂ, ਫਿਰ ਗੱਲਬਾਤ ਕਿਸ ਮੁੱਦੇ ’ਤੇ ਹੋਵੇਗੀ। 

ਉਨ੍ਹਾਂ ਕਿਹਾ ਕਿ ਜਦੋਂ ਤਕ ਕੇਂਦਰ ਸਰਕਾਰ ਅਪਣੇ ਬਣਾਏ ਕਾਨੂੰਨਾਂ ਵਿਚਲੀਆਂ ਕਮੀਆਂ ’ਤੇ ਉਂਗਲ ਨਹੀਂ ਧਰਦੀ, ਗੱਲਬਾਤ ਦਾ ਕੋਈ ਵੀ ਫ਼ਾਇਦਾ ਨਹੀਂ ਹੋਣਾ। ਸਰਕਾਰ ਵਲੋਂ ਸੁਰੱਖਿਆ ਦਸਤਿਆਂ ਦੇ ਕੀਤੇ ਜਾ ਰਹੇ ਵੱਡੇ ਜਮਾਵੜੇ ਬਾਰੇ ਉਨ੍ਹਾਂ ਕਿਹਾ ਕਿ ਜੇ ਭਾਰਤੀ ਹਕੂਮਤ ਨੇ ਸੋਚ ਲਿਆ ਕਿ ਗੋਲੀਆਂ ਮਾਰ ਕੇ ਕਿਸਾਨਾਂ ਨੂੰ ਖ਼ਤਮ ਕਰਨਾ ਹੈ ਫਿਰ ਉਹ ਇਹ ਵੀ ਕਰ ਸਕਦੇ ਹਨ ਪਰ ਕਿਸਾਨ ਆਪਣੇ ਟੀਚੇ ਤੋਂ ਪਿਛੇ ਮੁੜਨ ਲਈ ਕਦੇ ਵੀ ਤਿਆਰ ਨਹੀਂ ਹੋਣਗੇ।  ਉਨ੍ਹਾਂ ਕਿਹਾ ਕਿ ਉਂਝ ਭਾਰਤੀ ਹਕੂਮਤ ਕੋਲ ਕਿਸਾਨਾਂ ਨਾਲ ਲੜਨ ਦੀ ਸਮਰਥਾ ਨਹੀਂ ਹੈ। ਨੌਜਵਾਨਾਂ ਮੁਤਾਬਕ ਇਹ ਗੱਲ ਮਹੱਤਵਪੂਰਨ ਹੈ ਕਿ ਜਿਹੜੀਆਂ ਕਿਸਾਨ ਯੂਨੀਅਨਾਂ ਨੇ ਸੰਘਰਸ਼ ਦਾ ਸੱਦਾ ਦਿਤਾ ਸੀ, ਉਹ ਅਗਵਾਈ ਕਿੰਨੀ ਕੁ ਚੰਗੀ ਤਰ੍ਹਾਂ ਕਰਦੀਆਂ ਹਨ। ਹੁਣ ਤਕ ਉਹ ਅਜਿਹਾ ਕਰਨ ’ਚ ਅਸਫ਼ਲ ਸਾਬਤ ਹੋਈਆਂ ਹਨ।

ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਹੋਇਆ ਇਕੱਠ ਕਿਸਾਨ ਯੂਨੀਅਨਾਂ ਨਾਲ ਜੁੜੇ ਕਿਸਾਨਾਂ ਦਾ ਨਹੀਂ ਹੈ। ਇਸ ਵਿਚ ਵੱਡੀ ਗਿਣਤੀ ’ਚ ਉਹ ਲੋਕ ਵੀ ਸ਼ਾਮਲ ਹਨ ਜੋ ਪੰਜਾਬ ਤੇ ਕਿਸਾਨੀ ਦੇ ਦਰਦ ਨੂੰ ਸਮਝ ਕੇ ਸੰਘਰਸ਼ ਵਿਚ ਸ਼ਾਮਲ ਹੋਏ ਹਨ। ਵਿਦਿਆਰਥੀਆਂ ਨੇ ਕਿਹਾ ਕਿ ਅਸੀਂ ਸਰਕਾਰ ਵਲੋਂ ਸੁਝਾਈ ਜਗ੍ਹਾ ਬੁਰਾੜੀ ਮੈਦਾਨ ’ਚ ਨਹੀਂ ਬੈਠਣਾ, ਅਸੀਂ ਜੇ ਬੈਠਣਾ ਹੈ ਤਾਂ ਪਾਰਲੀਮੈਂਟ ਅੱਗੇ ਬੈਠਣਾ ਜਾਂ ਦਿੱਲੀ ਦੀਆਂ ਗਲੀਆਂ ’ਚ ਨੱਚਣਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਅਜੇ ਤਕ ਇਹ ਨਹੀਂ ਮੰਨਿਆ ਗਿਆ ਕਿ ਉਨ੍ਹਾਂ ਨੇ ਕੋਈ ਗ਼ਲਤੀ ਕੀਤੀ ਹੈ, ਫਿਰ ਟੇਬਲ ਟਾਕ ਕਿਵੇਂ ਹੋ ਸਕਦੀ ਹੈ। ਵਿਦਿਆਰਥੀਆਂ ਮੁਤਾਬਕ ਕੇਂਦਰ ਵਲੋਂ ਗੱਲਬਾਤ ਦਾ ਦੌਰ ਤਾਂ ਪਹਿਲਾਂ ਹੀ ਖ਼ਤਮ  ਕੀਤਾ ਜਾ ਚੁੱਕਾ ਹੈ। ਕਿਸਾਨਾਂ ਅਨੁਸਾਰ ਇਹ ਕਾਲੇ ਕਾਨੂੰਨ ਉਨ੍ਹਾਂ ਦੀ ਹੋਂਦ ਲਈ ਖ਼ਤਰਾ ਹਨ ਅਤੇ ਟੇਬਲ ਟਾਕ ਸਰਕਾਰ ਦੀ ਡਰਾਮੇਬਾਜ਼ੀ ਹੈ। ਇਕ ਪਾਸੇ ਉਹ ਕਹਿ ਰਹੇ ਨੇ ਕਿ ਕਾਨੂੰਨ ਠੀਕ ਹਨ, ਫਿਰ ਟੇਬਲ ਟਾਕ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ।