ਹੋਸਟਲ 'ਚ ਬੇਹੋਸ਼ੀ ਦੀ ਹਾਲਤ 'ਚ ਮਿਲਿਆ ਵਿਦਿਆਰਥੀ ਬਾਅਦ 'ਚ ਐਲਾਨਿਆ ਗਿਆ ਮ੍ਰਿਤਕ, ਕਾਲਜ 'ਚ ਭਾਰੀ ਵਿਰੋਧ ਪ੍ਰਦਰਸ਼ਨ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸੰਸਥਾ ਦੇ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਲੱਗੇ ਗੰਭੀਰ ਦੋਸ਼ 

Image

 

ਕੋਲਕਾਤਾ - ਕੋਲਕਾਤਾ ਦੇ ਬੜਾਨਗਰ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਲੋਕੋਮੋਟਰ ਡਿਸਏਬਿਲਿਟੀਜ਼ (ਐਨਆਈਐਲਡੀ) ਦਾ ਇੱਕ ਵਿਦਿਆਰਥੀ, ਪ੍ਰਿਯਰੰਜਨ ਸਿੰਘ ਆਪਣੇ ਹੋਸਟਲ ਦੇ ਕਮਰੇ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਅਤੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 

ਇਸ ਘਟਨਾ ਤੋਂ ਬਾਅਦ, ਕੇਂਦਰੀ ਸੰਸਥਾ ਐਨਆਈਐਲਡੀ ਦੇ ਕੈਂਪਸ ਵਿੱਚ ਵਿਰੋਧ ਸ਼ੁਰੂ ਹੋ ਗਿਆ, ਜਿੱਥੇ ਲੋਕਾਂ ਨੂੰ ਫਿਜ਼ੀਓਥੈਰੇਪਿਸਟ, ਆਰਥੋਟਿਸਟ ਆਦਿ ਬਣਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਆਰਥੋਪੈਡਿਕ ਤੌਰ 'ਤੇ ਅਪਾਹਜ ਮਰੀਜ਼ਾਂ ਦੀ ਮੁੱਢਲੀ ਦੇਖਭਾਲ ਦਿੱਤੀ ਜਾਂਦੀ ਹੈ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਸੋਮਵਾਰ ਨੂੰ ਕਾਲਜ ਅਧਿਕਾਰੀ ਪ੍ਰਿਯਰੰਜਨ ਸਿੰਘ ਨੂੰ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਕੋਈ ਉਪਾਅ ਕਰਨ 'ਚ ਨਾਕਾਮ ਰਹੇ ਅਤੇ ਉਸ ਦੀ ਜਾਨ ਬਚਾਈ ਜਾ ਸਕਦੀ ਸੀ।

ਵਿਦਿਆਰਥੀਆਂ ਦੇ ਇੱਕ ਟੋਲੇ ਨੇ ਸੰਸਥਾ ਦੇ ਮੁੱਖ ਗੇਟ ਨੂੰ ਤਾਲਾ ਲਗਾ ਦਿੱਤਾ, ਜਿਸ ਨਾਲ ਸਟਾਫ਼ ਅਤੇ ਮਰੀਜ਼ਾਂ ਨੂੰ ਬਾਹਰ ਉਡੀਕ ਕਰਨੀ ਪਈ। ਕਿਸੇ ਵੀ ਅਣਸੁਖਾਵੀਂ ਸਥਿਤੀ ਤੋਂ ਬਚਣ ਲਈ ਮੌਕੇ 'ਤੇ ਪੁਲਿਸ ਟੀਮ ਤਾਇਨਾਤ ਕੀਤੀ ਗਈ ਹੈ।

ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਸੰਸਥਾ ਦੁਆਰਾ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਵਿਦਿਆਰਥੀ ਦੀ ਮੌਤ ਕਿਨ੍ਹਾਂ ਹਾਲਾਤਾਂ ਵਿੱਚ ਹੋਈ।

ਅੰਦੋਲਨਕਾਰੀਆਂ ਨੇ ਦਾਅਵਾ ਕੀਤਾ ਕਿ ਹੋਰਨਾਂ ਵਿਦਿਆਰਥੀਆਂ ਵੱਲੋਂ ਮਦਦ ਮੰਗਣ ਦੇ ਬਾਵਜੂਦ, ਸੰਸਥਾ ਦੇ ਅਧਿਕਾਰੀਆਂ ਨੇ ਪ੍ਰਿਯਰੰਜਨ ਦੇ ਇਲਾਜ ਲਈ ਕੋਈ ਪਹਿਲਕਦਮੀ ਨਹੀਂ ਕੀਤੀ, ਅਤੇ ਉਸ ਨੂੰ ਮੋਟਰਸਾਈਕਲ 'ਤੇ ਨੇੜਲੇ ਦੇ ਹਸਪਤਾਲ ਲਿਜਾਣ ਦਾ ਪ੍ਰਬੰਧ ਕਰਨਾ ਪਿਆ।

ਪ੍ਰਿਯਰੰਜਨ ਨੂੰ ਸਾਗਰ ਦੱਤਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।