ਨਵੇਂ ਸਾਲ 'ਤੇ ਪਟਾਕਿਆਂ ਵਿਰੁਧ ਸੁਪਰੀਮ ਕੋਰਟ ਦੇ ਹੁਕਮ ਨੂੰ ਲਾਗੂ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ ਨੇ ਦਿੱਲੀ ਪੁਲਿਸ ਨੂੰ ਪਟਾਕੇ ਚਲਾਉਣ ਸਬੰਧੀ ਸੁਪਰੀਮ ਕੋਰਟ ਦੇ ਹੁਕਮ ਨੂੰ ਨਵੇਂ ਸਾਲ ਵਿਚ ਯਕੀਨੀ ਬਣਾਉਣ ਦਾ ਹੁਕਮ ਦਿਤਾ ਹੈ।

Supreme Court of India

ਨਵੀਂ ਦਿੱਲੀ  : ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ ਨੇ ਦਿੱਲੀ ਪੁਲਿਸ ਨੂੰ ਪਟਾਕੇ ਚਲਾਉਣ ਸਬੰਧੀ ਸੁਪਰੀਮ ਕੋਰਟ ਦੇ ਹੁਕਮ ਨੂੰ ਨਵੇਂ ਸਾਲ ਵਿਚ ਲਾਗੂ ਕਰਨ ਨੂੰ ਯਕੀਨੀ ਬਣਾਉਣ ਦਾ ਹੁਕਮ ਦਿਤਾ ਹੈ। ਸੀਪੀਸੀਬੀ ਮੁਖੀ ਐਸਪੀ ਸਿੰਘ ਪਰਿਹਾਰ ਨੇ ਜ਼ਾਰੀ ਕੀਤੇ ਨੋਟਿਸ ਵਿਚ ਪੁਲਿਸ ਮੁਖੀ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਵਾਤਾਵਰਣ ਹਿਤੈਸ਼ੀ ਪਟਾਕਿਆਂ ਨੂੰ ਦੋ ਘੰਟੇ ਦੀ ਨਿਰਧਾਰਤ ਮਿਆਦ ਤੱਕ ਚਲਾਉਣ ਦੇ ਹੁਕਮ ਦੀ ਪਾਲਣਾ ਯਕੀਨੀ ਬਣਾਈ ਜਾਵੇ।

ਅਦਾਲਤ ਨੇ ਹੁਕਮ ਦਿਤਾ ਹੈ ਕਿ ਦੀਵਾਲੀ ਅਤੇ ਹੋਰਨਾਂ ਤਿਉਹਾਰਾਂ ਦੇ ਮੌਕੇ ਪਟਾਕੇ ਚਲਾਉਣ ਦੀ ਮਿਆਦ ਦੋ ਘੰਟੇ ਤੱਕ ਸੀਮਤ ਹੋਵੇ ਅਤੇ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਸਿਰਫ ਵਾਤਾਵਰਣ ਹਿਤੈਸ਼ੀ ਪਟਾਕਿਆਂ ਦੀ ਹੀ ਵਿਕਰੀ ਹੋਵੇ। ਹਾਲਾਂਕਿ ਦੀਵਾਲੀ ਮੌਕੇ ਇਸ ਹੁਕਮ ਦੀ ਉਲੰਘਣਾ ਕਰਦੇ ਹੋਏ ਦੇਸ਼ ਵਿਚ ਕਈ ਥਾਵਾਂ 'ਤੇ ਧੂੰਏ ਵਾਲੇ ਪਟਾਕੇ ਚਲਾਏ ਗਏ। ਸੀਪੀਸੀਬੀ ਨੇ ਸੁਪਰੀਮ ਕੋਰਟ ਦੇ ਹੁਕਮ ਦੀ ਉਲੰਘਣਾ 'ਤੇ ਪੁਲਿਸ ਮੁਖੀ ਤੋਂ ਸਪਸ਼ਟੀਕਰਨ ਮੰਗਿਆ ਸੀ।

ਉਹਨਾਂ ਕਿਹਾ ਕਿ ਜਵਾਬ ਵਿਚ ਪੁਲਿਸ ਮੁਖੀ ਨੇ ਕਿਹਾ ਹੈ ਕਿ ਕੋਈ ਅਸਥਾਈ ਲਾਇਸੈਂਸ ਜ਼ਾਰੀ ਨਹੀਂ ਕੀਤਾ ਗਿਆ ਹੈ। ਸਾਰੇ 18 ਲਾਇਸੈਂਸ ਧਾਰਕਾਂ ਦੇ ਖੇਤਰਾਂ ਦਾ ਨਿਰੀਖਣ ਕੀਤਾ ਗਿਆ ਅਤੇ ਉਹਨਾਂ ਵਿਚੋਂ ਦੋ ਵਿਰੁਧ ਕਾਰਨ ਦੱਸੋਂ ਨੋਟਿਸ ਜ਼ਾਰੀ ਕੀਤੇ ਗਏ ਸਨ। ਦਿੱਲੀ ਪੁਲਿਸ ਨੇ ਸੀਪੀਸੀਬੀ ਨੂੰ ਇਹ ਵੀ ਸੂਚਨਾ ਦਿਤੀ ਕਿ ਸਿਖਰ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨੇ ਦੇ ਮਾਮਲੇ ਵਿਚ 613 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ 8386 ਵਿਸਫੋਟਕ ਜ਼ਬਤ ਕੀਤਾ ਗਿਆ ਸੀ।