ਮੇਘਾਲਿਆ ਦੀ ਕੋਲਾ ਖਾਣ 'ਚ ਬਚਾਅ ਆਪ੍ਰੇਸ਼ਨ ਜ਼ਾਰੀ, ਪਾਣੀ ਕੱਢਣ ਦਾ ਕੰਮ ਸ਼ੁਰੂ
ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਹਵਾਈ ਸੈਨਾ ਨੇ ਭੁਵਨੇਸ਼ਵਰ ਤੋਂ ਹਵਾਈ ਜਹਾਜ਼ ਰਾਹੀਂ 10 ਪੰਪ ਪਹੁੰਚਾਏ ਹਨ।
ਮੇਘਾਲਿਆ : ਮੇਘਾਲਿਆ ਦੀ ਇਕ ਕੋਲਾ ਖਾਣ ਵਿਚ ਬੀਤੇ ਕਈ ਦਿਨਾਂ ਤੋਂ ਫਸੇ ਹੋਏ 15 ਖਾਣ ਕਰਮਚਾਰੀਆਂ ਨੂੰ ਬਚਾਉਣ ਲਈ ਬਚਾਅ ਕੰਮ ਜ਼ਾਰੀ ਹਨ। ਐਨਡੀਆਰਐਫ ਦੇ ਸਹਾਇਕ ਕਮਾਡੈਂਟ ਦਾ ਕਹਿਣਾ ਹੈ ਕਿ ਹੁਣ ਤੱਕ ਤਿੰਨ ਹੈਲਮੇਟ ਮਿਲੇ ਹਨ। ਬਚਾਅ ਮੁਹਿੰਮ ਲਈ ਕਮਾਡੈਂਟ ਦੀ ਫਾਇਰ ਸੇਵਾ ਟੀਮ ਪਹੁੰਚ ਚੁੱਕੀ ਹੈ। ਇਹ ਟੀਮ ਅਪਣੇ ਨਾਲ 10 ਹਾਈ ਪਾਵਰ ਪੰਪ ਵੀ ਲਿਆਈ ਹੈ ਜਿਹਨਾਂ ਦੀ ਮਦਦ ਨਾਲ ਖਾਣ ਤੋਂ ਪਾਣੀ ਕੱਢਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਬਚਾਅ ਆਪ੍ਰੇਸ਼ਨ ਵਿਚ ਹਵਾਈ ਸੈਨਾ, ਐਨਡੀਆਰਐਫ ਅਤੇ ਨੇਵੀ ਸ਼ਾਮਲ ਹਨ।
ਨੇਵੀ ਦੇ ਬੁਲਾਰੇ ਨੇ ਅਪਣੀ ਟਵੀਟ ਵਿਚ ਕਿਹਾ ਸੀ ਕਿ ਆਂਧਰਾ ਪ੍ਰਦੇਸ਼ ਵਿਚ ਵਿਸ਼ਾਖਾਪਟਨਮ ਤੋਂ 15 ਮੈਂਬਰੀ ਗੋਤਾਖੋਰਾਂ ਦੀ ਟੀਮ ਲੁਮਥਾਰੀ ਪਿੰਡ ਪੁੱਜੇਗੀ। ਉਹਨਾਂ ਕਿਹਾ ਸੀ ਕਿ ਇਹ ਟੀਮ ਖ਼ਾਸ ਤੌਰ ''ਤੇ ਡਾਈਵਿੰਗ ਉਪਕਰਣ ਲਿਜਾ ਰਹੀ ਹੈ। ਜਿਸ ਵਿਚ ਪਾਣੀ ਦੇ ਅੰਦਰ ਤਲਾਸ਼ੀ ਲੈਣ ਲਈ ਰਿਮੋਟ ਨਾਲ ਚਲਣ ਵਾਲੇ ਵਾਹਨ ਸ਼ਾਮਲ ਹਨ। ਪੰਪ ਬਣਾਉਣ ਵਾਲੀ ਕੰਪਨੀ ਕਿਰਲੋਸਕਰ ਬਰਦਰਜ਼ ਲਿਮਿਟੇਡ ਅਤੇ ਕੋਲ ਇੰਡੀਆ ਨੇ ਸਾਂਝੇ ਤੌਰ 'ਤੇ ਮੇਘਾਲਿਆ ਦੀ ਉਸ ਦੂਰ-ਦਰਾਡੀ ਕੋਲਾ ਖਾਣ ਲਈ 18 ਹਾਈ ਪੰਪ ਰਵਾਨਾ ਕੀਤੇ ਸਨ ਜਿਥੇ 15 ਖਾਨ ਕਰਮਚਾਰੀ ਫਸੇ ਹੋਏ ਹਨ।
ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਹਵਾਈ ਸੈਨਾ ਨੇ ਭੁਵਨੇਸ਼ਵਰ ਤੋਂ ਹਵਾਈ ਜਹਾਜ਼ ਰਾਹੀਂ 10 ਪੰਪ ਪਹੁੰਚਾਏ ਹਨ। ਇਸੇ ਦੌਰਾਨ ਭੁਵਨੇਸ਼ਵਰ ਤੋਂ ਮਿਲੀ ਇਕ ਰੀਪੋਰਟ ਮੁਤਾਬਕ ਓਡੀਸ਼ਾ ਅੱਗ ਬੁਝਾਓ ਸੇਵਾ ਦੀ 20 ਮੈਂਬਰੀ ਟੀਮ ਖ਼ਾਸ ਉਪਕਰਣਾਂ ਨਾਲ ਸ਼ਿਲਾਂਘ ਲਈ ਰਵਾਨਾ ਹੋ ਗਈ ਸੀ। ਉਪਕਰਣਾਂ ਵਿਚ ਹਾਈ ਪਾਵਰ ਪੰਪ, ਹਾਈਟੈਕ ਉਪਕਰਣ ਤੋਂ ਇਲਾਵਾ ਤਲਾਸ਼ੀ ਅਤੇ ਬਚਾਅ ਮੁਹਿੰਮ ਵਿਚ ਸਥਾਨਕ ਪ੍ਰਸ਼ਾਸਨ ਦੇ ਲਈ ਸਹਾਈ ਕਈ ਗੈਜਟ ਸ਼ਾਮਲ ਹਨ। ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਕੋਲਾ ਖਾਣ ਮੁੱਦੇ 'ਤੇ ਨਵੀਂ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਸੀ।