ਨਵੇਂ ਸਾਲ ਤੋਂ ਪਹਿਲਾਂ ਝਾਰਖੰਡ ਸਰਕਾਰ ਨੇ ਗਰੀਬਾਂ ਨੂੰ ਦਿੱਤਾ ਤੋਹਫਾ, 25 ਰੁਪਏ ਸਸਤਾ ਕੀਤਾ ਪੈਟਰੋਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਬੁੱਧਵਾਰ ਨੂੰ ਸੂਬੇ ਦੇ ਬੀਪੀਐਲ ਕਾਰਡ ਧਾਰਕਾਂ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ।

Petrol Price in Jharkhand

ਰਾਂਚੀ: ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਬੁੱਧਵਾਰ ਨੂੰ ਸੂਬੇ ਦੇ ਬੀਪੀਐਲ ਕਾਰਡ ਧਾਰਕਾਂ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਸੂਬਾ ਸਰਕਾਰ ਨੇ ਬੀਪੀਐਲਕਾਰਡ ਧਾਰਕਾਂ ਲਈ ਪੈਟਰੋਲ ਦੀਆਂ ਕੀਮਤਾਂ ਵਿਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ ਨਵੇਂ ਫੈਸਲੇ ਤਹਿਤ ਇਸ ਦੀਆਂ ਕੀਮਤਾਂ 'ਚ 25 ਰੁਪਏ ਦੀ ਕਟੌਤੀ ਕੀਤੀ ਜਾਵੇਗੀ। ਇਹ ਹੁਕਮ 26 ਜਨਵਰੀ ਤੋਂ ਲਾਗੂ ਹੋਵੇਗਾ।

ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸੂਬੇ ਦੇ ਰਾਸ਼ਨ ਕਾਰਡ ਧਾਰਕ ਸਾਰੇ ਦੋ ਪਹੀਆ ਵਾਹਨ ਚਾਲਕਾਂ ਨੂੰ ਪੈਟਰੋਲ 'ਤੇ ਪ੍ਰਤੀ ਮਹੀਨਾ 250 ਰੁਪਏ ਤੱਕ ਦੀ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ। ਇਹ ਰਕਮ ਉਹਨਾਂ ਦੇ ਖਾਤੇ ਵਿਚ ਟਰਾਂਸਫਰ ਕੀਤੀ ਜਾਵੇਗੀ। ਜਿਸ ਤੋਂ ਬਾਅਦ ਲੱਖਾਂ ਲੋਕਾਂ ਨੂੰ ਵੱਡੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ।

ਝਾਰਖੰਡ ਦੇ ਸੀਐਮਓ ਨੇ ਸੀਐਮ ਸੋਰੇਨ ਦੇ ਜ਼ਰੀਏ ਟਵੀਟ ਕੀਤਾ ਜਿਸ ਵਿਚ ਕਿਹਾ ਗਿਆ ਹੈ, "ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਗਰੀਬ ਅਤੇ ਮੱਧ ਵਰਗ ਦੇ ਲੋਕ ਇਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਹਨ। ਇਸ ਲਈ ਸਰਕਾਰ ਸੂਬਾ ਪੱਧਰ ਤੋਂ ਦੋ ਪਹੀਆ ਵਾਹਨਾਂ ਲਈ ਪੈਟਰੋਲ 'ਤੇ 25 ਰੁਪਏ ਪ੍ਰਤੀ ਲੀਟਰ ਦੀ ਰਾਹਤ ਦੇਵੇਗੀ, ਇਸ ਦਾ ਲਾਭ 26 ਜਨਵਰੀ 2022 ਤੋਂ ਮਿਲਣਾ ਸ਼ੁਰੂ ਹੋ ਜਾਵੇਗਾ”।

ਉਹਨਾਂ ਕਿਹਾ ਕਿ ਇਕ ਗਰੀਬ ਵਿਅਕਤੀ ਦੇ ਘਰ ਮੋਟਰਸਾਈਕਲ ਹੋਣ ਦੇ ਬਾਵਜੂਦ ਪੈਟਰੋਲ ਦੇ ਪੈਸੇ ਨਾ ਹੋਣ ਕਾਰਨ ਉਹ ਇਸ ਨੂੰ ਚਲਾਉਣ ਦੇ ਯੋਗ ਨਹੀਂ ਹੈ। ਉਹ ਆਪਣੀ ਫ਼ਸਲ ਵੇਚਣ ਲਈ ਮੰਡੀ ਵਿਚ ਨਹੀਂ ਜਾ ਸਕਦਾ। ਇਸ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਰਾਸ਼ਨ ਕਾਰਡ ਧਾਰਕ ਆਪਣੇ ਮੋਟਰਸਾਈਕਲ ਜਾਂ ਸਕੂਟਰ ਵਿਚ ਪੈਟਰੋਲ ਭਰਦੇ ਹਨ ਤਾਂ ਅਸੀਂ 25 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਇਹ ਰਕਮ ਉਹਨਾਂ ਦੇ ਬੈਂਕ ਖਾਤੇ ਵਿਚ ਟਰਾਂਸਫਰ ਕਰਾਂਗੇ। ਅਸੀਂ 26 ਜਨਵਰੀ ਤੋਂ ਇਸ ਪ੍ਰਣਾਲੀ ਨੂੰ ਲਾਗੂ ਕਰਨ ਜਾ ਰਹੇ ਹਾਂ ਅਤੇ ਇਕ ਗਰੀਬ ਪਰਿਵਾਰ ਇਹ ਰਕਮ ਪ੍ਰਤੀ ਮਹੀਨਾ 10 ਲੀਟਰ ਪੈਟਰੋਲ ਤੱਕ ਪ੍ਰਾਪਤ ਕਰ ਸਕਦਾ ਹੈ।