ਬੈਂਕਾਕ ਤੋਂ ਕੋਲਕਾਤਾ ਜਾ ਰਹੀ ਫ਼ਲਾਈਟ ਦੇ ਯਾਤਰੀਆਂ ਦੇ ਝਗੜੇ ਦੀ ਘਟਨਾ ਦੀ ਜਾਂਚ ਕਰ ਰਿਹਾ ਹੈ ਬੀ.ਸੀ.ਏ.ਐਸ. 

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਇਆ ਸੀ ਝਗੜੇ ਦਾ ਵੀਡੀਓ 

Image

 

ਨਵੀਂ ਦਿੱਲੀ - ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ (ਬੀ.ਸੀ.ਏ.ਐਸ.) ਨੇ ਵੀਰਵਾਰ ਨੂੰ ਕਿਹਾ ਕਿ ਉਹ ਬੈਂਕਾਕ-ਕੋਲਕਾਤਾ ਉਡਾਣ ਵਿੱਚ ਸਵਾਰ ਯਾਤਰੀਆਂ ਵਿਚਾਲੇ ਝਗੜੇ ਦੀ ਸਾਹਮਣੇ ਆਈ ਵੀਡੀਓ ਕਲਿੱਪ ਦੀ ਜਾਂਚ ਕਰ ਰਿਹਾ ਹੈ।

ਜਹਾਜ਼ ਅੰਦਰ ਹੋਈ ਝੜਪ ਦਾ ਵੀਡੀਓ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਇਸ 'ਚ ਕੁਝ ਯਾਤਰੀ ਇੱਕ ਵਿਅਕਤੀ ਨੂੰ ਵਾਰ-ਵਾਰ ਥੱਪੜ ਮਾਰਦੇ ਨਜ਼ਰ ਆ ਰਹੇ ਹਨ।

ਬੀ.ਸੀ.ਏ.ਐਸ. ਦੇ ਡਾਇਰੈਕਟਰ ਜਨਰਲ ਜ਼ੁਲਫ਼ਿਕਾਰ ਹਸਨ ਨੇ ਦੱਸਿਆ, ''ਬੀ.ਸੀ.ਏ.ਐਸ. ਨੇ ਉਕਤ ਵੀਡੀਓ ਦਾ ਨੋਟਿਸ ਲਿਆ ਹੈ। ਅਸੀਂ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦੇ ਨਤੀਜਿਆਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।"

ਜਹਾਜ਼ 'ਚ ਸਵਾਰ ਇੱਕ ਯਾਤਰੀ ਅਨੁਸਾਰ ਇਹ ਘਟਨਾ 26 ਦਸੰਬਰ ਨੂੰ ਵਾਪਰੀ ਜਦੋਂ ਜਹਾਜ਼ ਰਨਵੇਅ ਤੋਂ ਉਡਾਣ ਭਰਨ ਹੀ ਵਾਲਾ ਸੀ। ਇਹ ਵਿਅਕਤੀ ਆਪਣੀ ਮਾਂ ਨਾਲ ਕੋਲਕਾਤਾ ਜਾ ਰਿਹਾ ਸੀ।

ਕੋਲਕਾਤਾ ਦੇ ਇੱਕ ਯਾਤਰੀ ਨੇ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਘਟਨਾ ਬਾਰੇ ਦੱਸਿਆ।

ਉਸ ਨੇ ਦੱਸਿਆ ਕਿ ਉਹ ਆਪਣੀ ਮਾਂ ਨੂੰ ਲੈ ਕੇ ਚਿੰਤਤ ਸੀ ਕਿਉਂਕਿ ਉਹ ਉਸ ਸੀਟ ਦੇ ਕੋਲ ਬੈਠੀ ਸੀ ਜਿੱਥੇ ਝਗੜਾ ਹੋਇਆ ਸੀ। ਬਾਅਦ ਵਿੱਚ, ਹੋਰ ਯਾਤਰੀਆਂ ਅਤੇ ਫਲਾਈਟ ਅਟੈਂਡੈਂਟ ਨੇ ਝੜਪ ਵਿੱਚ ਸ਼ਾਮਲ ਲੋਕਾਂ ਨੂੰ ਸ਼ਾਂਤ ਕੀਤਾ। ਯਾਤਰੀ ਮੁਤਾਬਕ ਲੜਾਈ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ। 

ਜਹਾਜ਼ ਮੰਗਲਵਾਰ ਤੜਕੇ ਕੋਲਕਾਤਾ ਪਹੁੰਚਿਆ। ਹਾਲਾਂਕਿ, ਇਹ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ ਕਿ ਜਹਾਜ਼ ਦੇ ਉੱਤਰਨ ਤੋਂ ਬਾਅਦ ਕੋਲਕਾਤਾ ਦੇ ਅਧਿਕਾਰੀਆਂ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ ਸੀ ਜਾਂ ਨਹੀਂ।

ਵੀਡੀਓ 'ਚ ਦੋ ਯਾਤਰੀ ਬਹਿਸ ਕਰਦੇ ਹੋਏ ਦਿਖਾਈ ਦੇ ਰਹੇ ਹਨ, ਜਿਨ੍ਹਾਂ 'ਚੋਂ ਇੱਕ ਕਹਿੰਦਾ ਹੈ, "ਆਪਣੇ ਹੱਥ ਹੇਠਾਂ ਕਰੋ" ਅਤੇ ਫ਼ਿਰ ਦੂਜੇ ਵਿਅਕਤੀ ਨੂੰ ਥੱਪੜ ਮਾਰਨਾ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਬਾਅਦ ਕੁਝ ਹੋਰ ਯਾਤਰੀ ਵੀ ਲੜਾਈ ਵਿੱਚ ਸ਼ਾਮਲ ਹੋ ਗਏ।

ਇਹ ਘਟਨਾ ਥਾਈ ਸਮਾਈਲ ਏਅਰਵੇਜ਼ ਦੇ ਜਹਾਜ਼ 'ਚ ਵਾਪਰੀ, ਹਾਲਾਂਕਿ ਵੇਰਵਿਆਂ ਲਈ ਏਅਰਲਾਈਨ ਨਾਲ ਸੰਪਰਕ ਨਹੀਂ ਕੀਤਾ ਜਾ ਸਕਿਆ।