ਜੰਮੂ-ਕਸ਼ਮੀਰ ’ਚ ਭਾਰੀ ਬਰਫ਼ਬਾਰੀ ਮਗਰੋਂ ਆਮ ਹੋ ਰਹੇ ਹਾਲਾਤ
ਹਰਿਆਣਾ ਤੇ ਰਾਜਸਥਾਨ ’ਚ ਕੁੱਝ ਥਾਵਾਂ ’ਤੇ ਕੜਾਕੇ ਦੀ ਠੰਢ
ਨਵੀਂ ਦਿੱਲੀ : ਕਸ਼ਮੀਰ ’ਚ ਮੌਸਮ ਦੀ ਸੱਭ ਤੋਂ ਭਾਰੀ ਬਰਫਬਾਰੀ ਤੋਂ ਇਕ ਦਿਨ ਬਾਅਦ ਐਤਵਾਰ ਨੂੰ ਆਮ ਜੀਵਨ ਪਟੜੀ ’ਤੇ ਪਰਤਣ ਲੱਗਾ ਹੈ। ਉਡਾਣਾਂ ਦਾ ਸੰਚਾਲਨ ਮੁੜ ਸ਼ੁਰੂ ਹੋ ਗਿਆ ਹੈ ਅਤੇ ਕਈ ਸੜਕਾਂ ਨੂੰ ਆਵਾਜਾਈ ਲਈ ਸਾਫ਼ ਕਰ ਦਿਤਾ ਗਿਆ ਹੈ। ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ’ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ।
ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ’ਚ ਬਰਫਬਾਰੀ ਹੋਈ। ਕਲਪਾ ਅਤੇ ਕੁਫਰੀ ’ਚ ਸੱਭ ਤੋਂ ਵੱਧ ਬਰਫਬਾਰੀ ਹੋਈ। ਨਾਰਕੰਡਾ, ਕੇਲੌਂਗ ਅਤੇ ਸੂਬੇ ਦੇ ਹੋਰ ਉੱਚੇ ਹਿੱਸਿਆਂ ’ਚ ਵੀ ਐਤਵਾਰ ਸਵੇਰੇ ਬਰਫਬਾਰੀ ਹੋਈ। ਰਾਜਸਥਾਨ ਦੇ ਪੂਰਬੀ ਹਿੱਸਿਆਂ ’ਚ ਕੁੱਝ ਥਾਵਾਂ ’ਤੇ ਹਲਕਾ ਮੀਂਹ ਪਿਆ, ਜਦਕਿ ਕਈ ਥਾਵਾਂ ’ਤੇ ਸੰਘਣੀ ਜਾਂ ਬਹੁਤ ਸੰਘਣੀ ਧੁੰਦ ਦਰਜ ਕੀਤੀ ਗਈ। ਕੁੱਝ ਥਾਵਾਂ ’ਤੇ ਠੰਢ ਦਾ ਕਹਿਰ ਜਾਰੀ ਹੈ।
ਜੰਮੂ-ਕਸ਼ਮੀਰ ਸਰਕਾਰ ਨੇ ਸਨਿਚਰਵਾਰ ਨੂੰ ਭਾਰੀ ਬਰਫਬਾਰੀ ਤੋਂ ਬਾਅਦ ਸੰਪਰਕ ਪ੍ਰਭਾਵਤ ਹੋਣ ’ਤੇ ਸੇਵਾਵਾਂ ਨੂੰ ਬਹਾਲ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਸੀ। ਬਰਫਬਾਰੀ ਸ਼ੁਕਰਵਾਰ ਸ਼ਾਮ ਤੋਂ ਸ਼ੁਰੂ ਹੋਈ ਅਤੇ ਸਨਿਚਰਵਾਰ ਤਕ ਜਾਰੀ ਰਹੀ, ਜਿਸ ਨੂੰ ਹਾਲ ਦੇ ਸਾਲਾਂ ਦੀ ਸੱਭ ਤੋਂ ਭਾਰੀ ਬਰਫਬਾਰੀ ਦਸਿਆ ਜਾ ਰਿਹਾ ਹੈ।
ਐਤਵਾਰ ਸਵੇਰ ਤਕ ਸ਼੍ਰੀਨਗਰ ਕੌਮਾਂਤਰੀ ਹਵਾਈ ਅੱਡੇ ’ਤੇ ਹਵਾਈ ਆਵਾਜਾਈ ਮੁੜ ਸ਼ੁਰੂ ਹੋ ਗਈ ਸੀ। ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਸੁਰੱਖਿਆ ਜਾਂਚ ਅਤੇ ਰਨਵੇ ਦੀ ਮਨਜ਼ੂਰੀ ਤੋਂ ਬਾਅਦ ਸੰਚਾਲਨ ਆਮ ਹੋ ਗਿਆ ਸੀ। ਵਾਦੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੀ ਇਕੋ-ਇਕ ਸੜਕ ਸ਼੍ਰੀਨਗਰ-ਜੰਮੂ ਕੌਮੀ ਰਾਜਮਾਰਗ ਨੂੰ ਵੀ ਇਕ ਦਿਨ ਬੰਦ ਰਹਿਣ ਤੋਂ ਬਾਅਦ ਗੱਡੀਆਂ ਦੀ ਆਵਾਜਾਈ ਲਈ ਦੁਬਾਰਾ ਖੋਲ੍ਹ ਦਿਤਾ ਗਿਆ ਹੈ।
ਹਾਲਾਂਕਿ, ਮੁਸਾਫ਼ਰਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿਤੀ ਗਈ ਹੈ, ਖ਼ਾਸਕਰ ਬਨਿਹਾਲ ਅਤੇ ਕਾਜ਼ੀਗੁੰਡ ਦੇ ਵਿਚਕਾਰ, ਜਿੱਥੇ ਸੜਕਾਂ ਫਿਸਲਣ ਵਾਲੀਆਂ ਹਨ। ਭਾਰੀ ਬਰਫਬਾਰੀ ਕਾਰਨ ਮੁਗਲ ਰੋਡ ਅਤੇ ਸਿੰਥਨ ਪਾਸ ਸਮੇਤ ਪ੍ਰਮੁੱਖ ਸੜਕਾਂ ਅਜੇ ਵੀ ਬੰਦ ਹਨ। ਸਨਿਚਰਵਾਰ ਨੂੰ ਹੋਈ ਬਰਫਬਾਰੀ ਨੇ ਹਵਾਈ, ਰੇਲ ਅਤੇ ਸੜਕ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਸੀ।
ਮੌਸਮ ਵਿਭਾਗ ਮੁਤਾਬਕ ਗੁਆਂਢੀ ਸੂਬੇ ਪੰਜਾਬ ਅਤੇ ਹਰਿਆਣਾ ’ਚ ਸਵੇਰੇ ਕਈ ਥਾਵਾਂ ’ਤੇ ਧੁੰਦ ਕਾਰਨ ਦ੍ਰਿਸ਼ਤਾ ਘੱਟ ਗਈ। ਹਰਿਆਣਾ ’ਚ ਜ਼ਿਆਦਾਤਰ ਥਾਵਾਂ ’ਤੇ ਦਿਨ ਦੇ ਸਮੇਂ ਠੰਢ ਦਾ ਕਹਿਰ ਜਾਰੀ ਰਿਹਾ। ਚੰਡੀਗੜ੍ਹ 'ਚ ਵੱਧ ਤੋਂ ਵੱਧ ਤਾਪਮਾਨ 17.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਹਰਿਆਣਾ ਦੇ ਅੰਬਾਲਾ 'ਚ ਵੱਧ ਤੋਂ ਵੱਧ ਤਾਪਮਾਨ 15.8 ਡਿਗਰੀ ਸੈਲਸੀਅਸ, ਹਿਸਾਰ 'ਚ 13.6 ਡਿਗਰੀ ਸੈਲਸੀਅਸ, ਕਰਨਾਲ 'ਚ 13 ਡਿਗਰੀ ਸੈਲਸੀਅਸ, ਰੋਹਤਕ 'ਚ 12.2 ਡਿਗਰੀ ਸੈਲਸੀਅਸ, ਸਿਰਸਾ 'ਚ 13.4 ਡਿਗਰੀ ਸੈਲਸੀਅਸ ਅਤੇ ਗੁਰੂਗ੍ਰਾਮ 'ਚ 13.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪੰਜਾਬ ਦੇ ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 16.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਟਿਆਲਾ ਵਿੱਚ ਵੱਧ ਤੋਂ ਵੱਧ ਤਾਪਮਾਨ 16.1 ਡਿਗਰੀ ਸੈਲਸੀਅਸ, ਫਰੀਦਕੋਟ ਅਤੇ ਮੁਹਾਲੀ ਵਿੱਚ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 17.5 ਡਿਗਰੀ ਸੈਲਸੀਅਸ ਅਤੇ 17.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦੂਜੇ ਪਾਸੇ ਦਿੱਲੀ ’ਚ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਦੋ ਡਿਗਰੀ ਘੱਟ ਹੈ। ਘੱਟੋ-ਘੱਟ ਤਾਪਮਾਨ 13 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਛੇ ਡਿਗਰੀ ਵੱਧ ਹੈ। ਰਾਜਸਥਾਨ ਦੇ ਕੋਟਾ ’ਚ ਸਵੇਰੇ 8:30 ਵਜੇ ਤਕ 24 ਘੰਟਿਆਂ ’ਚ ਹਲਕੀ ਬਾਰਸ਼ ਦਰਜ ਕੀਤੀ ਗਈ, ਜਦਕਿ ਸੂਬੇ ਦੇ ਪਛਮੀ ਹਿੱਸਿਆਂ ’ਚ ਮੌਸਮ ਖੁਸ਼ਕ ਰਿਹਾ। ਸੂਬੇ ’ਚ ਸੱਭ ਤੋਂ ਵੱਧ ਤਾਪਮਾਨ ਬਾੜਮੇਰ ’ਚ 24.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।