ਸਰਬ ਪਾਰਟੀ ਮੀਟਿੰਗ ‘ਚ ਉੱਠਿਆ ਕਿਸਾਨਾਂ ਦਾ ਮੁੱਦਾ, ਪੀਐਮ ਨੇ ਕਿਹਾ ਸਰਕਾਰ ਹਮੇਸ਼ਾ ਗੱਲਬਾਤ ਲਈ ਤਿਆਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸ ਜ਼ਰੀਏ ਕੀਤੀ ਸਰਬ ਪਾਰਟੀ ਮੀਟਿੰਗ ਦੀ ਅਗਵਾਈ

PM Modi

ਨਵੀਂ ਦਿੱਲੀ: ਬਜਟ ਇਜਲਾਸ ਤੋਂ ਇਕ ਦਿਨ ਬਾਅਦ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਰਬ ਪਾਰਟੀ ਮੀਟਿੰਗ ਹੋਈ। ਇਸ ਦੌਰਾਨ ਪੀਐਮ ਮੋਦੀ ਨੇ ਵੀਡੀਓ ਕਾਨਫਰੰਸ ਜ਼ਰੀਏ ਕਈ ਮਾਮਲਿਆਂ ‘ਤੇ ਅਪਣੇ ਵਿਚਾਰ ਸਾਂਝੇ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 22 ਜਨਵਰੀ ਨੂੰ ਕਿਸਾਨਾਂ ਨੂੰ ਦਿੱਤਾ ਗਿਆ ਸਰਕਾਰੀ ਪ੍ਰਸ਼ਤਾਵ ਹਾਲੇ ਵੀ ਉੱਥੇ ਹੀ ਹੈ।

ਉਹਨਾਂ ਕਿਹਾ ਕਿਸਾਨ ਅੰਦੋਲਨ ਦਾ ਹੱਲ ਗੱਲਬਾਤ ਜ਼ਰੀਏ ਹੀ ਕੱਢਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਹਵਾਲੇ ਨਾਲ ਸਾਰੀਆਂ ਧਿਰਾਂ ਦੇ ਨੇਤਾਵਾਂ ਨੂੰ ਖੇਤੀ ਕਾਨੂੰਨਾਂ ‘ਤੇ ਸਰਕਾਰ ਦੇ ਰੁਖ ਦੀ ਜਾਣਕਾਰੀ ਦਿੱਤੀ।

ਬੈਠਕ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ, ‘ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਜੋ ਕਿਹਾ, ਅਸੀਂ ਉਸ ਨੂੰ ਦੁਹਰਾਉਣਾ ਚਾਹੁੰਦੇ ਹਾਂ। ਅਸੀਂ ਕਿਹਾ ਹੈ ਕਿ ਅਸੀਂ ਆਮ ਸਹਿਮਤੀ ਤੱਕ ਨਹੀਂ ਪਹੁੰਚ ਰਹੇ ਹਾਂ ਪਰ ਅਸੀਂ ਤੁਹਾਨੂੰ ਪ੍ਰਸਤਾਵ ਦੇ ਰਹੇ ਹਾਂ। ਤੁਸੀਂ ਵਿਚਾਰ ਕਰ ਸਕਦੇ ਹੋ। ਮੈਂ ਸਿਰਫ ਇਕ ਫੋਨ ਕਾਲ ਦੀ ਦੂਰੀ ‘ਤੇ ਹਾਂ। ਸਰਕਾਰ ਦਾ ਪ੍ਰਸਤਾਵ ਹੁਣ ਵੀ ਉਹੀ ਹੈ। ਇਸ ਦਾ ਹੱਲ਼ ਗੱਲ਼ਬਾਤ ਜ਼ਰੀਏ ਹੀ ਨਿਕਲੇਗਾ। ਅਸੀਂ ਸਾਰਿਆਂ ਨੇ ਦੇਸ਼ ਬਾਰੇ ਸੋਚਣਾ ਹੈ’।

ਇਸ ਤੋਂ ਇਲਾਵਾ ਬੈਠਕ ਦੌਰਾਨ ਅਮਰੀਕਾ ਵਿਚ ਮਹਾਤਮਾ ਗਾਂਧੀ ਦਾ ਬੁੱਤ ਤੋੜੇ ਜਾਣ ‘ਤੇ ਅਫ਼ਸੋਸ ਜ਼ਾਹਿਰ ਕੀਤਾ।  ਬੈਠਕ ਵਿਚ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ, ਤ੍ਰਿਣਮੂਲ ਕਾਂਗਰਸ ਦੇ ਸੁਦੀਪ ਬੰਦੋਪਾਧਿਆਏ, ਸ਼ਿਵਸੈਨਾ ਸੰਸਦ ਮੈਂਬਰ ਵਿਨਾਇਕ ਰਾਊਤ, ਸ੍ਰੋਮਣੀ ਅਕਾਲੀ ਦਲ ਦੇ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਸਾਨ ਅੰਦੋਲਨ ‘ਤੇ ਗੱਲ਼ ਕੀਤੀ। ਇਸ ਦੌਰਾਨ ਜਨਤਾ ਦਲ ਯੂਨਾਇਟਡ ਦੇ ਸੰਸਦ ਮੈਂਬਰ ਆਰਸੀਪੀ ਸਿੰਘ ਨੇ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ।