ਸਿੰਘੂ 'ਤੇ ਵਾਪਰੀ ਹਿੰਸਾ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੇ ਦੱਸੀ ਕਿਸਾਨਾਂ ਦੀ ਅਗਲੀ ਰਣਨੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨ ਮੋਰਚੇ ਦਾ ਇਰਾਦਾ ਕਦੀ ਵੀ ਸ਼ਾਂਤੀ ਭੰਗ ਕਰਨ ਦਾ ਨਹੀਂ ਰਿਹਾ- ਜਗਜੀਤ ਡੱਲੇਵਾਲ

Jagjit Singh Dalewal

ਨਵੀਂ ਦਿੱਲੀ (ਸ਼ੈਸ਼ਵ ਨਾਗਰਾ): ਦਿੱਲੀ ਵਿਖੇ ਵਾਪਰੇ ਘਟਨਾਕ੍ਰਮ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਦਾ ਦਿਨ ਸਦਭਾਵਨਾ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਇਸ ਦੇ ਚਲਦਿਆਂ ਅੱਜ ਦੇਸ਼ ਦੇ ਕਿਸਾਨ ਇਕ ਰੋਜ਼ਾ ਭੁੱਖ ਹੜਤਾਲ ‘ਤੇ ਬੈਠਣਗੇ ਤਾਂ ਜੋ ਅੰਦੋਲਨ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਰੋਜ਼ਾਨਾ ਸਪੋਕਸਮੈਨ ਨੂੰ ਦੱਸਿਆ ਕਿ 26 ਜਨਵਰੀ ਨੂੰ ਵਾਪਰੇ ਘਟਨਾਕ੍ਰਮ ਤੋਂ ਬਾਅਦ ਕਿਸਾਨ ਮੋਰਚੇ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ।

ਉਹਨਾਂ ਕਿਹਾ ਦਿੱਲੀ ਵਿਚ ਹੋਈ ਹਿੰਸਾ ਤੋਂ ਬਾਅਦ ਮੋਰਚੇ ਦੀ ਸਥਿਤੀ ਪਹਿਲਾਂ ਵਾਂਗ ਕਰਨ ਲਈ ਥੋੜਾ ਸਮਾਂ ਜ਼ਰੂਰ ਲੱਗੇਗਾ। ਕਿਸਾਨ ਆਗੂ ਨੇ ਕਿਹਾ ਕਿ ਇਹ ਅੰਦੋਲਨ ਜਿੰਨਾ ਪਿੱਛੇ ਗਿਆ ਸੀ, ਉਸ ਤੋਂ ਤੇਜ਼ ਰਫਤਾਰ ਨਾਲ ਅੱਗ ਵਧਿਆ ਹੈ। ਉਹਨਾਂ ਕਿਹਾ ਹਰਿਆਣੇ ਦੇ ਲੋਕਾਂ ਨੇ ਕਿਸਾਨਾਂ ਲਈ ਲੰਗਰ ਲਗਾਏ ਹਨ ਤੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਫਿਕਰ ਕਰਨ ਦੀ ਲੋੜ ਨਹੀਂ। ਇਸ ਨਾਲ ਅੰਦੋਲਨ ਕਈ ਕਦਮ ਅਗਾਂਹ ਵਧਿਆ ਹੈ।

ਗਾਜ਼ੀਪੁਰ ਬਾਰਡਰ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਉੱਥੇ ਕਦੀ ਕਿਸਾਨਾਂ ਦੀ ਗਿਣਤੀ 8 ਹਜ਼ਾਰ ਤੋਂ ਪਾਰ ਨਹੀਂ ਹੋਈ। ਬੀਤੇ ਦਿਨੀਂ ਰਾਕੇਸ਼ ਟਿਕੈਤ ਨੇ ਭਾਵੂਕ ਹੋ ਕੇ ਲੋਕਾਂ ਨੂੰ ਅਪੀਲ ਕੀਤੀ, ਇਸ ਤੋਂ ਬਾਅਦ ਰਾਤੋ-ਰਾਤ ਮਾਹੌਲ ਬਦਲ ਗਿਆ। ਨਤੀਜੇ ਵਜੋਂ 25 ਤੋਂ 30 ਹਜ਼ਾਰ ਕਿਸਾਨ ਗਾਜ਼ੀਪੁਰ ਬਾਰਡਰ ‘ਤੇ ਪਹੁੰਚ ਗਏ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਇਸ ਤੋਂ ਸਾਬਿਤ ਹੁੰਦਾ ਹੈ ਕਿ ਕਿਸਾਨ ਅਪਣੀ ਜ਼ਮੀਨ ਨੂੰ ਪਿਆਰ ਕਰਦੇ ਹਨ।

ਉਹਨਾਂ ਨੇ ਯੂਪੀ ਅਤੇ ਹਰਿਆਣੇ ਸਮੇਤ ਹੋਰ ਸੂਬਿਆਂ ਦੇ ਕਿਸਾਨਾਂ ਨੂੰ ਸਲਾਮ ਕੀਤਾ। ਹੁਣ ਅਸੀਂ ਮਿਲ ਕੇ ਇਸ ਮੋਰਚੇ ਨੂੰ ਫਤਹਿ ਵੱਲ ਲੈ ਕੇ ਜਾਵਾਂਗੇ। ਸਿੰਘੂ ਬਾਰਡਰ ‘ਤੇ ਵਾਪਰੀ ਘਟਨਾ ਬਾਰੇ ਗੱਲ਼ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ ਜਦੋਂ ਬਾਰਡਰ ‘ਤੇ ਇਹ ਘਟਨਾ ਵਾਪਰੀ ਤਾਂ ਉਹਨਾਂ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕੀਤੀ। ਉਹਨਾਂ ਨੇ ਜਲਦ ਹੀ ਇਸ ਮਾਮਲੇ ਨੂੰ ਕੰਟਰੋਲ ਕੀਤਾ।

ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਮੋਰਚੇ ਦਾ ਇਰਾਦਾ ਕਦੀ ਵੀ ਸ਼ਾਂਤੀ ਭੰਗ ਕਰਨ ਦਾ ਨਹੀਂ ਰਿਹਾ। ਇਹ ਜੰਗ ਸ਼ਾਂਤੀ ਨਾਲ ਜਾਰੀ ਹੈ। ਸਰਕਾਰ ਦੀ ਕੋਸਿਸ਼ ਹੈ ਕਿ ਕਿਸਾਨਾਂ ਨੂੰ ਹਰਾਉਣ ਲਈ ਸ਼ਾਂਤੀ ਭੰਗ ਕੀਤੀ ਜਾਵੇ। ਉਹਨਾਂ ਕਿਹਾ ਜੇਕਰ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਕਿਸਾਨਾਂ ਵੱਲੋਂ ਅਪਣਾ ਬਚਾਅ ਕੀਤਾ ਜਾਵੇਗਾ ਪਰ ਅਸੀਂ ਹਮਲਾਵਰਾਂ ਨਾਲ ਕੁੱਟਮਾਰ ਨਹੀਂ ਕਰਾਂਗੇ। ਉਹਨਾਂ ਕਿਹਾ 26 ਜਨਵਰੀ ਦੀ ਘਟਨਾ ਤੋਂ ਬਾਅਦ ਵੀ ਲੋਕਾਂ ਨੂੰ ਯਕੀਨ ਹੈ ਤੇ ਉਹ ਦਿੱਲੀ ਪਹੁੰਚ ਰਹੇ ਹਨ। ਲੋਕ ਕਿਸਾਨਾਂ ਦੇ ਨਾਲ ਹਨ ਤੇ ਇਹ ਏਕਤਾ ਬਰਕਰਾਰ ਰਹੇਗੀ।

ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਹੋਈ ਘਟਨਾ ਨਾਲ ਕੁਝ ਲੋਕਾਂ ਦੇ ਦਿਲ ਨੂੰ ਠੇਸ ਪਹੁੰਚੀ ਹੈ, ਹਾਲਾਂਕਿ ਇਸ ਘਟਨਾ ਨਾਲ ਸਾਡਾ ਕੋਈ ਸਬੰਧ ਨਹੀਂ ਹੈ। ਪਰ ਪਸ਼ਚਾਤਾਪ ਵਜੋਂ ਸਾਰੇ ਕਿਸਾਨ ਆਗੂ 30 ਜਨਵਰੀ ਨੂੰ ਸਦਭਾਵਨਾ ਦਿਵਸ ਮਨਾ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ‘ਤੇ ਚਰਚਾ ਕਰਨ ਲਈ ਜੇਕਰ ਕਿਸਾਨ ਜਥੇਬੰਦੀਆਂ ਨੂੰ ਸੱਦਾ ਦੇਵੇਗੀ ਤਾਂ ਉਹ ਜ਼ਰੂਰ ਜਾਣਗੇ।