26 ਜਨਵਰੀ ਨੂੰ ਜੋ ਹੋਇਆ ਮੰਦਭਾਗਾ ਸੀ, ਕਿਸਾਨ ਅੰਦੋਲਨ ਹਮੇਸ਼ਾ ਸ਼ਾਂਤੀਪੂਰਨ ਰਿਹੈ-ਬਲਬੀਰ ਸਿੰਘ ਰਾਜੇਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨ ਆਗੂ ਨੇ ਕਿਸਾਨਾਂ ਨੂੰ ਕੀਤੀ ਸ਼ਾਂਤ ਰਹਿਣ ਦੀ ਅਪੀਲ

Balbir Singh Rajewal

ਚੰਡੀਗੜ੍ਹ: ਗਣਤੰਤਰ ਦਿਵਸ ਮੌਕੇ ਦਿੱਲੀ ਵਿਚ ਵਾਪਰੇ ਘਟਨਾਕ੍ਰਮ ਤੋਂ ਬਾਅਦ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਮੋਰਚਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਆਮ ਲੋਕ ਇਸ ਵਿਚ ਵਧ ਚੜ ਕੇ ਸ਼ਮੂਲੀਅਤ ਰਹ ਰਹੇ ਹਨ। ਉਹਨਾਂ ਕਿਹਾ ਇਹ ਅੰਦੋਲਨ ਅੱਜ ਵਿਸ਼ਵ ਦਾ ਸਭ ਤੋਂ ਵੱਡਾ ਅੰਦੋਲਨ ਬਣ ਗਿਆ ਹੈ।

ਰਾਜੇਵਾਲ ਨੇ ਕਿਹਾ ਇਹ ਅੰਦੋਲਨ ਸਿਰਫ ਕਿਸਾਨਾਂ ਦਾ ਨਹੀਂ ਬਲਕਿ ਇਹ ਹੁਣ ਜਨ ਅੰਦੋਲਨ ਬਣ ਚੁੱਕਾ ਹੈ। 26 ਨਵੰਬਰ ਤੋਂ ਕਿਸਾਨ ਲਗਾਤਾਰ ਦਿੱਲੀ ਬਾਰਡਰ ‘ਤੇ ਸ਼ਾਂਤਮਈ ਢੰਗ ਨਾਲ ਡਟੇ ਹੋਏ ਹਨ। ਉਹਨਾਂ ਕਿਹਾ 26 ਜਨਵਰੀ ਨੂੰ ਵਾਪਰੀ ਘਟਨਾ ਦੇ ਬਾਵਜੂਦ ਵੀ ਅੰਦੋਲਨ ਵੱਡੇ ਪੱਧਰ ‘ਤੇ ਜਾਰੀ ਹੈ। ਕਿਸਾਨ ਆਗੂ ਨੇ ਕਿਹਾ ਮੋਰਚੇ ਵਿਚ ਹੋਰ ਸੂਬਿਆਂ ਦੇ ਲੋਕਾਂ ਦੀ ਭੂਮਿਕਾ ਬੇਹੱਦ ਅਹਿਮ ਹੈ।

ਉਹਨਾਂ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰਨ ਆਏ ਹਨ, ਕਿਉਂਕਿ ਸਰਕਾਰ ਨੇ ਹਰਿਆਣੇ ਵਿਚ ਅਤੇ ਬਾਰਡਰ ‘ਤੇ ਇੰਟਰਨੈੱਟ ਬੰਦ ਕਰ ਦਿੱਤਾ ਹੈ। ਇਸ ਲਈ ਲੋਕਾਂ ਤੱਕ ਸਹੀ ਜਾਣਕਾਰੀ ਨਹੀਂ ਪਹੁੰਚ ਰਹੀ। ਸਰਕਾਰ ਮੋਰਚੇ ਸਬੰਧੀ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਗੁੰਮਰਾਹਕੁਨ ਪ੍ਰਚਾਰ ਜ਼ਰੀਏ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਬਲਬੀਰ ਸਿੰਘ ਰਾਜੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗਲਤ ਖ਼ਬਰਾਂ ਵੱਲ ਧਿਆਨ ਨਾ ਦੇਣ। ਉਹਨਾਂ ਕਿਹਾ ਪੂਰੀ ਦੁਨੀਆਂ ਇਸ ਅੰਦੋਲਨ ਨੂੰ ਦੇਖ ਰਹੀ ਹੈ। ਪੂਰੇ ਜੋਸ਼ ਤੇ ਹੋਸ਼ ਨਾਲ ਦੇਸ਼ ਦੇ ਕਿਸਾਨ ਦਿੱਲੀ ਪਹੁੰਚ ਰਹੇ ਹਨ। ਇਹ ਅੰਦੋਲਨ ਦੇਸ਼ ਦੇ 713 ਜ਼ਿਲ੍ਹਿਆਂ ਵਿਚੋਂ 700 ਜ਼ਿਲ੍ਹਿਆਂ ‘ਚ ਸਰਗਰਮੀ ਨਾਲ ਚੱਲ ਰਿਹਾ ਹੈ।

ਕਿਸਾਨ ਆਗੂ ਨੇ ਕਿਹਾ ਜਿਸ ਤਰ੍ਹਾਂ ਹਰਿਆਣਾ ਅਤੇ ਯੂਪੀ ਦੀਆਂ ਖਾਪ ਪੰਚਾਇਤਾਂ ਨੇ ਵੱਡੇ ਫੈਸਲੇ ਲਏ ਤਾਂ ਸਰਕਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਖੇਤੀ ਕਾਨੂੰਨ ਰੱਦ ਕਰਨ ਦਾ ਫੈਸਲਾ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਸਰਕਾਰ ਵੱਲੋਂ ਇੰਟਰਨੈੱਟ ਬੰਦ ਕਰਨਾ ਬੇਹੱਦ ਮੰਦਭਾਗਾ ਹੈ। ਸਾਨੂੰ ਸਰਕਾਰ ਕੋਲੋਂ ਇਹ ਉਮੀਦ ਨਹੀਂ ਸੀ।