ਸਹੁੰ ਚੁੱਕਣ ਤੋਂ ਪਹਿਲਾਂ ਮੋਦੀ ਨੇ ਮਹਾਤਮਾ ਗਾਂਧੀ ਅਤੇ ਅਟੱਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੀਐਮ ਮੋਦੀ ਨੇ ਨੈਸ਼ਨਲ ਵਾਰ ਮੈਮੋਰੀਅਲ ਜਾ ਕੇ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਦਿੱਤੀ।

PM Modi pays tribute

ਨਵੀਂ ਦਿੱਲੀ: ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਪੀਐਮ ਨਰਿੰਦਰ ਮੋਦੀ ਨੇ ਵੀਰਵਾਰ ਸਵੇਰੇ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪੇਈ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਪੀਐਮ ਮੋਦੀ ਨੇ ਨੈਸ਼ਨਲ ਵਾਰ ਮੈਮੋਰੀਅਲ ਜਾ ਕੇ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਦਿੱਤੀ। ਪੀਐਮ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਇਸ ਸਾਲ ਅਸੀਂ ਬਾਪੂ ਗਾਂਧੀ ਦੀ 150ਵੀਂ ਜਯੰਤੀ ਮਨਾ ਰਹੇ ਹਾਂ। ਉਹਨਾਂ ਕਿਹਾ ਕਿ ਮੈਨੂੰ ਆਸ ਹੈ ਕਿ ਇਸ ਮੌਕੇ ‘ਤੇ ਮਹਾਤਮਾ ਗਾਂਧੀ ਦੇ ਨਿਯਮ ਅਤੇ ਵਿਚਾਰ ਸਾਨੂੰ ਗਰੀਬਾਂ ਅਤੇ ਹਾਸ਼ੀਏ ‘ਤੇ ਖੜ੍ਹੇ ਲੋਕਾਂ ਦੀ ਸੇਵਾ ਅਤੇ ਮਦਦ ਕਰਨ ਲਈ ਪ੍ਰੇਰਿਤ ਕਰਦੇ ਰਹਿਣਗੇ।

ਮੋਦੀ ਨੇ ਇਕ ਹੋਰ ਟਵੀਟ ਕਰਕੇ ਕਿਹਾ ਹੈ ਕਿ ਉਹਨਾਂ ਨੇ ਅਟੱਲ ਬਿਹਾਰੀ ਵਾਜਪਾਈ ਦੀ ਦੇ ਜੀਵਨ ਤੋਂ ਬਹੁਤ ਕੁੱਝ ਸਿੱਖਿਆ ਹੈ। ਉਹਨਾਂ ਕਿਹਾ ਕਿ ਭਾਜਪਾ ਨੂੰ ਇਕ ਵਾਰ ਫਿਰ ਤੋਂ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਦੇਖ ਕੇ ਉਹ ਬਹੁਤ ਖੁਸ਼ ਹੁੰਦੇ। ਉਹਨਾਂ ਇਹ ਵੀ ਕਿਹਾ ਕਿ ਦੇਸ਼ ਲਈ ਸ਼ਹੀਦ ਹੋਣ ਵਾਲਿਆਂ ‘ਤੇ ਭਾਰਤ ਨੂੰ ਮਾਣ ਹੈ। ਇਸ ਸਮੇਂ ਉਹਨਾਂ ਨਾਲ ਭਾਜਪਾ ਪ੍ਰਧਾਨ ਅਮਿਤ ਸ਼ਾਹ, ਜੇਪੀ ਨੱਡਾ, ਪੀਊਸ਼ ਗੋਇਲ, ਰਵਿਸ਼ੰਕਰ ਪ੍ਰਸਾਦ, ਪ੍ਰਕਾਸ਼ ਜਾਵੇਦਕਰ, ਗਿਰੀਰਾਜ ਸਿੰਘ ਆਦਿ ਭਾਜਪਾ ਆਗੂ ਮੌਜੂਦ ਸਨ।

ਜ਼ਿਕਰਯੋਗ ਹੈ ਕਿ ਅੱਜ ਵੀਰਵਾਰ ਨੂੰ ਸ਼ਾਮ ਸੱਤ ਵਜੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਰਾਸ਼ਟਰਪਤੀ ਭਵਨ ਵਿਚ ਅਯੋਜਿਤ ਇਕ ਸਮਾਰੋਹ ਦੌਰਾਨ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਸੀ ਸਹੁੰ ਚੁਕਾਉਣਗੇ। ਇਸ ਮੌਕੇ ‘ਤੇ ਉਹਨਾਂ ਨਾਲ ਨਵੀਂ ਸਰਕਾਰ ਦੇ ਮੰਤਰੀਆਂ ਨੂੰ ਵੀ ਸਹੁੰ ਚੁਕਾਈ ਜਾਵੇਗੀ। ਸਹੁੰ ਚੁੱਕ ਸਮਾਗਮ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਸਮੇਤ ਕਈ ਦਿੱਗਜ ਨੇਤਾ ਅਤੇ ਫਿਲਮੀ ਸਿਤਾਰੇ ਸ਼ਾਮਿਲ ਹੋਣਗੇ। ਇਸ ਮੌਕੇ ‘ਤੇ ਵੱਖ ਵੱਖ ਸੂਬਿਆਂ ਦੇ ਮੁੱਖ ਮੰਤਰੀ ਅਤੇ BIMSTEC ਦੇਸਾਂ ਦੇ ਮੈਂਬਰ ਮੌਜੂਦ ਹੋਣਗੇ।