ਸਵਿਸ ਬੈਂਕਾਂ 'ਚ ਵਧਿਆ ਭਾਰਤੀਆਂ ਦਾ ਕਾਲਾ ਧਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਲਾ ਧਨ 50 ਫ਼ੀ ਸਦੀ ਵਾਧੇ ਨਾਲ 7000  ਕਰੋੜ ਦੇ ਪੱਧਰ 'ਤੇ ਪੁੱਜਾ

Black Money

ਸਵਿਟਜ਼ਰਲੈਂਡ/ਨਵੀਂ ਦਿੱਲੀ, 29 ਜੂਨ : ਸਵਿਸ ਨੈਸ਼ਨਲ ਬੈਂਕ (ਐਸਐਨਬੀ) ਦੀ ਰੀਪੋਰਟ ਨੇ ਕਾਲੇ ਧਨ 'ਤੇ ਰੋਕ ਲਾਉਣ ਦੇ ਨਰਿੰਦਰ ਮੋਦੀ ਸਰਕਾਰ ਦੇ ਦਾਅਵਿਆਂ ਦੀ ਹਵਾ ਕੱਢ ਦਿਤੀ ਹੈ। ਰੀਪੋਰਟ ਮੁਤਾਬਕ 2017 ਵਿਚ ਸਵਿਟਜ਼ਰਲੈਂਡ ਦੇ ਬੈਂਕਾਂ ਵਿਚ ਭਾਰਤੀਆਂ ਦਾ ਪੈਸਾ 50 ਫ਼ੀ ਸਦੀ ਤੋਂ ਵੱਧ ਕੇ ਕਰੀਬ 7000 ਕਰੋੜ ਰੁਪਏ ਹੋ ਗਿਆ ਹੈ ਹਾਲਾਂਕਿ, ਇਸ ਤੋਂ ਪਿਛਲੇ ਤਿੰਨ ਸਾਲਾਂ ਵਿਚ ਭਾਰਤੀਆਂ ਦੀ ਜਮ੍ਹਾਂ ਰਾਸ਼ੀ ਵਿਚ ਕਮੀ ਦਰਜ ਕੀਤੀ ਗਈ ਸੀ। ਪਿਛਲੇ ਸਾਲ ਦੇ ਮੁਕਾਬਲੇ ਰਕਮ ਵਿਚ ਪੰਜਾਹ ਫ਼ੀ ਸਦੀ ਦਾ ਵਾਧਾ ਹੋਇਆ ਹੈ।  

ਭਾਰਤੀਆਂ ਦੁਆਰਾ ਸਿੱਧੇ ਤੌਰ 'ਤੇ ਸਵਿਸ ਬੈਂਕਾਂ ਵਿਚ ਜਮ੍ਹਾਂ ਕੀਤਾ ਪੈਸਾ 99.9 ਕਰੋੜ ਸਵਿਸ ਫ਼ਰੈਂਕ (ਕਰੀਬ 6,900 ਕਰੋੜ) ਅਤੇ ਫ਼ੰਡ ਮੈਨੇਜਰਾਂ ਜ਼ਰੀਏ ਜਮ੍ਹਾਂ ਪੈਸਾ 1.62 ਕਰੋੜ ਸਵਿਸ ਫ਼ਰੈਂਕ (ਕਰੀਬ 112 ਕਰੋੜ ਰੁਪਏ) ਹੋ ਗਿਆ ਹੈ। ਗਾਹਕਾਂ ਦੀ ਸੂਚਨਾ ਗੁਪਤ ਰਹਿਣ ਕਾਰਨ ਕਈ ਲੋਕ ਅਪਣਾ ਧਨ ਸਵਿਸ ਬੈਂਕਾਂ ਵਿਚ ਰਖਦੇ ਰਹੇ ਹਨ।  

ਗੁਪਤ ਸਵਿਸ ਬੈਂਕ ਖਾਤਿਆਂ ਵਿਚ ਜਮ੍ਹਾਂ ਧਨ ਵਿਚ ਪਿਛਲੇ 12 ਮਹੀਨਿਆਂ ਵਿਚ ਸੰਸਾਰ ਪੱਧਰ 'ਤੇ ਤਿੰਨ ਫ਼ੀ ਸਦੀ ਦਾ ਵਾਧਾ ਹੋਇਆ ਹੈ। ਭਾਰਤੀ ਜਮ੍ਹਾਂ ਰਾਸ਼ੀ 50 ਫ਼ੀ ਸਦੀ ਤਕ ਵਧੀ ਹੈ। 2016 ਦੌਰਾਨ ਸਵਿਸ ਬੈਂਕਾਂ ਵਿਚ ਭਾਰਤੀਆਂ ਦੇ ਪੈਸੇ ਵਿਚ 45 ਫ਼ੀ ਸਦੀ ਗਿਰਾਵਟ ਆਈ ਸੀ। ਸੱਭ ਤੋਂ ਜ਼ਿਆਦਾ ਸਾਲਾਨਾ ਗਿਰਾਵਟ ਤੋਂ ਬਾਅਦ ਇਹ 676 ਮਿਲੀਅਨ ਸਵਿਸ ਫ਼ਰੈਂਕ (4,500 ਕਰੋੜ ਰੁਪਏ) ਰਹਿ ਗਿਆ ਸੀ। 1987 ਵਿਚ ਯੂਰਪੀ ਬੈਂਕ ਵਲੋਂ ਅੰਕੜੇ ਜਨਤਕ ਕਰਨ ਦੀ ਸ਼ੁਰੂਆਤ ਤੋਂ ਬਾਅਦ ਇਹ ਸੱਭ ਤੋਂ ਨੀਵਾਂ ਪੱਧਰ ਸੀ।  

ਤਾਜ਼ਾ ਅੰਕੜਿਆਂ ਮੁਤਾਬਕ, ਸਵਿਸ ਬੈਂਕਾਂ ਵਿਚ ਪਾਕਿਸਤਾਨ ਦੇ ਨਾਗਰਿਕਾਂ ਦੀ ਜਮ੍ਹਾਂ ਰਾਸ਼ੀ ਵਿਚ 21 ਫ਼ੀ ਸਦੀ ਕਮੀ ਆਈ ਹੈ। ਸਵਿਸ ਬੈਂਕਾਂ ਵਿਚ ਸਾਰੇ ਵਿਦੇਸ਼ੀ ਗਾਹਕਾਂ ਦਾ ਕੁਲ ਪੈਸਾ 1.46 ਖਰਬ ਸਵਿਸ ਫ਼ਰੈਂਕ (ਕਰੀਬ 100 ਲੱਖ ਕਰੋੜ ਰੁਪਏ) ਤੋਂ ਜ਼ਿਆਦਾ ਹੈ। 2017 ਵਿਚ ਵਿਦੇਸ਼ੀ ਗਾਹਕਾਂ ਦੀ ਜਮ੍ਹਾਂ ਰਾਸ਼ੀ ਵਿਚ ਕਮੀ ਦੇ ਬਾਵਜੂਦ ਸਵਿਸ ਬੈਂਕਾਂ ਦੇ ਮੁਨਾਫ਼ੇ ਵਿਚ 25 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ।  (ਏਜੰਸੀ)