ਹਜ਼ਾਰਾਂ ਰੁੱਖਾਂ ਤੇ ਜੀਵ ਜੰਤੂਆਂ ਦਾ ਕਾਲ਼ ਬਣੇਗੀ ਮੁੰਬਈ-ਅਹਿਮਦਾਬਾਦ ਬੁਲੇਟ ਟ੍ਰੇਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਾਈ ਸਪੀਡ ਰੇਲ ਚਲਾਉਣ ਲਈ ਕੱਟੇ ਜਾਣਗੇ 54 ਹਜ਼ਾਰ ਮੈਂਗਰੋਵ ਦੇ ਰੁੱਖ

Bullet Train

ਮੁੰਬਈ- ਵਿਸ਼ਵ ਭਰ ਵਿਚ ਜਿੱਥੇ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੱਦਾ ਦਿੱਤਾ ਜਾ ਰਿਹਾ ਹੈ ਉਥੇ ਹੀ ਭਾਰਤ ਸਰਕਾਰ ਵੱਲੋਂ ਮੁੰਬਈ ਤੋਂ ਅਹਿਮਦਾਬਾਦ ਤੱਕ ਚੱਲਣ ਵਾਲੀ ਬੁਲੇਟ ਟ੍ਰੇਨ ਦੇ ਪ੍ਰੋਜੈਕਟ ਲਈ 54 ਹਜ਼ਾਰ ਮੈਂਗਰੋਵ ਦੇ ਰੁੱਖਾਂ 'ਤੇ ਕੁਹਾੜਾ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਹਾਈ ਸਪੀਡ ਰੇਲ ਕਾਰੀਡੋਰ ਪ੍ਰੋਜੈਕਟ ਦੇ ਚਲਦਿਆਂ 13.36 ਹੈਕਟੇਅਰ ਖੇਤਰ ਵਿਚ ਫੈਲੇ ਕਰੀਬ 54 ਹਜ਼ਾਰ ਮੈਂਗਰੋਵ ਦੇ ਰੁੱਖਾਂ ਨੂੰ ਕੱਟਿਆ ਜਾਵੇਗਾ।

ਬੁਲੇਟ ਟ੍ਰੇਨ ਨੂੰ ਲੈ ਕੇ ਹਜ਼ਾਰਾਂ ਰੁੱਖਾਂ 'ਤੇ ਡਿੱਗ ਰਹੀ ਗਾਜ਼ ਨੂੰ ਲੈ ਕੇ ਬਹੁਤ ਸਾਰੇ ਵਾਤਾਵਰਣ ਪ੍ਰੇਮੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਪਰ ਦਿਵਾਕਰ ਰਾਨਤੇ ਨੇ ਸੂਬਾ ਵਿਧਾਨ ਸਭਾ ਪ੍ਰੀਸ਼ਦ ਵਿਚ ਇਕ ਸਵਾਲ ਦਾ ਜਵਾਬ ਦਿੰਦਿਆਂ ਆਖਿਆ ਕਿ  ਸੂਬਾ ਸਰਕਾਰ ਇਸ ਪ੍ਰਾਜੈਕਟ ਲਈ ਕੱਟੇ ਜਾਣ ਵਾਲੇ ਹਰੇਕ ਰੁੱਖ ਦੀ ਥਾਂ 5 ਰੁੱਖ ਲਗਾਉਣ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ ਇਹ ਵਿਸ਼ੇਸ਼ ਕਿਸਮ ਦੇ ਰੁੱਖ ਪਾਣੀ ਨੂੰ ਰੋਕ ਕੇ ਰੱਖਦੇ ਹਨ।

ਜੇਕਰ ਇਨ੍ਹਾਂ ਦੀ ਵੱਡੀ ਪੱਧਰ 'ਤੇ ਕਟਾਈ ਹੋਈ ਤਾਂ ਇਲਾਕੇ ਵਿਚ ਹੜ੍ਹ ਦੀ ਸੰਭਾਵਨਾ ਹੋ ਸਕਦੀ ਹੈ ਪਰ ਮਹਾਰਾਸ਼ਟਰ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਨਵੀਂ ਮੁੰਬਈ ਵਿਚ ਹੜ੍ਹ ਆਉਣ ਦਾ ਕੋਈ ਡਰ ਨਹੀਂ ਰਹੇਗਾ। ਬੁਲੇਟ ਟ੍ਰੇਨ ਪ੍ਰੋਜੈਕਟ ਨੂੰ ਲੈ ਕੇ ਮੁੰਬਈ ਅਤੇ ਅਹਿਮਦਾਬਾਦ ਵਿਚ ਕਈ ਥਾਵਾਂ 'ਤੇ ਕੰਮ ਸ਼ੁਰੂ ਹੋ ਚੁੱਕਿਆ ਹੈ। ਇਸ ਪ੍ਰਾਜੈਕਟ ਲਈ ਕੁੱਲ 1,379 ਹੈਕਟੇਅਰ ਦੀ ਜ਼ਮੀਨ ਪ੍ਰਾਪਤ ਕੀਤੀ ਜਾਵੇਗੀ।

ਜਿਸ ਵਿਚ 275.65 ਹੈਕਟੇਅਰ ਮਹਾਰਾਸ਼ਟਰ ਦੀ ਨਿੱਜੀ ਜ਼ਮੀਨ ਹੈ ਜਦਕਿ ਮੁੰਬਈ ਸਮੇਤ ਸੂਬਾ ਸਰਕਾਰ ਇਸ ਪ੍ਰਾਜੈਕਟ ਲਈ ਕੁੱਲ 188 ਹੈਕਟੇਅਰ ਨਿੱਜੀ ਜ਼ਮੀਨ ਖ਼ਰੀਦੇਗੀ। ਜਿਸ ਨਾਲ ਪਾਲਘਰ ਜ਼ਿਲ੍ਹੇ ਵਿਚ 3,498 ਪਰਿਵਾਰ ਪ੍ਰਭਾਵਿਤ ਹੋਣਗੇ। 2.95 ਹੈਕਟੇਅਰ ਜ਼ਮੀਨ ਸਰਕਾਰ ਨੇ ਖ਼ਰੀਦ ਵੀ ਲਈ ਹੈ। ਠਾਣੇ ਜ਼ਿਲ੍ਹੇ ਵਿਚ 84.81 ਹੈਕਟੇਅਰ ਜ਼ਮੀਨ ਦੇ 6,589 ਮਾਲਕ ਇਸ ਪ੍ਰਜੈਕਟ ਨਾਲ ਪ੍ਰਭਾਵਿਤ ਹੋਣਗੇ।

ਕੁੱਝ ਕਿਸਾਨਾਂ ਨੂੰ ਸਰਕਾਰ ਨੇ ਕਿਸੇ ਨਾ ਕਿਸੇ ਤਰ੍ਹਾਂ ਮਨਾ ਲਿਆ ਹੈ ਜਦਕਿ ਅਜੇ ਬਹੁਤ ਸਾਰਿਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ। ਦੱਸ ਦਈਏ ਕਿ ਇਸ ਪ੍ਰਾਜੈਕਟ 'ਤੇ ਇਕ ਲੱਖ ਕਰੋੜ ਰੁਪਏ ਤੋਂ ਉੱਪਰ ਲਾਗਤ ਆਉਣ ਦੀ ਸੰਭਾਵਨਾ ਹੈ। ਜਿਸ ਦੇ ਲਈ ਫੰਡ ਜਪਾਨ ਇੰਟਰਨੈਸ਼ਨਲ ਕਾਰਪੋਰੇਸ਼ਨ ਏਜੰਸੀ ਵੱਲੋਂ ਉਪਲਬਧ ਕਰਾਵਾਇਆ ਜਾਵੇਗਾ। ਫਿਲਹਾਲ ਵਿਕਾਸ ਦੇ ਨਾਂਅ 'ਤੇ ਚਲਾਈ ਜਾ ਰਹੀ ਬੁਲੇਟ ਟ੍ਰੇਨ ਅਸਲ ਵਿਚ ਹਜ਼ਾਰਾਂ ਰੁੱਖਾਂ, ਜੀਵ ਜੰਤੂਆਂ ਅਤੇ ਕਿਸਾਨਾਂ ਦਾ ਉਜਾੜਾ ਬਣ ਕੇ ਆ ਰਹੀ ਹੈ।