ਗ੍ਰਹਿ ਮੰਤਰੀ ਨੇ ਦੇਸ਼ਵਾਸੀਆਂ ਨੂੰ ਕੀਤੀ ਅਪੀਲ, ‘Important! ਜ਼ਰੂਰ ਸੁਣੋ ਪੀਐਮ ਮੋਦੀ ਦਾ ਸੰਬੋਧਨ’

ਏਜੰਸੀ

ਖ਼ਬਰਾਂ, ਰਾਸ਼ਟਰੀ

ਚੀਨ ਨਾਲ ਜਾਰੀ ਤਣਾਅ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ਵਾਸੀਆਂ ਨੂੰ ਫਿਰ ਤੋਂ ਸੰਬੋਧਨ ਕਰਨ ਵਾਲੇ ਹਨ।

Amit shah

ਨਵੀਂ ਦਿੱਲੀ: ਚੀਨ ਨਾਲ ਜਾਰੀ ਤਣਾਅ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ਵਾਸੀਆਂ ਨੂੰ ਫਿਰ ਤੋਂ ਸੰਬੋਧਨ ਕਰਨ ਵਾਲੇ ਹਨ। ਕੋਰੋਨਾ ਕਾਲ ਵਿਚ ਦੇਸ਼ ਦੇ ਨਾਂਅ ਉਹਨਾਂ ਦਾ ਇਹ ਛੇਵਾਂ ਸੰਬੋਧਨ ਹੋਵੇਗਾ। ਸ਼ਾਮ 4 ਵਜੇ ਹੋਣ ਵਾਲੇ ਪੀਐਮ ਮੋਦੀ ਦੇ ਸੰਬੋਧਨ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਲੋਕ ਪ੍ਰਧਾਨ ਮੰਤਰੀ ਨੂੰ ਜ਼ਰੂਰ ਸੁਣਨ।

ਅਮਿਤ ਸ਼ਾਹ ਨੇ ਅਪਣੇ ਟਵਿਟਰ ਅਕਾਊਂਟ ‘ਤੇ ਟਵੀਟ ਕਰ ਕੇ ਇਹ ਅਪੀਲ ਕੀਤੀ  ਕੁਝ ਸਮੇਂ ਬਾਅਦ ਹੋਣ ਵਾਲੇ ਪੀਐਮ ਮੋਦੀ ਦੇ ਸੰਬੋਧਨ ‘ਤੇ ਹਰ ਕਿਸੇ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਹਰ ਕੋਈ ਇਹੀ ਸੋਚ ਰਿਹਾ ਹੈ ਕਿ ਮੋਦੀ ਕਿਸ ਮੁੱਦੇ ‘ਤੇ ਬੋਲਣਗੇ। ਇਸ ਤੋਂ ਪਹਿਲਾਂ ਪੀਐਮ ਮੋਦੀ ਨੇ 12 ਮਈ ਨੂੰ ਰਾਸ਼ਟਰ ਨੂੰ ਸੰਬੋਧਿਤ ਕੀਤਾ ਸੀ।

ਉਸ ਸਮੇਂ ਉਹਨਾਂ ਨੇ ਲੌਕਡਾਊਨ ਨਾਲ ਜੂਝ ਰਹੀ ਅਰਥਵਿਵਸਥਾ ਲਈ 20 ਲੱਖ ਕਰੋੜ ਰੁਪਏ ਦੇ ਵਿੱਤੀ ਪੈਕੇਜ ਦਾ ਐਲਾਨ ਕੀਤਾ ਸੀ। ਹੁਣ ਕੋਰੋਨਾ ਵਾਇਰਸ ਦੇ 5.66 ਲੱਖ ਮਾਮਲੇ, ਭਾਰਤ-ਚੀਨ ਵਿਚ ਜਾਰੀ ਤਣਾਅ, ਅਨਲੌਕ-2 ਅਤੇ 59 ਚੀਨੀ ਐਪਸ ‘ਤੇ ਪਾਬੰਦੀ ਦੇ ਫੈਸਲੇ ਵਿਚਕਾਰ ਉਹਨਾਂ ਦਾ ਸੰਬੋਧਨ ਹੋ ਰਿਹਾ ਹੈ। 

ਮੰਗਲਵਾਰ ਸਵੇਰ ਦੇ ਅੰਕੜਿਆਂ ਅਨੁਸਾਰ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਸੰਕਰਮਣ ਦੇ 18,522 ਨਵੇਂ ਕੇਸਾਂ ਦੇ ਨਾਲ 418 ਲੋਕਾਂ ਦੀ ਮੌਤ ਵੀ ਹੋਈ ਹੈ। ਇਸ ਤੋਂ ਬਾਅਦ ਦੇਸ਼ ਵਿਚ ਕੋਰੋਨਾ ਮਾਮਲਿਆਂ ਦੀ ਗਿਣਤੀ ਵਧ ਕੇ 5,66,840 ਹੋ ਗਈ ਹੈ। ਇਹਨਾਂ ਵਿਚੋਂ 2,15,125 ਐਕਟਿਵ ਮਾਮਲੇ ਹਨ।