103 ਸਾਲਾ ਬਾਬੇ ਨੇ ਕਰੋਨਾ ਨੂੰ ਪਾਈ ਮਾਤ, ਤੰਦਰੁਸਤ ਹੋ ਕੇ ਕੀਤੀ ਘਰ ਵਾਪਸੀ!

ਏਜੰਸੀ

ਖ਼ਬਰਾਂ, ਰਾਸ਼ਟਰੀ

ਹਸਪਤਾਲ ਨੇ ਬਾਬੇ ਦੇ ਇਲਾਜ 'ਤੇ ਆਇਆ ਖ਼ਰਚ ਕੀਤਾ ਮੁਆਫ਼

103-year-old Baba

ਮੁੰਬਈ : ਕਰੋਨਾ ਵਾਇਰਸ ਨੇ ਪੂਰੀ ਦੁਨੀਆਂ ਅੰਦਰ ਤਰਥੱਲੀ ਮਚਾਈ ਹੋਈ ਹੈ। ਇਸ ਦੀ ਭਿਆਨਕਤਾ ਕਾਰਨ ਲੋਕ ਘਰਾਂ 'ਚੋਂ ਨਿਕਲਣ ਤੋਂ ਵੀ ਖੌਫ਼ ਖਾ ਰਹੇ ਹਨ। ਇਸ ਨੂੰ ਬਜ਼ੁਰਗਾਂ ਖ਼ਾਸ ਕਰ ਕੇ ਵਡੇਰੀ ਉਮਰ ਦੇ ਵਿਅਕਤੀਆਂ ਲਈ ਘਾਤਕ ਮੰਨਿਆ ਜਾਂਦਾ ਹੈ। ਕਰੋਨਾ ਨਾਲ ਮਰਨ ਵਾਲਿਆਂ 'ਚ ਵਧੇਰੇ ਗਿਣਤੀ ਵੱਡੀ ਉਮਰ ਦੇ ਬਜ਼ੁਰਗਾਂ ਦੀ ਹੋਣ ਕਾਰਨ ਇਸ ਮਿੱਥ ਨੂੰ ਪਕਿਆਈ ਮਿਲੀ ਹੈ।

ਪਰ ਪਿਛਲੇ ਦਿਨਾਂ ਦੌਰਾਨ ਵੱਡੀ ਉਮਰ ਦੇ ਕਈ ਬਜ਼ੁਰਗਾਂ ਨੇ ਜਿਸ ਤਰ੍ਹਾਂ ਕਰੋਨਾ ਨੂੰ ਮਾਤ ਦਿਤੀ ਹੈ, ਉਸ ਨੇ ਇਸ ਦਾਅਵੇ ਦੀ ਪਰਪੱਕਤਾ ਨੂੰ ਕਾਫ਼ੀ ਘਟਾ ਦਿਤਾ ਹੈ। ਅਜਿਹਾ ਹੀ ਇਕ ਮਾਮਲਾ ਮੁੰਬਈ ਵਿਚ ਸਾਹਮਣੇ ਆਇਆ ਹੈ, ਜਿੱਥੇ ਇਕ 103 ਸਾਲਾ ਬਜ਼ੁਰਗ ਬਾਬਾ ਕਰੋਨਾ 'ਤੇ ਫ਼ਤਿਹ ਪਾ ਘਰ ਪਰਤਿਆ ਹੈ।

ਇਹ ਬਾਬਾ ਸੋਮਵਾਰ ਨੂੰ ਮੁੰਬਈ ਸਥਿਤ ਸੁੱਖਾ ਸਿੰਘ ਛਾਬੜਾ ਕੌਸ਼ਲਯਾ ਮੈਡੀਕਲ ਫਾਊਂਡੇਸ਼ਨ ਟਰੱਸਟ ਹਸਪਤਾਲ ਦੇ ਆਈਸੀਯੂ 'ਚੋਂ ਸਿਹਤਯਾਬ ਹੋ ਕੇ ਘਰ ਪਰਤਿਆ ਹੈ। ਕਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਨੂੰ ਮਾਤ ਦਿੰਦਿਆਂ ਆਈਸੀਯੂ ਤੋਂ ਸਿਹਤਯਾਬ ਹੋ ਕੇ ਬਾਹਰ ਆਉਣ ਵਾਲੇ ਹੁਣ ਤਕ ਦੇ ਸਭ ਤੋਂ ਵੱਡੀ ਉਮਰ ਦੇ ਮਰੀਜ਼ ਹਨ।

ਸਿਹਤ ਸਬੰਧੀ ਕੁੱਝ ਸਮੱਸਿਆ ਆਉਣ ਬਾਅਦ ਬਾਬਾ ਜੀ ਦਾ ਕਰੋਨਾ ਟੈਸਟ ਕਰਵਾਇਆ ਗਿਆ ਸੀ ਜਿਸ ਦੀ 31 ਮਈ ਨੂੰ ਟੈਸਟ ਰਿਪੋਰਟ ਪਾਜ਼ੇਟਿਵ ਆਉਣ ਬਾਅਦ 2 ਜੂਨ ਨੂੰ ਕੇਐਮਐਫਟੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।

ਉਨ੍ਹਾਂ ਦੀ ਸਿਹਤਯਾਬੀ ਤੋਂ ਉਤਸ਼ਾਹਤ ਹਸਪਤਾਲ ਦੇ ਟਰੱਸਟੀ ਅਮੋਲ ਭਾਨੂਸ਼ਾਲੀ ਅਤੇ ਸਮੀਪ ਸੋਹੋਨੀ ਨੇ ਉਨ੍ਹਾਂ ਦੇ ਇਲਾਜ 'ਚ ਆਏ ਖ਼ਰਚੇ ਨੂੰ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਬਾਬੇ ਦੀ ਸਿਹਤਯਾਬੀ ਨੇ ਕਰੋਨਾ ਤੋਂ ਪੀੜਤ ਵੱਡੀ ਉਮਰ ਦੇ ਮਰੀਜ਼ਾਂ ਲਈ ਆਸ ਦੀ ਕਿਰਨ ਜਗਾਈ ਹੈ। ਬਾਬੇ ਦੀ ਸਿਹਤਯਾਬੀ ਤੋਂ ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਡਾਕਟਰ ਅਤੇ ਹਸਪਤਾਲ ਦਾ ਸਟਾਫ਼ ਕਾਫ਼ੀ ਉਤਸ਼ਾਹਿਤ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।