Covid 19 : ਮਰੀਜ਼ਾਂ ਦੇ ਸਿਹਤਯਾਬ ਹੋਣ ਦੀ 78 ਫੀਸਦੀ ਦਰ ਨਾਲ ਪੰਜਾਬ ਬਣਿਆ ਦੇਸ਼ ਦਾ ਮੋਹਰੀ ਸੂਬਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਵਿਡ-19 ਦੇ ਮਰੀਜ਼ਾਂ ਦੀ ਮੌਤ ਦਰ 1.8 ਫੀਸਦ ਜੋ ਕੌਮੀ ਦਰ ਨਾਲੋਂ ਘੱਟ, ਕੋਈ ਲਾਲ/ਸੰਤਰੀ/ਹਰਾ ਜ਼ੋਨ ਨਹੀਂ ਸਿਰਫ਼ ਕੰਨਟੇਨਮੈਂਟ ਜ਼ੋਨ

File Photo

ਚੰਡੀਗੜ੍ਹ : ਸੂਬਾ ਸਰਕਾਰ ਵੱਲੋਂ ਕੀਤੇ ਅਣਥੱਕ ਯਤਨਾਂ ਸਦਕਾ, ਕੋਵਿਡ -19 ਦੇ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ 78 ਪ੍ਰਤੀਸ਼ਤ ਦਰ ਨਾਲ ਕਰੋਨਾ ਵਾਇਰਸ ਵਿਰੁੱਧ ਜੰਗ ਵਿੱਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ। ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਰੋਨਾ ਵਾਇਰਸ ਮਹਾਮਾਰੀ ਦੇ ਟਾਕਰੇ ਲਈ ਪੂਰੀ ਤਰ੍ਹਾਂ ਤਿਆਰ ਹੈ ਜਿਸ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅਪ੍ਰੈਲ, 2020  ਵਿੱਚ 1,57,13,789 ਵਿਅਕਤੀਆਂ ਦੀ ਜਾਂਚ ਕੀਤੀ ਗਈ।

ਇਨ੍ਹਾਂ ਵਿਚੋਂ 9,593 ਵਿਅਕਤੀਆਂ ਵਿੱਚ  ਲੱਛਣ ਪਾਏ ਗਏ ਸਨ ਜਿਨ੍ਹਾਂ ਨੂੰ ਅੱਗੇ ਦੇ ਪ੍ਰਬੰਧਨ ਅਤੇ ਨਮੂਨੇ ਲੈਣ ਲਈ ਰੈਫਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਰਾਜ ਵਿਚ ਹੁਣ ਤੱਕ ਕੋਵਿਡ -19 ਦੇ 1980 ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ਅਤੇ 52,955 ਵਿਅਕਤੀਆਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 48,813 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ 1980 ਮਰੀਜ਼ਾਂ ਵਿਚੋਂ 1557 ਮਰੀਜ਼ ਠੀਕ ਹੋ ਗਏ ਹਨ ਜੋ ਦੇਸ਼ ਵਿਚ ਮਰੀਜ਼ਾਂ ਦੇ ਠੀਕ ਹੋਣ ਦੀ ਸਭ ਤੋਂ ਵੱਧ ਰਿਕਵਰੀ ਦਰ ਵਿੱਚੋਂ ਹੈ।

ਸ. ਬਲਬੀਰ ਸਿੰਘ ਸਿੱਧੂ ਨੇ ਅੱਗੇ ਕਿਹਾ ਕਿ ਸੂਬੇ ਭਰ ਵਿੱਚ ‘ਰਿਸਕ ਸਟਾਰਟੀਫਾਈਡ ਰੈਂਡਮ ਸੈਂਪਲਿੰਗ’ ਕਰਨ ਦੀ ਜ਼ਰੂਰਤ ਹੈ (ਯਾਤਰੀ, ਫਰੰਟ ਲਾਈਨ ਵਰਕਰ, ਹੋਰ ਬਿਮਾਰੀਆਂ ਤੋਂ ਪੀੜਤ ਲੋਕ ਅਤੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿਚ ਰਹਿਣ ਵਾਲੇ ਲੋਕ) ਅਤੇ ਕਰੋਨਾ ਵਾਇਰਸ ਦੇ ਅੱਗੇ ਫੈਲਾਅ ਨੂੰ ਰੋਕਣ ਲਈ ਉੱਚ ਜੋਖ਼ਮ ਵਾਲੇ ਖੇਤਰਾਂ ਅਤੇ ਵਿਅਕਤੀਆਂ `ਤੇ ਧਿਆਨ ਕੇਂਦਰ ਕੀਤਾ ਜਾਵੇਗਾ।ਇਸ ਸਬੰਧੀ ਸਿਵਲ ਸਰਜਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਕੰਟੇਨਮੈਂਟ ਜ਼ੋਨ ਦੇ ਤੱਥਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਸਿਰਫ਼ ਕੰਟੇਨਮੈਂਟ ਜ਼ੋਨ ਦੀ ਪਰਿਭਾਸ਼ਾ ਦਿੱਤੀ ਹੈ ਅਤੇ ਹੁਣ ਕੋਈ ਲਾਲ / ਸੰਤਰੀ / ਹਰਾ ਜ਼ੋਨ ਨਹੀਂ ਹੈ। ਕੰਟੇਨਮੈਂਟ ਜ਼ੋਨ ਇਕ ਪਿੰਡ / ਵਾਰਡ ਵਿਚ 15 ਜਾਂ ਇਸ ਤੋਂ ਵੱਧ ਕੇਸਾਂ ਦੁਆਲੇ ਦਾ ਖੇਤਰ ਹੈ। ਇਹ ਨਾਲ ਲੱਗਦੇ ਪਿੰਡਾਂ / ਵਾਰਡਾਂ ਦਾ ਇੱਕ ਛੋਟਾ ਸਮੂਹ ਵੀ ਹੋ ਸਕਦਾ ਹੈ। ਫਿਰ ਇੱਥੇ ਇੱਕ ਬਫਰ ਜ਼ੋਨ ਹੋਣਾ ਚਾਹੀਦਾ ਹੈ ਜੋ ਕੰਟੇਨਮੈਂਟ ਜ਼ੋਨ ਦੇ ਦੁਆਲੇ ਇੱਕ ਕੇਂਦਰਿਤ ਖੇਤਰ ਹੋਵੇਗਾ ਅਤੇ ਬਫਰ ਜ਼ੋਨ ਦਾ ਘੇਰਾ 1 ਕਿਲੋਮੀਟਰ ਤੱਕ ਦਾ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਕੰਟੇਨਮੈਂਟ ਅਵਧੀ ਘੱਟੋ ਘੱਟ 14 ਦਿਨਾਂ ਦੀ ਹੋਵੇਗੀ। ਜੇ ਪਿਛਲੇ ਹਫਤੇ ਵਿੱਚ ਕੋਈ ਨਵਾਂ ਕੇਸ ਨਹੀਂ ਹੈ ਜਾਂ ਇੱਕ ਨਵਾਂ ਕੇਸ ਹੈ ਤਾਂ ਉਕਤ ਖੇਤਰ ਨੂੰ ਖੋਲ੍ਹ ਦਿੱਤਾ ਜਾਵੇਗਾ, ਨਹੀਂ ਤਾਂ ਇੱਕ ਸਮੇਂ ਲਈ ਕੰਟੇਨਮੈਂਟ ਦੀ ਮਿਆਦ ਇਕ ਹਫਤੇ ਤੱਕ ਵਧਾ ਦਿੱਤੀ ਜਾਵੇਗੀ।ਸਿਹਤ ਮੰਤਰੀ ਨੇ ਕਿਹਾ ਕਿ ਨਾਂਦੇੜ ਤੋਂ ਪਰਤੇ 4218 ਵਿਅਕਤੀਆਂ ਵਿਚੋਂ 1252 ਵਿਅਕਤੀ ਕੋਵਿਡ-19 ਪਾਜ਼ੇਟਿਵ ਪਾਏ ਗਏ ਸਨ। ਉਨ੍ਹਾਂ ਸਾਰਿਆਂ ਨੂੰ ਸਿਹਤਯਾਬ ਘੋਸ਼ਿਤ ਕਰਕੇ ਘਰਾਂ ਨੂੰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ  ਪੰਜਾਬ ਵਿੱਚ ਜ਼ਿਆਦਾਤਰ ਕੇਸ ਬਾਹਰਲੇ ਹਨ।