ਚੀਨ ਵਿਚ ਮਿਲਿਆ ਸਵਾਈਨ ਫਲੂ ਦਾ ਘਾਤਕ ਵਾਇਰਸ, ਫੈਲਾ ਸਕਦਾ ਹੈ ਮਹਾਂਮਾਰੀ!

ਏਜੰਸੀ

ਖ਼ਬਰਾਂ, ਰਾਸ਼ਟਰੀ

ਖੋਜਕਰਤਾਵਾਂ ਨੂੰ ਚੀਨ ਵਿਚ ਇਕ ਨਵਾਂ ਸਵਾਈਨ ਫਲੂ ਮਿਲਿਆ ਹੈ, ਜੋ ਇਸ ਸਮੇਂ ਕੋਰੋਨਾ ਮਹਾਂਮਾਰੀ ਵਿਚ ਮੁਸੀਬਤ ਨੂੰ ਵਧਾ ਸਕਦਾ ਹੈ।

Virus

ਨਵੀਂ ਦਿੱਲੀ: ਖੋਜਕਰਤਾਵਾਂ ਨੂੰ ਚੀਨ ਵਿਚ ਇਕ ਨਵਾਂ ਸਵਾਈਨ ਫਲੂ ਮਿਲਿਆ ਹੈ, ਜੋ ਇਸ ਸਮੇਂ ਕੋਰੋਨਾ ਮਹਾਂਮਾਰੀ ਵਿਚ ਮੁਸੀਬਤ ਨੂੰ ਵਧਾ ਸਕਦਾ ਹੈ। ਇਹ ਸਟਡੀ ਅਮਰੀਕੀ ਸਾਇੰਸ ਜਰਨਲ ਵਿਚ ਪ੍ਰਕਾਸ਼ਿਤ ਹੋਈ ਹੈ। ਖੋਜੀ ਗਈ ਨਵੀਂ ਸਵਾਈਨ ਫਲੂ ਬਿਮਾਰੀ 2009 ਵਿਚ ਪੂਰੀ ਦੁਨੀਆ ਵਿਚ ਫੈਲੇ H1N1 ਸਵਾਈਨ ਫਲੂ ਦੀ ਹੀ ਕਿਸਮ ਹੈ।

ਚੀਨ ਦੀਆਂ ਕਈ ਯੂਨੀਵਰਸਿਟੀਆਂ ਅਤੇ ਚੀਨ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਦੇ ਵਿਗਿਆਨਕਾਂ ਨੇ ਕਿਹਾ ਹੈ ਕਿ ਨਵਾਂ ਸਵਾਈਨ ਫਲੂ ਇੰਨਾ ਤਾਕਤਵਰ ਹੈ ਕਿ ਇਹ ਇਨਸਾਨਾਂ ਨੂੰ ਬਹੁਤ ਬਿਮਾਰ ਕਰ ਸਕਦਾ ਹੈ। ਨਵੇਂ ਸਵਾਈਨ ਫਲੂ ਦਾ ਸੰਕਰਮਣ ਜੇਕਰ ਕੋਰੋਨਾ ਮਹਾਂਮਾਰੀ ਦੌਰਾਨ ਫੈਲ ਗਿਆ ਤਾਂ ਬਹੁਤ ਵੱਡੀ ਮੁਸੀਬਤ ਖੜ੍ਹੀ ਹੋ ਜਾਵੇਗੀ।

ਨਵੇਂ ਸਵਾਈਨ ਫਲੂ ਦਾ ਨਾਮ ਹੈ ਜੀ4। ਚੀਨ ਦੇ ਵਿਗਿਆਨਕਾਂ ਨੇ ਇਸ ਨੂੰ ਲੱਭਣ ਲਈ ਸਾਲ 2011 ਤੋਂ 2018 ਤੱਕ ਰਿਸਰਚ ਕੀਤੀ ਹੈ। ਇਸ ਦੌਰਾਨ ਇਹਨਾਂ ਵਿਗਿਆਨਕਾਂ ਨੇ ਚੀਨ ਦੇ 10 ਸੂਬਿਆਂ ਤੋਂ 30 ਹਜ਼ਾਰ ਸੂਰਾਂ ਦੇ ਨੱਕ ਤੋਂ ਸਵੈਬ ਲਿਆ। ਇਸ ਸਵੈਬ ਦੀ ਜਾਂਚ ਕੀਤੀ ਗਈ।

ਇਸ ਤੋਂ ਪਤਾ ਚੱਲਿਆ ਕਿ ਚੀਨ ਵਿਚ 179 ਤਰ੍ਹਾਂ ਦੇ ਸਵਾਈਨ ਫਲੂ ਹਨ। ਇਹਨਾਂ ਵਿਚੋਂ ਜੀ4 ਨੂੰ ਵੱਖ ਕੀਤਾ ਗਿਆ। ਜ਼ਿਆਦਾਤਰ ਸੂਰਾਂ ਵਿਚ ਜੀ4 ਫਲੂ ਮਿਲਿਆ ਹੈ, ਜੋ ਸਾਲ 2016 ਤੋਂ ਬਾਅਦ ਸੂਰਾਂ ‘ਤੇ ਮੰਡਰਾ ਰਿਹਾ ਹੈ। ਇਸ ਤੋਂ ਬਾਅਦ ਵਿਗਿਆਨਕਾਂ ਨੇ ਜੀ4 ‘ਤੇ ਅਧਿਐਨ ਕਰਨਾ ਸ਼ੁਰੂ ਕੀਤਾ। ਫਿਰ ਅਜਿਹਾ ਖੁਲਾਸਾ ਹੋਇਆ, ਜਿਸ ਨਾਲ ਉਹਨਾਂ ਦੇ ਹੋਸ਼ ਉੱਡ ਗਏ।

ਅਧਿਐਨ ਤੋਂ ਬਾਅਦ 230 ਲੋਕਾਂ ‘ਤੇ ਇਸ ਵਾਇਰਸ ਦਾ ਟੈਸਟ ਕੀਤਾ ਗਿਆ, ਉਹਨਾਂ ਵਿਚੋਂ ਕਰੀਬ 4.4  ਫੀਸਦੀ ਲੋਕਾਂ ਨੂੰ ਜੀ 4 ਸੰਕਰਮਣ ਸੀ। ਇਹ ਵਾਇਰਸ ਸੂਰਾਂ ਤੋਂ ਇਨਸਾਨਾਂ ਵਿਚ ਪਹੁੰਚ ਗਿਆ ਹੈ ਪਰ ਹੁਣ ਤੱਕ ਇਸ ਦੇ ਸਬੂਤ ਨਹੀਂ ਮਿਲੇ ਹਨ ਕਿ ਇਹ ਇਨਸਾਨਾਂ ਤੋਂ ਇਨਸਾਨਾਂ ਵਿਚ ਪਹੁੰਚ ਰਿਹਾ ਹੈ ਜਾਂ ਨਹੀਂ ਵਿਗਿਆਨਕ ਇਸ ‘ਤੇ ਅਧਿਐਨ ਕਰ ਰਹੇ ਹਨ।