ਉਨਾਵ ਬਲਾਤਕਾਰ ਮਾਮਲਾ : ਕਾਰ ਨੂੰ ਟੱਕਰ ਮਾਰਨ ਵਾਲਾ ਟਰੱਕ ਸਪਾ ਆਗੂ ਦਾ ਨਿਕਲਿਆ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸਪਾ ਆਗੂ ਨੇ ਕਿਹਾ- ਮੈਂ ਕੁਲਦੀਪ ਸਿੰਘ ਸੇਂਗਰ ਨੂੰ ਨਹੀਂ ਜਾਣਦਾ, ਸਿਰਫ਼ ਨਾਂ ਸੁਣਿਆ ਹੈ

Unnao rape : Truck owned by brother of Samajwadi Party leader Nandu Pal

ਲਖਨਊ : ਉਨਾਵ ਦੀ ਬਲਾਤਕਾਰ ਪੀੜਤਾ ਦੇ ਹਾਦਸਾ ਮਾਮਲੇ 'ਚ ਨਵਾਂ ਪ੍ਰਗਟਾਵਾ ਹੋਇਆ ਹੈ। ਕਾਰ ਨੂੰ ਟੱਕਰ ਮਾਰਨ ਵਾਲਾ ਟਰੱਕ ਫ਼ਤਿਹਪੁਰ ਦੇ ਸਪਾ ਆਗੂ ਅਤੇ ਸਾਬਕਾ ਜ਼ਿਲ੍ਹਾ ਸਕੱਤਰ ਨੰਦੂ ਪਾਲ ਦੇ ਭਰਾ ਦਾ ਹੈ। ਸਪਾ ਆਗੂ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਸਾਜਿਸ਼ ਦੱਸ ਕਿ ਬੇਵਜ੍ਹਾ ਵਧਾਇਆ ਜਾ ਰਿਹਾ ਹੈ, ਜਦਕਿ ਇਹ ਸਿਰਫ਼ ਹਾਦਸਾ ਹੈ। ਅਸੀ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਜਾਣਦੇ ਤਕ ਨਹੀਂ ਹਾਂ, ਸਿਰਫ਼ ਨਾਂ ਸੁਣਿਆ ਹੈ। ਉਸ ਦਾ ਕਹਿਣਾ ਹੈ ਕਿ ਫ਼ਾਈਨੈਂਸਰ ਤੋਂ ਬਚਣ ਲਈ ਟਰੱਕ ਦੀ ਨੰਬਰ ਪਲੇਟ 'ਤੇ ਕਾਲਖ਼ ਲਗਾਈ ਗਈ ਸੀ।

ਫ਼ਤਿਹਪੁਰ ਦੇ ਲਲੌਲੀ ਕਸਬੇ ਦੇ ਸਾਤਆਣਾ ਮੋਹੱਲਾ ਵਾਸੀ ਚੰਦੂ ਚਾਰ ਭਰਾ ਹਨ। ਉਨ੍ਹਾਂ ਕੋਲ ਕੁਲ 27 ਟਰੱਕ ਹਨ। ਉਹ ਆਪਣੇ ਦੂਜੇ ਨੰਬਰ ਦੇ ਭਰਾ ਦਵਿੰਦਰ ਕਿਸ਼ੋਰ ਨਾਲ ਮਿਲ ਕੇ ਟਰੱਕ ਦਾ ਕਾਰੋਬਾਰ ਚਲਾਉਂਦਾ ਹੈ। ਉਨ੍ਹਾਂ ਦਸਿਆ ਕਿ ਜਿਸ ਟਰੱਕ ਨਾਲ ਹਾਦਸਾ ਹੋਇਆ, ਉਹ ਦਵਿੰਦਰ ਦੇ ਨਾਂ 'ਤੇ ਹੈ। ਘਟਨਾ ਵਾਲੇ ਦਿਨ ਰਾਏਬਰੇਲੀ 'ਚ ਰੇਤ ਅਨਲੋਡ ਕਰਨ ਤੋਂ ਬਾਅਦ ਟਰੱਕ ਚਾਲਕ ਫ਼ਤਿਹਪੁਰ ਪਰਤ ਰਿਹਾ ਸੀ। ਟਰੱਕ ਨੂੰ ਲਲੌਲੀ ਦੇ ਪਿੰਡ ਆਟੀ ਸਦਮਪੁਰ ਵਾਸੀ ਆਸ਼ੀਸ਼ ਚਲਾ ਰਿਹਾ ਸੀ, ਜਦਕਿ ਬਾਂਦਾ ਦਾ ਪੈਲਾਨੀ ਵਾਸੀ ਮੋਹਨ ਸ੍ਰੀਵਾਸ ਕਲੀਨਰ ਸੀ।

ਕੁਲਦੀਪ ਸੇਂਗਰ ਨੂੰ ਭਾਜਪਾ ਨੇ ਕੀਤਾ ਸਸਪੈਂਡ :
ਉਨਾਵ ਬਲਾਤਕਾਰ ਮਾਮਲੇ 'ਚ ਮੁਲਜ਼ਮ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਪਾਰਟੀ ਨੇ ਮੁਅੱਤਲ ਕਰ ਦਿੱਤਾ ਹੈ। ਭਾਜਪਾ ਦੇ ਸੂਬਾ ਪ੍ਰਧਾਨ ਸਵਤੰਤਰ ਦੇਵ ਸਿੰਘ ਨੇ ਕਿਹਾ ਕਿ ਸੇਂਗਰ ਨੂੰ ਪਹਿਲਾਂ ਹੀ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਸੀਬੀਆਈ ਜਾਂਚ ਚੱਲ ਰਹੀ ਹੈ। ਬਲਾਤਕਾਰ ਪੀੜਤਾ ਦਾ ਕੇਜੀਐਮਯੂ 'ਚ ਇਲਾਜ ਚੱਲ ਰਿਹਾ ਹੈ। ਸਪਾ ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ ਨੇ ਵੀ ਹਸਪਤਾਲ ਪੁੱਜ ਕੇ ਪੀੜਤਾ ਦੇ ਪਰਵਾਰ ਨਾਲ ਮੁਲਾਕਾਤ ਕੀਤੀ। 

ਇਹ ਹੈ ਮਾਮਲਾ :
ਜ਼ਿਕਰਯੋਗ ਹੈ ਕਿ ਪੀੜਤ ਲੜਕੀ ਦਾ ਦੋਸ਼ ਸੀ ਕਿ ਉਸ ਨਾਲ 4 ਜੂਨ 2017 ਨੂੰ ਵਿਧਾਇਕ ਕੁਲਦੀਪ ਸਿੰਘ ਸੇਂਗਰ ਅਤੇ ਉਸ ਦੇ ਸਾਥੀਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ। ਪੀੜਤਾ ਵਿਧਾਇਕ ਦੇ ਘਰ ਆਪਣੇ ਇਕ ਰਿਸ਼ਤੇਦਾਰ ਨਾਲ ਨੌਕਰੀ ਮੰਗਣ ਗਈ ਸੀ। ਜਦ ਉਸ ਨੇ ਵਿਰੋਧ ਕੀਤਾ ਤਾਂ ਵਿਧਾਇਕ ਨੇ ਪਰਵਾਰ ਵਾਲਿਆਂ ਨੂੰ ਮਾਰਨ ਦੀ ਧਮਕੀ ਦਿਤੀ। ਜਦ ਉਹ ਥਾਣੇ ਗਈ ਤਾਂ ਐਫਆਈਆਰ ਨਹੀਂ ਲਿਖੀ। ਇਸ ਤੋਂ ਬਾਅਦ ਤਹਿਰੀਰ ਬਦਲ ਦਿਤੀ ਗਈ। ਜਦ ਮੁੱਖ ਮੰਤਰੀ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਇਨਸਾਫ਼ ਦਾ ਭਰੋਸਾ ਦਿਵਾਇਆ ਸੀ। ਉਸ ਤੋਂ ਬਾਅਦ ਕੁਲਦੀਪ ਸੇਂਗਰ ਵਿਰੁਧ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਬੀਤੇ ਐਤਵਾਰ ਰਾਏਬਰੇਲੀ 'ਚ ਇਕ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿਤੀ ਸੀ, ਜਿਸ 'ਚ ਪੀੜਤਾ ਗੰਭੀਰ ਜ਼ਖ਼ਮੀ ਹੋ ਗਈ ਸੀ। ਇਸ ਹਾਦਸੇ 'ਚ ਉਸ ਦੀ ਚਾਚੀ ਅਤੇ ਮਾਸੀ ਦੀ ਮੌਤ ਹੋ ਗਈ ਸੀ।