ਸਿਰਫ਼ 70 ਹਜ਼ਾਰ ਰੁਪਏ ਵਿਚ 25 ਸਾਲ ਤੱਕ ਪਾਓ ਮੁਫ਼ਤ ਬਿਜਲੀ ਤੇ ਕਮਾਓ ਪੈਸੇ, ਸਰਕਾਰ ਤੋਂ ਮਿਲੇਗੀ ਸਬਸਿਡੀ
ਲਗਾਤਾਰ ਮਹਿੰਗੀ ਹੋ ਰਹੀ ਬਿਜਲੀ ਦਾ ਸਿੱਧਾ ਅਸਰ ਲੋਕਾਂ ਦੇ ਘਰੇਲੂ ਬਜਟ ‘ਤੇ ਪੈ ਰਿਹਾ ਹੈ।
ਨਵੀਂ ਦਿੱਲੀ: ਲਗਾਤਾਰ ਮਹਿੰਗੀ ਹੋ ਰਹੀ ਬਿਜਲੀ ਦਾ ਸਿੱਧਾ ਅਸਰ ਲੋਕਾਂ ਦੇ ਘਰੇਲੂ ਬਜਟ ‘ਤੇ ਪੈ ਰਿਹਾ ਹੈ। ਹਾਲਾਂਕਿ ਬਿਜਲੀ ਦੇ ਬਿੱਲ ਨੂੰ ਘੱਟ ਕਰਨਾ ਜ਼ਿਆਦਾ ਮੁਸ਼ਕਿਲ ਨਹੀਂ ਹੈ। ਇਸ ਦੇ ਲਈ ਤੁਹਾਨੂੰ ਅਪਣੀ ਛੱਤ ‘ਤੇ ਸੋਲਰ ਪੈਨਲ ਲਗਾਉਣਾ ਹੋਵੇਗਾ। ਸੋਲਰ ਪੈਨਲ ਨੂੰ ਕਿਤੇ ਵੀ ਇੰਸਟਾਲ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਚਾਹੋ ਤਾਂ ਘਰ ਦੀ ਛੱਤ ‘ਤੇ ਸੋਲਰ ਪੈਨਲ ਲਗਾ ਕੇ ਬਿਜਲੀ ਬਣਾ ਕੇ ਗ੍ਰਿਡ ਵਿਚ ਸਪਲਾਈ ਕਰ ਸਕਦੇ ਹੋ।
ਸੋਲਰ ਪੈਨਲ ਲਗਾਉਣ ਵਾਲਿਆਂ ਨੂੰ ਕੇਂਦਰ ਸਰਕਾਰ ਦਾ ਨਿਊ ਐਂਡ ਰਿਨਿਊਏਬਲ ਐਨਰਜੀ ਮੰਤਰਾਲੇ ਛੱਤ ‘ਤੇ ਸੋਲਰ ਪੈਨਲ ਲਗਾਉਣ ਲਈ 30 ਫੀਸਦੀ ਸਬਸਿਡੀ ਦੇ ਰਿਹਾ ਹੈ। ਬਿਨਾਂ ਸਬਸਿਡੀ ਦੇ ਛੱਤ ‘ਤੇ ਸੋਲਰ ਪੈਨਲ ਲਗਾਉਣ ਲਈ ਕਰੀਬ 1 ਲੱਖ ਰੁਪਏ ਦਾ ਖਰਚ ਆਉਂਦਾ ਹੈ।
ਆਓ ਜਾਣਦੇ ਹਾਂ ਇਸ ਸਕੀਮ ਬਾਰੇ ਪੂਰੀ ਜਾਣਕਾਰੀ
ਇਕ ਸੋਲਰ ਪੈਨਲ ਦੀ ਕੀਮਤ ਕਰੀਬ ਇਕ ਲੱਖ ਰੁਪਏ ਹੈ। ਹਰ ਸੂਬੇ ਦੇ ਹਿਸਾਬ ਨਾਲ ਇਹ ਖਰਚਾ ਵੱਖਰਾ-ਵੱਖਰਾ ਹੈ ਪਰ ਸਰਕਾਰ ਵੱਲੋਂ ਮਿਲਣ ਵਾਲੀ ਸਬਸਿਡੀ ਤੋਂ ਬਾਅਦ ਇਕ ਕਿੱਲੋਵਾਟ ਦਾ ਸੋਲਰ ਪਲਾਂਟ ਸਿਰਫ 60 ਤੋਂ 70 ਹਜ਼ਾਰ ਰੁਪਏ ਵਿਚ ਹੀ ਇੰਸਟਾਲ ਹੋ ਜਾਂਦਾ ਹੈ।
ਦੱਸ ਦਈਏ ਕਿ ਕੁਝ ਸੂਬੇ ਇਸ ਦੇ ਲਈ ਅਲੱਗ ਤੋਂ ਸਬਸਿਡੀ ਵੀ ਦਿੰਦੇ ਹਨ। ਸੋਲਰ ਪਾਵਰ ਪਲਾਂਟ ਲਗਾਉਣ ਲਈ ਜੇਕਰ ਤੁਹਾਡੇ ਕੋਲ 60 ਹਜ਼ਾਰ ਰੁਪਏ ਨਹੀਂ ਹਨ ਤਾਂ ਤੁਸੀਂ ਕਿਸੇ ਵੀ ਬੈਂਕ ਤੋਂ ਹੋਮ ਲੋਨ ਵੀ ਲੈ ਸਕਦੇ ਹੋ। ਵਿੱਤ ਮੰਤਰਾਲੇ ਨੇ ਸਾਰੇ ਬੈਂਕਾਂ ਨੂੰ ਹੋਮ ਲੋਨ ਦੇਣ ਲਈ ਕਿਹਾ ਹੈ। ਸੋਲਰ ਪੈਨਲਾਂ ਦੀ ਉਮਰ 25 ਸਾਲ ਦੀ ਹੁੰਦੀ ਹੈ। ਇਸ ਪੈਨਲ ਨੂੰ ਤੁਸੀਂ ਅਸਾਨੀ ਨਾਲ ਛੱਤ ‘ਤੇ ਇੰਸਟਾਲ ਕਰਾ ਸਕਦੇ ਹੋ ਅਤੇ ਪੈਨਲ ਤੋਂ ਪ੍ਰਾਪਤ ਹੋਣ ਵਾਲੀ ਬਿਜਲੀ ਮੁਫ਼ਤ ਹੋਵੇਗੀ।
ਇਸ ਦੇ ਨਾਲ ਹੀ ਬਚੀ ਹੋਈ ਬਿਜਲੀ ਨੂੰ ਗ੍ਰਿਡ ਦੇ ਜ਼ਰੀਏ ਸਰਕਾਰ ਜਾਂ ਕੰਪਨੀ ਨੂੰ ਵੇਚ ਵੀ ਸਕਦੇ ਹੋ। ਜੇਕਰ ਤੁਸੀਂ ਅਪਣੇ ਘਰ ਦੀ ਛੱਤ ‘ਤੇ ਦੋ ਕਿੱਲੋਵਾਟ ਦਾ ਸੋਲਰ ਪੈਨਲ ਇੰਸਟਾਲ ਕਰਵਾਉਂਦੇ ਹੋ ਤਾਂ ਦਿਨ ਦੇ 10 ਘੰਟੇ ਤੱਕ ਧੁੱਪ ਨਿਕਲਣ ਦੀ ਸਥਿਤੀ ਵਿਚ ਇਸ ਨਾਲ ਕਰੀਬ 10 ਯੂਨਿਟ ਬਿਜਲੀ ਬਣੇਗੀ। ਇਕ ਮਹੀਨੇ ਵਿਚ ਦੋ ਕਿੱਲੋਵਾਟ ਦਾ ਸੋਲਰ ਪੈਨਲ ਕਰੀਬ 300 ਯੂਨਿਟ ਬਿਜਲੀ ਬਣਾਵੇਗਾ।
ਇਸ ਤਰ੍ਹਾਂ ਖਰੀਦੋ ਸੋਲਰ ਪੈਨਲ
-ਸੋਲਰ ਪੈਨਲ ਖਰੀਦਣ ਲਈ ਤੁਸੀਂ ਸੂਬਾ ਸਰਕਾਰ ਦੀ ਨਵਿਆਉਣਯੋਗ ਊਰਜਾ ਵਿਕਾਸ ਅਥਾਰਟੀ ਨਾਲ ਸੰਪਰਕ ਕਰ ਸਕਦੇ ਹੋ।
-ਜਿਸ ਦੇ ਲਈ ਸੂਬਿਆਂ ਦੇ ਮੁੱਖ ਸ਼ਹਿਰਾਂ ਵਿਚ ਦਫ਼ਤਰ ਬਣਾਏ ਗਏ ਹਨ।
-ਹਰ ਸ਼ਹਿਰ ਵਿਚ ਪ੍ਰਾਈਵੇਟ ਡੀਲਰਾਂ ਕੋਲ ਵੀ ਸੋਲਰ ਪੈਨਲ ਮੌਜੂਦ ਹੁੰਦੇ ਹਨ।
-ਸਬਸਿਡੀ ਲਈ ਫਾਰਮ ਵੀ ਅਥਾਰਟੀ ਦਫ਼ਤਰ ਤੋਂ ਹੀ ਮਿਲੇਗਾ।
-ਅਥਾਰਿਟੀ ਤੋਂ ਲੋਨ ਲੈਣ ਲਈ ਪਹਿਲਾਂ ਸੰਪਰਕ ਕਰਨਾ ਹੋਵੇਗਾ।
ਸੋਲਰ ਪੈਨਲ ਵਿਚ ਰੱਖ ਰਖਾਅ ਦਾ ਕੋਈ ਖਰਚਾ ਨਹੀਂ ਹੁੰਦਾ ਹੈ ਪਰ ਹਰ 10 ਸਾਲ ਵਿਚ ਇਸ ਦੀ ਬੈਟਰੀ ਇਕ ਵਾਰ ਬਦਲਣੀ ਹੁੰਦੀ ਹੈ। ਇਸ ਸੋਲਰ ਪੈਨਲ ਨੂੰ ਅਸਾਨੀ ਨਾਲ ਇਕ ਸਥਾਨ ਤੋਂ ਦੂਜੇ ਸਥਾਨ ਲਿਜਾਇਆ ਜਾ ਸਕਦਾ ਹੈ।
ਸਰਕਾਰ ਵੱਲੋਂ ਵਾਤਾਵਰਣ ਦੀ ਸੰਭਾਲ ਦੇ ਮੱਦੇਨਜ਼ਰ ਇਹ ਪਹਿਲ ਕੀਤੀ ਗਈ ਸੀ। ਲੋੜ ਅਨੁਸਾਰ 500 ਵਾਟ ਤੱਕ ਦੀ ਸਮਰੱਥਾ ਵਾਲੇ ਸੋਲਰ ਪਾਵਰ ਪੈਨਲ ਸਥਾਪਤ ਕੀਤੇ ਜਾ ਸਕਦੇ ਹਨ। ਇਸ ਦੇ ਤਹਿਤ ਪੰਜ ਸੌ ਵਾਟ ਦੇ ਇਸ ਤਰ੍ਹਾਂ ਦੇ ਹਰੇਕ ਪੈਨਲ ਦੀ ਕੀਮਤ 50 ਹਜ਼ਾਰ ਰੁਪਏ ਤੱਕ ਆਵੇਗੀ। ਇਹ ਪਲਾਂਟ ਇਕ ਕਿੱਲੋਵਾਟ ਤੋਂ ਪੰਜ ਕਿੱਲੋਵਾਟ ਸਮਰੱਥਾ ਤਕ ਲਗਾਇਆ ਜਾ ਸਕਦਾ ਹੈ।