‘‘ਭਾਰਤ ਕੋਲ ਤਾਂ ਸਦੀਆਂ ਪਹਿਲਾਂ ਵੱਡੇ-ਵੱਡੇ ਇੰਜੀਨਿਅਰ ਮੌਜੂਦ ਸਨ’’
ਕੇਂਦਰੀ ਮੰਤਰੀ ਨੇ ਰਾਮਸੇਤੂ ਨੂੰ ਲੈ ਕੇ ਦਿੱਤਾ ਬਿਆਨ
ਨਵੀਂ ਦਿੱਲੀ: ਕੇਂਦਰੀ ਮਨੁੱਖੀ ਸਰੋਤ ਅਤੇ ਵਿਕਾਸ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ ਨੇ ਇੰਜੀਨਿਅਰਿੰਗ ਦੇ ਵਿਦਿਆਰਥੀਆਂ ਨੂੰ ਸੱਦਾ ਦਿੰਦਿਆਂ ਆਖਿਆ ਕਿ ਉਹ ਰਾਮਸੇਤੂ, ਗੀਤਾ, ਸੰਸਿਤ ਭਾਸ਼ਾ ਅਤੇ ਆਯੂਰਵੇਦ ਵਰਗੇ ਵਿਸ਼ਿਆਂ ਵਿਚ ਨਵੇਂ ਤਰੀਕੇ ਨਾਲ ਖੋਜ ਕਰਨ ਅਤੇ ਸੱਚ ਦੀ ਖੋਜ ਕਰਨ। ਉਨ੍ਹਾਂ ਰਾਮਸੇਤੂ ਨੂੰ ਪ੍ਰਾਚੀਨ ਇੰਜੀਨਿਅਰਿੰਗ ਦਾ ਬਿਹਤਰੀਨ ਨਮੂਨਾ ਦੱਸਦਿਆਂ ਆਖਿਆ ਕਿ ਸਾਡੇ ਕੋਲ ਤਾਂ ਅਮਰੀਕਾ ਨਾਲੋਂ ਸਦੀਆਂ ਪਹਿਲਾਂ ਹੀ ਵੱਡੇ-ਵੱਡੇ ਇੰਜੀਨਿਅਰ ਮੌਜੂਦ ਸਨ।
ਕੇਂਦਰੀ ਮੰਤਰੀ ਦੀ ਗੱਲ ਸੁਣ ਕੇ ਇਕ ਵਾਰ ਤਾਂ ਸਾਰੇ ਵਿਦਿਆਰਥੀ ਸੁੰਨ ਹੋ ਗਏ, ਮੰਤਰੀ ਦੇ ਕਈ ਵਾਰ ਕਹਿਣ ’ਤੇ ਉਨ੍ਹਾਂ ਕੁੱਝ ਹਾਮੀ ਭਰੀ। ਕੇਂਦਰੀ ਮੰਤਰੀ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਬੇਤੁਕੀ ਬਿਆਨਬਾਜ਼ੀ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਈਆਈਟੀ ਬੰਬੇ ਦੇ 57ਵੇਂ ਸਾਲਾਨਾ ਸਮਾਰੋਹ ਦੌਰਾਨ ਬਿਆਨ ਦਿੱਤਾ ਸੀ ਕਿ ਪਰਮਾਣੂ ਅਤੇ ਅਣੂ ਦੀ ਖੋਜ ਚਰਕ ਰਿਸ਼ੀ ਨੇ ਕੀਤੀ ਸੀ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਸੰਸਿਤ ਇਕ ਵਿਗਿਆਨਕ ਭਾਸ਼ਾ ਹੈ। ਜਿਸ ਨੂੰ ਨਾਸਾ ਵੀ ਮੰਨਦਾ ਹੈ।
ਦੱਸ ਦਈਏ ਕਿ ਭਾਰਤ ਅਤੇ ਸ੍ਰੀਲੰਕਾ ਵਿਚਾਲੇ ਇਕ ਪੁਲ ਬਣਿਆ ਹੋਇਆ ਹੈ, ਜਿਸ ਨੂੰ ਹਿੰਦੂਆਂ ਵੱਲੋਂ ਰਾਮਸੇਤੂ ਦਾ ਨਾਂਅ ਦਿੱਤਾ ਗਿਆ ਹੈ। ਇਸ ਪੁਲ ਨੂੰ ਲੈ ਕੇ ਭਾਰਤੀ ਇਤਿਹਾਸ ਖੋਜ ਪ੍ਰੀਸ਼ਦ ਨੇ ਪਿਛਲੇ ਸਾਲ ਅਪ੍ਰੈਲ ਵਿਚ ਐਲਾਨ ਕੀਤਾ ਸੀ ਕਿ ਉਹ ਇਹ ਪਤਾ ਲਗਾਉਣ ਲਈ ਕੋਈ ਅਧਿਐਨ ਨਹੀਂ ਕਰੇਗਾ ਕਿ ਰਾਮਸੇਤੂ ਮਾਨਵ ਨਿਰਮਤ ਹੈ ਜਾਂ ਕੁਦਰਤੀ ਪਰ ਹਿੰਦੂ ਨੇਤਾਵਾਂ ਦਾ ਮੰਨਣਾ ਹੈ ਕਿ ਇਹ ਪੁਲ ਰਾਮ ਚੰਦਰ ਅਤੇ ਉਨ੍ਹਾਂ ਦੀ ‘ਵਾਨਰ ਸੈਨਾ’ ਵੱਲੋਂ ਬਣਾਇਆ ਗਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।