ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਨ ਵਾਲੇ ਨਿਊਜ਼ ਐਂਕਰ ਨੂੰ ਗ੍ਰਿਫ਼ਤਾਰੀ ਤੋਂ ਛੋਟ ਮਿਲੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਨੇ ਐਸ.ਆਈ.ਟੀ. ਨਾਲ ਜਾਂਚ ਸਹਿਯੋਗ ਕਰਨ ਲਈ ਕਿਹਾ, ਪੰਜਾਬ ਸਰਕਾਰ ਅਤੇ ਆਈ.ਪੀ.ਐਸ. ਅਧਿਕਾਰੀ ਪ੍ਰਬੋਧ ਕੁਮਾਰ ਨੂੰ ਵੀ ਨੋਟਿਸ ਜਾਰੀ

Supreme Court

ਨਵੀਂ ਦਿੱਲੀ: ਜੇਲ੍ਹ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਮੋਬਾਈਲ ਫੋਨ ਇੰਟਰਵਿਊ ਨਾਲ ਜੁੜੇ ਮਾਮਲੇ ’ਚ ਅਦਾਲਤ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਜਾਂਚ ਦਾ ਸਾਹਮਣਾ ਕਰ ਰਹੇ ਇਕ ਨਿੱਜੀ ਨਿਊਜ਼ ਚੈਨਲ ਦੇ ਐਂਕਰ ਨੂੰ ਸੁਪਰੀਮ ਕੋਰਟ ਨੇ ਗ੍ਰਿਫ਼ਤਾਰ ਤੋਂ ਛੋਟ ਦੇ ਦਿਤੀ ਹੈ।

ਬਿਸ਼ਨੋਈ ਹੀ 2022 ’ਚ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਅਤੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਮੁੰਬਈ ਸਥਿਤ ਘਰ ਬਾਹਰ ਗੋਲੀਬਾਰੀ ਦੀ ਘਟਨਾ ਦਾ ਕਥਿਤ ਮਾਸਟਰਮਾਈਂਡ ਵੀ ਹੈ। ਬਿਸ਼ਨੋਈ ਨੇ ਨਿਊਜ਼ ਚੈਨਲ ਦੇ ਐਂਕਰ ਨੂੰ ਮੋਬਾਈਲ ਫੋਨ ’ਤੇ ਵੀਡੀਉ ਇੰਟਰਵਿਊ ਦਿਤੀ। 

ਚੀਫ ਜਸਟਿਸ ਡੀ.ਵਾਈ. ਚੰਦਰਚੂੜ, ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਕਿਹਾ ਕਿ ਅਪਰਾਧੀਆਂ ਦਾ ਪਰਦਾਫਾਸ਼ ਕਰਨ ਦੇ ਪੱਤਰਕਾਰ ਦੇ ਇਰਾਦੇ ਦੇ ਬਾਵਜੂਦ ਕੈਦੀਆਂ ਦੀ ਇੰਟਰਵਿਊ ਕਰਨਾ ‘ਜੇਲ੍ਹ ਨਿਯਮਾਂ ਦੀ ਗੰਭੀਰ ਉਲੰਘਣਾ ਹੈ।’ ਅਦਾਲਤ ਨੇ ਪਟੀਸ਼ਨਕਰਤਾ ਦੇ ਵਕੀਲ ਨੂੰ ਕਿਹਾ, ‘‘ਇਕ ਖਾਸ ਪੱਧਰ ’ਤੇ ਸ਼ਾਇਦ ਇੰਟਰਵਿਊ ਲੈਣ ਵਾਲੇ ਤੁਹਾਡੇ ਮੁਵੱਕਿਲ ਨੇ ਜੇਲ੍ਹ ਦੇ ਕੁੱਝ ਨਿਯਮਾਂ ਦੀ ਉਲੰਘਣਾ ਕੀਤੀ ਹੋਵੇ।’’

ਨਿਊਜ਼ ਚੈਨਲ ਦੀ ਪਟੀਸ਼ਨ ’ਤੇ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਅਤੇ ਆਈ.ਪੀ.ਐਸ. ਅਧਿਕਾਰੀ ਪ੍ਰਬੋਧ ਕੁਮਾਰ ਨੂੰ ਵੀ ਨੋਟਿਸ ਜਾਰੀ ਕੀਤੇ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦੀ ਅਗਵਾਈ ਕਰ ਰਹੇ ਹਨ। ਬੈਂਚ ਨੇ ਨਿਊਜ਼ ਚੈਨਲ ਅਤੇ ਐਂਕਰ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਅਤੇ ਆਰ.ਐਸ. ਚੀਮਾ ਦੀਆਂ ਦਲੀਲਾਂ ਦਾ ਨੋਟਿਸ ਲਿਆ ਕਿ ਸਟਿੰਗ ਆਪਰੇਸ਼ਨ ਲਈ ਜਾਨ ਨੂੰ ਖਤਰਾ ਝੱਲ ਰਹੇ ਪੱਤਰਕਾਰ ਨੂੰ ਗ੍ਰਿਫਤਾਰ ਨਾ ਕੀਤਾ ਜਾਵੇ। 

ਉਨ੍ਹਾਂ ਕਿਹਾ, ‘‘ਦੂਜਾ ਪਟੀਸ਼ਨਕਰਤਾ ਐਸ.ਆਈ.ਟੀ. ਦੀ ਜਾਂਚ ’ਚ ਸਹਿਯੋਗ ਕਰੇਗਾ। ਅਸੀਂ ਹੁਕਮ ਦਿੰਦੇ ਹਾਂ ਕਿ ਇਸ ਅਦਾਲਤ ਦੇ ਅਗਲੇ ਹੁਕਮਾਂ ਤਕ ਉਨ੍ਹਾਂ ਵਿਰੁਧ ਕੋਈ ਜ਼ਬਰਦਸਤੀ ਕਦਮ ਨਹੀਂ ਚੁਕੇ ਜਾਣਗੇ।’’ ਨਿਊਜ਼ ਚੈਨਲ ਅਤੇ ਪੱਤਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਸ ਹੁਕਮ ਨੂੰ ਚੁਨੌਤੀ ਦਿਤੀ ਹੈ, ਜਿਸ ’ਚ ਜੇਲ੍ਹ ’ਚ ਬੰਦ ਗੈਂਗਸਟਰ ਦੇ ਇੰਟਰਵਿਊ ’ਤੇ ਐਫ.ਆਈ.ਆਰ. ਦਰਜ ਕਰਨ ਲਈ ਐਸ.ਆਈ.ਟੀ. ਨੂੰ ਕਿਹਾ ਗਿਆ ਸੀ। ਹਾਈ ਕੋਰਟ ਨੇ ਇਹ ਹੁਕਮ ਜੇਲ੍ਹਾਂ ’ਚ ਮੋਬਾਈਲ ਫੋਨ ਦੀ ਵਰਤੋਂ ਬਾਰੇ ਅਪਣੇ ਆਪ ਸ਼ੁਰੂ ਕੀਤੇ ਕੇਸ ਦੀ ਸੁਣਵਾਈ ਕਰਦਿਆਂ ਦਿਤਾ ਸੀ। 

ਨਿਊਜ਼ ਚੈਨਲ ਨੂੰ ਦਿਤੇ ਗਏ ਇੰਟਰਵਿਊਆਂ ਦੀ ਜਾਂਚ ਕਰਨ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਦਾ ਪਤਾ ਲਗਾਉਣ ਲਈ ਤਿੰਨ ਮੈਂਬਰੀ ਐਸ.ਆਈ.ਟੀ. ਦਾ ਗਠਨ ਕੀਤਾ ਗਿਆ ਸੀ।