550ਵੇਂ ਪ੍ਰਕਾਸ਼ ਪੁਰਬ ਮੌਕੇ 8 ਸਿੱਖ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਗ੍ਰਹਿ ਮੰਤਰਾਲੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਮਨੁੱਖੀ ਆਧਾਰ 'ਤੇ ਦੇਸ਼ ਭਰ ਦੀਆਂ ਵੱਖੋ-ਵੱਖ ਜੇਲ੍ਹਾਂ ਵਿਚ

8 Sikh Prisoners to Be Released

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰਾਲੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਮਨੁੱਖੀ ਆਧਾਰ 'ਤੇ ਦੇਸ਼ ਭਰ ਦੀਆਂ ਵੱਖੋ-ਵੱਖ ਜੇਲ੍ਹਾਂ ਵਿਚ ਬੰਦ ਅੱਠ ਸਿੱਖ ਕੈਦੀਆਂ ਨੂੰ ਨਵੰਬਰ ਮਹੀਨੇ ਰਿਹਾਅ ਕਰਨ ਦਾ ਐਲਾਨ ਕੀਤਾ ਹੈ। ਜੋ ਪੰਜਾਬ ਵਿਚ ਅਤਿਵਾਦ ਦੌਰਾਨ ਕੀਤੇ ਗਏ ਅਪਰਾਧਾਂ ਦੇ ਸਿਲਸਿਲੇ ਵਿਚ ਦੇਸ਼ ਦੀਆਂ ਵੱਖੋ-ਵੱਖ ਜੇਲ੍ਹਾਂ ਵਿਚ ਬੰਦ ਹਨ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਵਿਸ਼ੇਸ਼ ਮਾਫ਼ੀ ਦੇ ਤਹਿਤ ਇਕ ਕੈਦੀ ਦੀ ਮੌਤ ਦੀ ਸਜ਼ਾ ਨੂੰ ਉਮਰਕੈਦ ਵਿਚ ਤਬਦੀਲ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ।

ਗ੍ਰਹਿ ਮੰਤਰਾਲਾ ਦੇ ਇਕ ਬੁਲਾਰੇ ਅਨੁਸਾਰ ਕੇਂਦਰ ਸਰਕਾਰ ਨੇ ਦੇਸ਼ ਦੀਆਂ ਵੱਖੋ-ਵੱਖ ਜੇਲ੍ਹਾਂ ਵਿਚ ਬੰਦ 9 ਸਿੱਖ ਕੈਦੀਆਂ ਨੂੰ ਵਿਸ਼ੇਸ਼ ਵਿਵਸਥਾ ਦੇ ਤਹਿਤ ਰਾਹਤ ਦੇਣ ਦਾ ਫ਼ੈਸਲਾ ਕੀਤਾ ਹੈ। ਕੇਂਦਰ ਸਰਕਾਰ ਨੇ ਇਹ ਫ਼ੈਸਲਾ ਲੰਮੇ ਸਮੇਂ ਤੋਂ ਸਿੱਖਾਂ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਕੀਤੀਆਂ ਜਾ ਰਹੀਆਂ ਮੰਗਾਂ ਦੇ ਚਲਦਿਆਂ ਕੀਤਾ ਹੈ। ਸਿੱਖ ਕੈਦੀਆਂ ਦੀ ਰਿਹਾਈ ਲਈ ਇਸ ਸਬੰਧੀ ਇਕ ਚਿੱਠੀ ਵੀ ਸ਼ਨੀਵਾਰ ਨੂੰ ਸਬੰਧਤ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭੇਜ ਦਿੱਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਲਏ ਇਸ ਅਹਿਮ ਫ਼ੈਸਲੇ ਵਿਚ ਜਿਨ੍ਹਾਂ 8 ਸਿੱਖ ਕੈਦੀਆਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਵਿਚ ਫਾਂਸੀ ਦੀ ਸਜ਼ਾ ਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਦਾ ਨਾਂਅ ਵੀ ਸ਼ਾਮਲ ਹੈ।

ਜਿਸ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਿਆ ਜਾਵੇਗਾ। ਬਲਵੰਤ ਸਿੰਘ ਰਾਜੋਆਣਾ ਇਕੋ ਇਕ ਸਿੱਖ ਕੈਦੀ ਐੈ ਜੋ ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਜੇਲ੍ਹ ਵਿਚ ਬੰਦ ਹੈ। ਬਲਵੰਤ ਸਿੰਘ ਰਾਜੋਆਣਾ ਨੂੰ ਬੁੜੈਲ ਜੇਲ੍ਹ ਚੰਡੀਗੜ੍ਹ ਤੋਂ ਪਟਿਆਲਾ ਦੀ ਕੇਂਦਰੀ ਜੇਲ ਵਿਚ ਤਬਦੀਲ ਕੀਤਾ ਗਿਆ ਸੀ। ਉਸ 'ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਕਰਨ ਦਾ ਦੋਸ਼ ਹੈ। ਬੇਅੰਤ ਸਿੰਘ ਦੀ ਹੱਤਿਆ 31 ਅਗੱਸਤ 1995 ਨੂੰ ਸਿਵਲ ਸਕੱਤਰੇਤ ਮੂਹਰੇ ਇਕ ਬੰਬ ਧਮਾਕੇ ਵਿਚ ਕਰ ਦਿੱਤੀ ਗਈ ਸੀ।

ਸੀਬੀਆਈ ਵਲੋਂ ਹੱਤਿਆ ਦੇ ਦੋਸ਼ ਵਿਚ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ ਬਲਵੰਤ ਸਿੰਘ ਰਾਜੋਆਣਾ ਅਤੇ ਜਗਤਾਰ ਸਿੰਘ ਹਵਾਰਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਪਰ ਹਵਾਰਾ ਦੀ ਫਾਂਸੀ ਦੀ ਸਜ਼ਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਮਰ ਕੈਦ ਵਿਚ ਤਬਦੀਲ ਕਰ ਦਿਤੀ ਸੀ। ਭਾਈ ਰਾਜੋਆਣਾ ਅਤੇ ਹਵਾਰਾ ਸਮੇਤ ਜਗਤਾਰ ਸਿੰਘ ਤਾਰਾ- ਬੇਅੰਤ ਸਿੰਘ ਦੀ ਹੱਤਿਆ ਦੀ ਜ਼ਿੰਮੇਵਾਰੀ ਲੈ ਚੁੱਕੇ ਹਨ। ਹਵਾਰਾ ਤਿਹਾੜ ਜੇਲ੍ਹ ਦਿੱਲੀ ਅਤੇ ਤਾਰਾ ਮਾਡਲ ਜੇਲ ਬੁੜੈਲ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ