ਕਾਨਪੁਰ 'ਚ ਸਿੱਖ ਸੋਨਾ ਵਪਾਰੀ ਦੀ ਕੁੱਟਮਾਰ, ਦਸਤਾਰ ਲਾਹੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਿੱਖ ਵਿਅਕਤੀ ਨਾਲ ਕੁੱਟਮਾਰ ਕੀਤੇ ਜਾਣ ਦੀਆਂ ਇਹ ਤਸਵੀਰਾਂ ਕਾਨਪੁਰ ਦੇ ਸ਼ਰਾਫ਼ਾ ਬਾਜ਼ਾਰ ਦੀਆਂ ਹਨ। ਜਿੱਥੇ ਕਿਸੇ ਗੱਲ ਨੂੰ ਲੈ ਕੇ

Sikh beaten

ਨਵੀਂ ਦਿੱਲੀ : ਸਿੱਖ ਵਿਅਕਤੀ ਨਾਲ ਕੁੱਟਮਾਰ ਕੀਤੇ ਜਾਣ ਦੀਆਂ ਇਹ ਤਸਵੀਰਾਂ ਕਾਨਪੁਰ ਦੇ ਸ਼ਰਾਫ਼ਾ ਬਾਜ਼ਾਰ ਦੀਆਂ ਹਨ। ਜਿੱਥੇ ਕਿਸੇ ਗੱਲ ਨੂੰ ਲੈ ਕੇ ਕੁੱਝ ਲੋਕਾਂ ਨੇ ਗੁੰਡਾਗਰਦੀ ਦਿਖਾਉਂਦੇ ਹੋਏ ਇਕ ਸਿੱਖ ਸੋਨਾ ਕਾਰੋਬਾਰੀ ਨਾਲ ਕੁੱਟਮਾਰ ਕੀਤੀ ਅਤੇ ਉਸ ਦੀ ਦਸਤਾਰ ਲਾਹ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਸਿੱਖ ਵਪਾਰੀ ਨੂੰ ਗੰਦੀਆਂ ਗਾਲ੍ਹਾਂ ਵੀ ਕੱਢੀਆਂ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਘਟਨਾ ਦੀ ਵੀਡੀਓ ਸ਼ੇਅਰ ਕੀਤੀ ਹੈ ਅਤੇ ਸਿੱਖ ਵਪਾਰੀ ਨਾਲ ਦਿਨ ਦਿਹਾੜੇ ਗੁੰਡਾਗਰਦੀ ਕਰਨ ਵਾਲਿਆਂ ਵਿਰੁੱਧ ਯੂਪੀ ਪੁਲਿਸ ਨੂੰ ਤੁਰੰਤ ਮਾਮਲਾ ਦਰਜ ਕਰਨ ਦੀ ਅਪੀਲ ਕੀਤੀ ਹੈ। ਪੰਜਾਬ ਤੋਂ ਬਾਹਰ ਦੇਸ਼ ਵਿਚ ਸਿੱਖਾਂ ਨਾਲ ਕੁੱਟਮਾਰ ਅਤੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਕੀਤੇ ਜਾਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।

ਇੱਥੋਂ ਤੱਕ ਕਿ ਬਹੁਤ ਸਾਰੀਆਂ ਘਟਨਾਵਾਂ ਵਿਚ ਤਾਂ ਉਥੋਂ ਦੀ ਪੁਲਿਸ ਵੀ ਸ਼ਾਮਲ ਹੈ। ਕੁੱਝ ਮਹੀਨੇ ਪਹਿਲਾਂ ਦਿੱਲੀ ਪੁਲਿਸ ਵੱਲੋਂ ਇਕ ਸਿੱਖ ਪਿਓ ਪੁੱਤਰ ਦੀ ਸ਼ਰ੍ਹੇਆਮ ਬੁਰੀ ਤਰ੍ਹਾਂ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਵੀ ਸਾਹਮਣੇ ਆ ਚੁੱਕੇ ਹਨ। ਇਸੇ ਤਰ੍ਹਾਂ ਕੁੱਝ ਸਮਾਂ ਪਹਿਲਾਂ ਰਾਜਸਥਾਨ ਪੁਲਿਸ ਦਾ ਵੀ ਸਿੱਖਾਂ ਪ੍ਰਤੀ ਕਰੂਰ ਚਿਹਰਾ ਸਾਹਮਣੇ ਆਇਆ ਸੀ, ਜਦੋਂ ਰਾਜਸਥਾਨ ਪੁਲਿਸ ਦੇ ਇਕ ਮੁਲਾਜ਼ਮ ਨੇ ਸਿੱਖ ਰਿਕਸ਼ਾ ਚਾਲਕ ਦੀ ਸ਼ਰ੍ਹੇਬਾਜ਼ਾਰ ਕੁੱਟਮਾਰ ਕੀਤੀ ਅਤੇ ਦਸਤਾਰ ਅਤੇ ਕੇਸਾਂ ਦੀ ਬੇਅਦਬੀ ਕੀਤੀ ਸੀ।

ਅਜਿਹੀਆਂ ਪਤਾ ਨਹੀਂ ਕਿੰਨੀਆਂ ਹੀ ਘਟਨਾਵਾਂ ਨੇ ਜੋ ਪੰਜਾਬ ਤੋਂ ਬਾਹਰ ਸਿੱਖਾਂ 'ਤੇ ਹੋ ਰਹੇ ਜ਼ੁਲਮ ਦੀ ਤਸਵੀਰ ਨੂੰ ਬਿਆਨ ਕਰਦੀਆਂ ਹਨ। ਹੁਣ ਕਾਨਪੁਰ ਵਿਚ ਵਾਪਰੀ ਤਾਜ਼ਾ ਘਟਨਾ ਨੇ ਸਿੱਖਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਾਈ ਹੈ। ਜਿਸ ਵਿਚ ਕੁੱਝ ਲੋਕ ਮਿਲ ਕੇ ਇਕ ਸਿੱਖ ਵਿਅਕਤੀ ਦੀ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ ਪਤਾ ਨਹੀਂ ਸਿੱਖਾਂ 'ਤੇ ਹੋ ਰਹੇ ਜ਼ੁਲਮ ਦੀਆਂ ਇਨ੍ਹਾਂ ਘਟਨਾਵਾਂ ਨੂੰ ਕਦੋਂ ਠੱਲ੍ਹ ਪਏਗੀ?

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ