ਬਾਬਰੀ ਮਸਜਿਦ ਢਾਹੁਣ ਦਾ ਮਾਮਲਾ: 28 ਸਾਲ ਬਾਅਦ ਅੱਜ ਹੋਵੇਗਾ ਫੈਸਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਲਖਨਊ ਦੀ ਸਪੈਸ਼ਲ ਸੀਬੀਆਈ ਕੋਰਟ ਵੱਲੋਂ ਸੁਣਾਇਆ ਜਾਵੇਗਾ ਫੈਸਲਾ

Babri Masjid Demolition Case

ਨਵੀਂ ਦਿੱਲੀ: ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ਵਿਚ ਬੁੱਧਵਾਰ ਨੂੰ ਲਖਨਊ ਦੀ ਇਕ ਸਪੈਸ਼ਲ ਸੀਬੀਆਈ ਕੋਰਟ ਵੱਲੋਂ ਫੈਸਲਾ ਸੁਣਾਇਆ ਜਾਵੇਗਾ। ਇਸ ਮਾਮਲੇ ਵਿਚ ਭਾਜਪਾ ਦੇ ਸੀਨੀਅਰ ਨੇਤਾ ਐਲਕੇ ਅਡਵਾਣੀ, ਮੁਰਲੀ ਮਨੋਹਰ ਜੋਸ਼ੀ, ਓਮਾ ਭਾਰਤੀ, ਕਲਿਆਣ ਸਿੰਘ ਅਤੇ ਹੋਰ ਕਈ ਲੋਕ ਮੁੱਖ ਦੋਸ਼ੀ ਹਨ।

ਕੋਰਟ ਨੇ ਸਾਰੇ ਦੋਸ਼ੀਆਂ ਨੂੰ ਸੁਣਵਾਈ ਦੌਰਾਨ ਕੋਰਟ ਵਿਚ ਮੌਜੂਦ ਰਹਿਣ ਲਈ ਕਿਹਾ ਹੈ। 28 ਸਾਲ ਪੁਰਾਣੇ ਇਸ ਮਾਮਲੇ ਵਿਚ 49 ਦੋਸ਼ੀਆਂ ਵਿਚੋਂ 17 ਦੀ ਮੌਤ ਹੋ ਚੁੱਕੀ ਹੈ। ਇਸ ਮਾਮਲੇ ਦੇ ਸਿਰਫ਼ 32 ਦੋਸ਼ੀ ਹੀ ਬਚੇ ਹਨ। ਬਾਬਰੀ ਮਾਮਲੇ ਦੇ ਲਗਭਗ 50 ਗਵਾਹ ਵੀ ਇਸ ਦੁਨੀਆਂ ਤੋਂ ਵਿਦਾ ਹੋ ਚੁੱਕੇ ਹਨ।

ਦੱਸ ਦਈਏ ਕਿ ਬਾਬਰੀ ਮਸਜਿਦ ਮਾਮਲੇ ਦਾ ਟ੍ਰਾਇਲ ਕਰਨ ਵਾਲੇ ਸਪੈਸ਼ਲ ਜੱਜ ਐਸ ਕੇ ਯਾਦਵ ਪਿਛਲੇ ਸਾਲ 30 ਸਤੰਬਰ ਨੂੰ ਸੇਵਾਮੁਕਤ ਹੋਣ ਵਾਲੇ ਸੀ ਪਰ ਸੁਪਰੀਮ ਕੋਰਟ ਨੇ ਉਹਨਾਂ ਨੂੰ ਸੇਵਾਮੁਕਤ ਨਹੀਂ ਹੋਣ ਦਿੱਤਾ। ਉਹਨਾਂ ਦਾ ਕਾਰਜਕਾਲ ਫੈਸਲਾ ਆਉਣ ਤੱਕ ਵਧਾਉਣ ਦੇ ਆਦੇਸ਼ ਜਾਰੀ ਕੀਤੇ ਗਏ।

ਅਪ੍ਰੈਲ 2017 ਵਿਚ ਸੁਪਰੀਮ ਕੋਰਟ ਨੇ ਦੋ ਸਾਲ ਵਿਚਕਾਰ ਮੁਕੱਦਮਾ ਹੱਲ ਕਰ ਕੇ ਫੈਸਲਾ ਸੁਣਾਉਣ ਦਾ ਆਦੇਸ਼ ਦਿੱਤਾ ਸੀ। ਇਸ ਤੋਂ ਬਾਅਦ ਤਿੰਨ ਵਾਰ ਸਮਾਂ ਵਧਾਇਆ ਗਿਆ ਅਤੇ ਆਖਰੀ ਤਰੀਕ 30 ਸਤੰਬਰ 2020 ਤੈਅ ਕੀਤੀ ਗਈ ਸੀ।