ਦੇਸ਼ ਦੀ ਤੀਜੀ ਮਹਿਲਾ ਸਹਾਇਕ ਕਮਾਂਡੈਂਟ , ਕੀਤਾ ਮਾਂ ਦਾ ਸੁਪਨਾ ਪੂਰਾ
ਸਖਤ ਸਿਖਲਾਈ ਤੋਂ ਬਾਅਦ ਉਹ ਦੇਸ਼ ਦੀ ਸਰਹੱਦ ਤੇ ਲੜਾਕੂ ਅਧਿਕਾਰੀ ਦੇ ਤੌਰ ਤੇ ਤੈਨਾਤ ਹੋਵੇਗੀ ਜਿਸ ਤੋਂ ਬਾਅਦ ਉਸ ਦਾ ਦੇਸ਼ ਸੇਵਾ ਦਾ ਸੁਪਨਾ ਵੀ ਪੂਰਾ ਹੋ ਜਾਵੇਗਾ।
ਸੋਨੀਪਤ , ( ਪੀਟੀਆਈ ) : ਸੈਕਟਰ-12 ਨਿਵਾਸੀ ਸੌਮਿਆ ਨੇ ਸੀਮਾ ਸੁਰੱਖਿਆ ਬਲ ਵਿਚ ਰਾਜ ਦੀ ਪਹਿਲੀ ਅਤੇ ਦੇਸ਼ ਦੀ ਤੀਜੀ ਮਹਿਲਾ ਅਸਿਟੇਂਟ ਕਮਾਂਡੈਂਟ ਬਣਨ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਨੇ ਹਰਿਆਣਾ ਦੀ ਪਹਿਲੀ ਮਹਿਲਾ ਕਾਮਬੈਟ (ਲੜਾਕੂ ) ਅਧਿਕਾਰੀ ਬਣ ਕੇ ਦੇਸ਼ ਦੀਆਂ ਹੋਰਨਾਂ ਲੜਕੀਆਂ ਵਾਸਤੇ ਇਕ ਬਿਹਤਰੀਨ ਮਿਸਾਲ ਵੀ ਕਾਇਮ ਕੀਤੀ ਹੈ। ਬਚਪਨ ਤੋਂ ਹੀ ਫ਼ੌਜ ਵਿਚ ਜਾ ਕੇ ਦੇਸ਼ ਸੇਵਾ ਦਾ ਸੁਪਨਾ ਪੂਰਾ ਕਰਨ ਲਈ ਸੌਮਿਆ ਨੇ ਸਕੂਲ ਪੱਧਰ ਤੋਂ ਹੀ ਤਿਆਰੀ ਸ਼ੁਰੂ ਕਰ ਦਿਤੀ ਸੀ। ਸੌਮਿਆ ਦੀ ਮੰਨੀ ਜਾਵੇ ਤਾਂ ਚੰਗੀ ਪੜਾਈ ਦੇ ਬਾਵਜੂਦ ਉਸਦੀ ਸਰਕਾਰੀ ਨੌਕਰੀ ਨਹੀਂ ਲੱਗੀ
ਤਾਂ ਉਸ ਨੇ ਮਾਂ ਦੀ ਇੱਛਾ ਪੂਰੀ ਕਰਨ ਦੀ ਠਾਣ ਲਈ। ਸੌਮਿਆ ਦੀ ਮਾਂ ਮੰਜੂ ਚੌਹਾਨ ਨੇ ਦਿੱਲੀ ਯੂਨੀਵਰਸਿਟੀ ਤੋਂ ਉਚੇਰੀ ਵਿਦਿਆ ਪ੍ਰਾਪਤ ਕੀਤੀ ਪਰ ਬਹੁਤ ਸੰਘਰਸ਼ ਕਰਨ ਦੇ ਬਾਵਜੂਦ ਉਸ ਨੂੰ ਸਰਕਾਰੀ ਨੌਕਰੀ ਨਹੀਂ ਮਿਲ ਸਕੀ। ਸੌਮਿਆ ਨੂੰ ਅਪਣਾ ਸਪਨਾ ਪੂਰਾ ਕਰਨ ਦੇ ਨਾਲ ਹੀ ਅਪਣੀ ਮਾਂ ਦਾ ਸੁਪਨਾ ਵੀ ਪੂਰਾ ਕਰਨਾ ਸੀ। ਇਸ ਲਈ ਉਸ ਨੇ ਮਹਿਲਾ ਅਸਿਟੇਂਟ ਕਮਾਂਡੈਂਟ ਬਣਨ ਦਾ ਫੈਸਲਾ ਕੀਤਾ। ਇਸ ਦੌਰਾਨ ਉਸਨੇ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰ ਅਖੀਰ ਉਸ ਨੂੰ ਕਾਮਯਾਬੀ ਮਿਲ ਹੀ ਗਈ।
ਸੌਮਿਆ 2016 ਵਿਚ ਮੂਰਥਲ ਸਥਿਤ ਡੀਸੀਆਰਯੂਐਸਟੀ ਤੋਂ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਚ ਬੀਟੇਕ ਕਰਨ ਤੋਂ ਬਾਅਦ ਸੰਘ ਲੋਕ ਸੇਵਾ ਆਯੋਗ ਵੱਲੋਂ ਸੈਂਟਰਲ ਆਰਮਡ ਪੁਲਿਸ ਫੋਰਸ ਅਫਸਰ ਭਰਤੀ ਵਿਚ ਬੈਠੀ ਅਤੇ ਪਹਿਲੀ ਹੀ ਕੋਸ਼ਿਸ਼ ਵਿਚ ਰਾਸ਼ਟਰੀ ਪੱਧਰ ਦਾ ਦੂਜਾ ਸਥਾਨ ਹਾਸਲ ਕਰ ਲਿਆ। ਹੁਣ ਉਹ ਗਵਾਲੀਅਰ ਸਥਿਤ ਬੀਐਸਐਫ ਅਕਾਦਮੀ ਵਿਚ ਟਰੇਨਿੰਗ ਲਈ ਗਈ ਹੈ। ਦੇਸ ਦੇ ਵੱਖ-ਵੱਖ ਹਿੱਸਿਆਂ ਵਿਚ ਪਰੀਖਿਆ ਪਾਸ ਕਰ ਕੇ ਸਿਖਲਾਈ ਦੇ ਲਈ ਗਏ ਉਮੀਦਵਾਰਾਂ ਵਿਚ ਸੌਮਿਆ ਸਿਰਫ ਇਕਲੀ ਔਰਤ ਹੈ।
ਸਖਤ ਸਿਖਲਾਈ ਤੋਂ ਬਾਅਦ ਉਹ ਦੇਸ਼ ਦੀ ਸਰਹੱਦ ਤੇ ਲੜਾਕੂ ਅਧਿਕਾਰੀ ਦੇ ਤੌਰ ਤੇ ਤੈਨਾਤ ਹੋਵੇਗੀ ਜਿਸ ਤੋਂ ਬਾਅਦ ਉਸ ਦਾ ਦੇਸ਼ ਸੇਵਾ ਦਾ ਸੁਪਨਾ ਵੀ ਪੂਰਾ ਹੋ ਜਾਵੇਗਾ। ਸੌਮਿਆ ਨੇ ਦੱਸਿਆ ਕਿ ਬੀਐਸਐਫ ਦੀ ਵਰਦੀ ਪਾਉਂਦਿਆਂ ਹੀ ਅਜਿਹਾ ਲਗਦਾ ਹੈ ਕਿ ਭਾਰਤ ਮਾਤਾ ਦੀ ਰੱਖਿਆ ਦੀ ਜਿਮ੍ਹੇਵਾਰੀ ਮੇਰੇ ਮੋਢਿਆਂ ਤੇ ਆ ਗਈ ਹੈ ਅਤੇ ਮੈਨੂੰ ਜੀ ਜਾਨ ਲਗਾ ਕੇ ਇਸ ਨੂੰ ਪੂਰਾ ਕਰਨਾ ਹੈ। ਉਨ੍ਹਾਂ ਕਿਹਾ ਕਿ ਉਹ ਸਿਖਲਾਈ ਦੌਰਾਨ ਪੁਰਸ਼ਾਂ ਦੇ ਮੋਢੇ ਦੇ ਨਾਲ ਮੋਢਾ ਲਗਾ ਕੇ ਇਕ ਫ਼ੌਜੀ ਦੇ ਤੌਰ ਤੇ ਇਸ ਅਹੁਦੇ ਦੀਆਂ ਸਾਰੀਆਂ ਬਾਰੀਕੀਆਂ ਨੂੰ ਸਿੱਖ ਰਹੀ ਹੈ।
ਸੌਮਿਆ ਨੇ ਰਾਜ ਦੀ ਪਹਿਲਾ ਮਹਿਲਾ ਸਹਾਇਕ ਕਮਾਂਡੈਂਟ ਬਣਨ ਤੋਂ ਬਾਅਦ ਸਿਰਫ ਅਪਣਾ ਸੁਪਨਾ ਹੀ ਪੂਰਾ ਨਹੀਂ ਕੀਤਾ ਸਗੋਂ ਜ਼ਿਲ੍ਹੇ ਅਤੇ ਰਾਜ ਦੀਆਂ ਲੜਕੀਆਂ ਦੇ ਲਈ ਵੀ ਇਕ ਮਿਸਾਲ ਪੇਸ਼ ਕੀਤੀ ਹੈ। ਜ਼ਿਲ੍ਹੇ ਅਤੇ ਰਾਜ ਵਿਚ ਲੜਕੀਆਂ ਪੜਾਈ ਤੋਂ ਲੈ ਕੇ ਖੇਡਾਂ ਤੱਕ ਅਪਣਾ ਲੋਹਾ ਮਨਵਾ ਰਹੀਆਂ ਹਨ। ਹੁਣ ਦੇਸ਼ ਸੇਵਾ ਵਿਚ ਅਪਣੀ ਮੌਜੂਦਗੀ ਦਰਜ਼ ਕਰਾਉਣ ਲੱਗੀਆਂ ਹਨ। ਸੌਮਿਆ ਦੇ ਅਧਿਕਾਰੀ ਬਣਨ ਦੇ ਉਸ ਦੇ ਰਿਸ਼ਤੇਦਾਰਾਂ ਅਤੇ ਆਂਢ-ਗੁਆਂਢ ਤੋਂ ਲੈ ਕੇ ਉਸ ਦੇ ਨਾਲ ਪੜਨ ਵਾਲੀਆਂ ਲੜਕੀਆਂ ਨੂੰ ਵੀ ਪ੍ਰੇਰਣਾ ਮਿਲੀ ਹੈ ਅਤੇ ਦਿਲ ਵਿਚ ਦੇਸ਼ ਸੇਵਾ ਦਾ ਜ਼ਜਬਾ ਪੈਦਾ ਹੋਇਆ ਹੈ।