ਬਾਂਦਰਾ ਦੇ ਸਲੱਮ ਖੇਤਰ 'ਚ ਅੱਗ, ਮੌਕੇ ਤੇ 9 ਅੱਗ ਬੁਝਾਓ ਗੱਡੀਆਂ ਪੁੱਜੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਾਗਰਦਾਸ ਰੋਡ ਸਥਿਤ ਬਾਂਦਰਾ ਫਾਇਰ ਸਟੇਸ਼ਨ ਦੇ ਨੇੜੇ ਹੀ ਲਾਲਮਾਟੀ ਸਲੱਮ ਖੇਤਰ ਵਿਚ ਸਵੇਰੇ ਅਚਾਨਕ ਅੱਗ ਲੱਗ ਗਈ।

Fire broke out

ਮੁੰਬਈ , ( ਭਾਸ਼ਾ ) : ਮੁੰਬਈ ਦੇ ਇਕ ਸਲੱਮ ਖੇਤਰ ਵਿਚ ਭਿਆਨਕ ਅੱਗ ਲਗ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਨਾਗਰਦਾਸ ਰੋਡ ਸਥਿਤ ਬਾਂਦਰਾ ਫਾਇਰ ਸਟੇਸ਼ਨ ਦੇ ਨੇੜੇ ਹੀ ਲਾਲਮਾਟੀ ਸਲੱਮ ਖੇਤਰ ਵਿਚ ਸਵੇਰੇ ਅਚਾਨਕ ਅੱਗ ਲੱਗ ਗਈ। ਅੱਗ ਦੀ ਸੂਚਨਾ ਮਿਲਦੇ ਹੀ 9 ਅੱਗ ਬੁਝਾਓ ਗੱਡੀਆਂ ਮੌਕੇ ਤੇ ਪੁੱਜ ਗਈਆਂ ਹਨ ਅਤੇ ਅੱਗ ਤੇ ਕਾਬੂ ਪਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਤੱਕ ਕਿਸੇ ਹਾਦਸੇ ਜਾਂ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਮਿਲੀ ਹੈ। ਦੱਸਿਆ ਜਾ ਰਿਹਾ ਹੈ

ਕਿ ਇਲਾਕੇ ਦੀਆਂ ਗਲੀਆਂ ਤੰਗ ਹੋਣ ਕਾਰਨ ਅੱਗ ਤੇ ਕਾਬੂ ਪਾਉਣ ਵਿਚ ਫਾਇਰ ਵਿਭਾਗ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਗ ਲੱਗਣ ਨਾਲ ਝੁੱਗੀਆਂ ਵਿਚ ਰੱਖੇ ਕਈ ਗੈਸ ਸਿਲੰਡਰ ਵੀ ਫਟ ਗਏ ਹਨ। ਜਿਸ ਕਾਰਨ ਹੋਰ ਅੱਗ ਫੈਲਣ ਦਾ ਖਤਰਾ ਹੈ। ਹਾਲਾਂਕਿ ਅੱਗ ਬੁਝਾਓ ਗੱਡੀਆਂ ਅੱਗ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਹਨ।

ਜਿਸ ਜਗ੍ਹਾ ਤੇ ਅੱਗ ਲਗੀ ਹੈ ਉਹ ਜਗ੍ਹਾ ਬਾਂਦਰਾ ਰੇਲਵੇ ਸਟੇਸ਼ਨ ਤੋਂ ਕੁਝ ਹੀ ਦੂਰੀ ਤੇ ਸਥਿਤ ਹੈ। ਸਟੇਸ਼ਨ ਜਾਣ ਵਾਲੇ ਲੋਕਾਂ ਨੂੰ ਅੱਗ ਲੱਗਣ ਵਾਲੀ ਜਗ੍ਹਾ ਤੋਂ ਦੂਰ ਰਹਿਣ ਦਾ ਸੁਝਾਅ ਦਿਤਾ ਗਿਆ ਹੈ ਅਤੇ ਕਿਸੇ ਹੋਰ ਰਾਹ ਤੋਂ ਜਾਣ ਲਈ ਕਿਹਾ ਗਿਆ ਹੈ। ਦੱਸ ਦਈਏ ਕਿ 2017 ਵਿਚ ਵੀ ਬਾਂਦਰਾ ਪੂਰਵ ਸਟੇਸ਼ਨ ਦੇ ਕੋਲ ਇਕ ਗੈਸ ਸਿਲੰਡਰ ਫਟਣ ਦੇ ਨਾਲ ਅੱਗ ਲਗ ਗਈ ਸੀ ਤੇ ਇਸ ਹਾਦਸੇ ਵਿਚ ਬਹੁਤ ਨੁਕਸਾਨ ਹੋਇਆ ਸੀ।