ਮੁੰਬਈ ਮਾਡਲ ਕਤਲ ਕੇਸ : ਬੁਆਏਫਰੈਂਡ ਮੁਜਮੱਲ ਨੇ ਅਪਣੀ ਮਾਂ ਤੇ ਵੀ ਕੀਤਾ ਸੀ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਘਟਨਾ ਅੰਧੇਰੀ ਪੱਛਮ ਦੇ ਮਿਲੱਤ ਨਗਰ ਇਲਾਕੇ ਵਿਚ ਹੋਈ ਸੀ। ਮਾਂ ਤੇ ਹਮਲੇ ਦੀ ਗੱਲ ਮੁਜਮੱਲ ਦੇ ਗੁਆਂਢੀਆਂ ਅਤੇ ਸਿਕਉਰਿਟੀ ਗਾਰਡ ਨੇ ਦਸੀ ਹੈ

Mansi Murder Case

ਮੁੰਬਈ, ( ਭਾਸ਼ਾ) : ਮੁੰਬਈ ਵਿਚ ਮਾਡਲ ਮਾਨਸੀ ਦੀਕਸ਼ਿਤ ਦੇ ਕਤਲ ਦੇ ਕੇਸ ਵਿਚ ਗਿਰਫਤਾਰ ਹੋਏ 19 ਸਾਲਾ ਦੋਸ਼ੀ ਮੁਜਮੱਲ ਸਈਦ ਨੇ 3 ਸਾਲ ਪਹਿਲਾਂ ਅਪਣੀ ਮਾਂ ਤੇ ਵੀ ਹਮਲਾ ਕੀਤਾ ਸੀ। ਪਰ ਪਰਵਾਰ ਵਾਲਿਆਂ ਨੇ ਇਸ ਮਾਮਲੇ ਨੂੰ ਲੁਕਾ ਲਿਆ ਸੀ। ਇਹ ਘਟਨਾ ਅੰਧੇਰੀ ਪੱਛਮ ਦੇ ਮਿਲੱਤ ਨਗਰ ਇਲਾਕੇ ਵਿਚ ਹੋਈ ਸੀ। ਮਾਂ ਤੇ ਹਮਲੇ ਦੀ ਗੱਲ ਮੁਜਮੱਲ ਦੇ ਗੁਆਂਢੀਆਂ ਅਤੇ ਸਿਕਉਰਿਟੀ ਗਾਰਡ ਨੇ ਦਸੀ ਹੈ। ਇਸ ਤੋਂ ਬਾਅਦ ਮੁਜਮੱਲ ਸਈਦ ਦਾ ਪੂਰਾ ਪਰਵਾਰ ਹੈਦਰਾਬਾਦ ਚਲਾ ਗਿਆ ਸੀ। ਉਹ ਛੁੱਟੀਆਂ ਮਨਾਉਣ ਮੁੰਬਈ ਆਇਆ ਕਰਦੇ ਸਨ।

ਸਈਦ ਦੇ ਪਿਤਾ ਹਸਨ ਇਕ ਪ੍ਰਾਈਵੇਟ ਫਰਮ ਵਿਚ ਕੰਮ ਕਰਦੇ ਸੀ ਅਤੇ ਉਸਦੀ ਮਾਂ ਹਾਊਸਵਾਈਫ ਸੀ। ਮੁਜਮੱਲ ਸਈਦ ਉਨਾਂ ਦਾ ਗੋਦ ਲਿਆ ਹੋਇਆ ਬੇਟਾ ਸੀ। 48 ਸਾਲਾ ਜਮਾਲ ਅੰਸਾਰੀ ਉਸ ਬਿਲਡਿੰਗ ਵਿਚ 22 ਸਾਲ ਤੋਂ ਗਾਰਡ ਦਾ ਕੰਮ ਕਰ ਰਹੇ ਸਨ ਅਤੇ ਉਹ ਮੁਜਮੱਲ ਨੂੰ ਉਸਦੇ ਬਚਪਨ ਤੋਂ ਹੀ ਜਾਣਦੇ ਸਨ। ਉਸਨੇ ਦਸਿਆ ਕਿ 3 ਸਾਲ ਪਹਿਲਾਂ ਕਿਸ ਤਰ੍ਹਾਂ ਮੁਜੱਮਲ ਨੇ ਅਪਣੀ ਮਾਂ ਤੇ ਹਮਲਾ ਕੀਤਾ ਸੀ ਜਿਸ ਨਾਲ ਉਸ ਦੇ ਸਿਰ ਤੇ ਸੱਟ ਵੀ ਲਗੀ ਸੀ। ਬਿਲਡਿੰਗ ਦੇ ਲੋਕ ਸਈਦ ਦੀ ਮਾਂ ਨੂੰ ਪੁਛਣ ਵੀ ਗਏ ਸੀ ਪਰ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਲਮਾਰੀ ਤੋਂ ਸੱਟ ਲਗੀ ਹੈ।

ਬਿਲਡਿੰਗ ਦੇ ਲੋਕਾਂ ਦਾ ਕਹਿਣਾ ਹੈ ਕਿ ਮੁਜਮੱਲ ਬਚਪਨ ਤੋਂ ਹੀ ਬਹੁਤ ਹੀ ਗੁੱਸੇ ਵਾਲੇ ਸੁਭਾਅ ਦਾ ਹੈ ਅਤੇ ਬੱਚਿਆਂ ਨਾਲ ਖੇਡਣ ਸਮੇਂ ਵੀ ਉਹ ਆਮ ਤੌਰ ਤੇ ਲੜਦਾ ਰਹਿੰਦਾ ਸੀ। ਮਾਡਲ ਮਾਨਸੀ ਦੇ ਕਤਲ ਦੇ ਮਾਮਲੇ ਵਿਚ ਗਾਰਡ ਅੰਸਾਰੀ ਨੇ ਦਸਿਆ ਕਿ ਰਾਤ ਨੂੰ ਲਗਭਗ ਢਾਈ ਵਜੇ ਉਸਨੇ ਮੁਜਮੱਲ ਨੂੰ ਹੇਠਾਂ ਆਉਂਦੇ ਦੇਖਿਆ ਸੀ। ਉਸ ਦੇ ਹੱਥ ਵਿਚ ਉਸ ਵੇਲੇ ਇਕ ਵੱਡਾ ਬੈਗ ਵੀ ਸੀ, ਜਿਸਨੂੰ ਉਸਨੇ ਕੈਬ ਵਿਚ ਰੱਖਿਆ ਅਤੇ ਉਹ ਗੱਡੀ ਦੀ ਅਗਲੀ ਸੀਟ ਤੇ ਬੈਠ ਗਿਆ। ਮੈਂ ਕਿਸੀ ਕੁੜੀ ਨੂੰ ਉਸ ਬਿਲਡਿੰਗ ਦੇ ਅੰਦਰ ਜਾਂਦਿਆਂ ਨਹੀਂ ਦੇਖਿਆ ਸੀ

ਤਾਂ ਹੋ ਸਕਦਾ ਹੈ ਕਿ ਉਹ ਕਿਸੀ ਹੋਰ ਗੇਟ ਤੋਂ ਗਈ ਹੋਵੇ। ਮੁਜਮੱਲ ਦੇ ਅਪਾਰਟਮੈਂਟ ਦੇ ਕੋਲ ਸੀਸੀਟੀਵੀ ਲਗੀ ਹੋਈ ਹੈ। ਅੰਸਾਰੀ ਨੇ ਕਿਹਾ ਕਿ ਪੁਲਿਸ ਉਸਦੇ ਫੁਟੇਜ ਦੀ ਜਾਂਚ ਕਰ ਰਹੀ ਹੈ। ਮਾਡਲ ਮਾਨਸੀ ਦੀਕਸ਼ਿਤ ਦੀ ਲਾਸ਼ ਮਲਾਡ ਵਿਚ ਝਾੜੀਆਂ ਵਿਚ ਸੁੱਟੇ ਗਏ ਸੁਟਕੇਸ ਵਿਚ ਬੰਦ ਮਿਲੀ ਸੀ। ਪੁਲਿਸ ਨੇ ਜਾਂਚ ਤੋਂ ਬਾਅਦ ਬੁਆਏਫਰੈਂਡ ਮੁਜੱਮਲ ਸਈਦ ਨੂੰ ਗਿਰਫਤਾਰ ਕਰ ਲਿਆ। ਪੁਲਿਸ ਦੇ ਮੁਤਾਬਕ ਮਾਨਸੀ ਮੁਜਮੱਲ ਦੇ ਅਪਾਰਮੈਂਟ ਵਿਚ ਸੀ ਜਿਥੇ ਉਸਦਾ ਕਤਲ ਹੋਇਆ ਸੀ। ਫਿਲਹਾਲ ਮੁਜਮੱਲ ਪੁਲਿਸ ਰਿਮਾਂਡ ਤੇ ਹੈ।