ਅੱਤਵਾਦੀ ਹਮਲੇ ਦੌਰਾਨ ਤਿੰਨ ਭਾਜਪਾ ਵਰਕਰਾਂ ਦੀ ਮੌਤ, ਪੀਐਮ ਸਮੇਤ ਕਈ ਆਗੂਆਂ ਵੱਲੋਂ ਸਖ਼ਤ ਨਿਖੇਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਜ਼ਿਲ੍ਹਾ ਭਾਜਪਾ ਯੁਵਾ ਮੋਰਚਾ ਦੇ ਜਨਰਲ ਸਕੱਤਰ ਫ਼ਿਦਾ ਹੁਸੈਨ ਸਮੇਤ 3 ਨੇਤਾਵਾਂ ਦੀ ਮੌਤ

3 BJP Workers Killed In Terrorist Attack In Jammu And Kashmir's Kulgam

ਸ੍ਰੀਨਗਰ: ਬੀਤੇ ਦਿਨ ਜੰਮੂ-ਕਸ਼ਮੀਰ ਦੇ ਕੁਲਗਾਮ ਵਿਚ ਅੱਤਵਾਦੀ ਹਮਲੇ ਦੌਰਾਨ ਤਿੰਨ ਭਾਜਪਾ ਵਰਕਰਾਂ ਦੀ ਹੱਤਿਆ ਕਰ ਦਿੱਤੀ ਗਈ। ਇਹ ਜਾਣਕਾਰੀ ਸਥਾਨਕ ਪੁਲਿਸ ਵੱਲੋਂ ਸਾਂਝੀ ਕੀਤੀ ਗਈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਬੀਤੇ ਦਿਨ ਲਗਭਗ 8.20 ਵਜੇ ਕੁਲਗਾਮ ਪੁਲਿਸ ਨੂੰ ਵਾਈਕੇ ਪੋਰਾ ਪਿੰਡ ਵਿਚ ਇਕ ਅੱਤਵਾਦੀ ਘਟਨਾ ਬਾਰੇ ਸੂਚਨਾ ਮਿਲੀ, ਜਿੱਥੇ ਗੋਲੀਬਾਰੀ ਦੌਰਾਨ ਤਿੰਨ ਭਾਜਪਾ ਵਰਕਰਾਂ ਦੀ ਮੌਤ ਹੋ ਗਈ।

ਹਮਲੇ ਤੋਂ ਬਾਅਦ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਭਾਜਪਾ ਵਰਕਰਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਹਨਾਂ ਨੂੰ ਮ੍ਰਿਤਕ ਐਲਾਨਿਆ ਗਿਆ। ਮ੍ਰਿਤਕਾਂ ਦੀ ਪਛਾਣ ਭਾਜਪਾ ਜ਼ਿਲ੍ਹਾ ਯੁਵਾ ਜਨਰਲ ਸਕੱਤਰ ਫਿਦਾ ਹੁਸੈਨ, ਵਰਕਰ ਉਮਰ ਰਾਸ਼ਿਦ ਅਤੇ ਉਮਰ ਰਮਜ਼ਾਨ ਵਜੋਂ ਹੋਈ ਹੈ।

ਇਸ ਘਟਨਾ ਦੀ ਆਗੂਆਂ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ। ਇਸ ਘਟਨਾ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਖ਼ਤ ਨਿਖੇਧੀ ਕੀਤੀ। ਉਹਨਾਂ ਨੇ ਟਵੀਟ ਕਰਦਿਆਂ ਕਿਹਾ, 'ਸਾਡੇ ਤਿੰਨ ਵਰਕਰਾਂ ਦੀ ਹੱਤਿਆ ਦੀ ਮੈਂ ਨਿੰਦਾ ਕਰਦਾ ਹਾਂ। ਉਹ ਜੰਮੂ-ਕਸ਼ਮੀਰ ਵਿਚ ਚੰਗਾ ਕੰਮ ਕਰ ਰਹੇ ਸੀ। ਮੇਰੀ ਸੰਵੇਦਨਾ ਉਹਨਾਂ ਦੇ ਪਰਿਵਾਰ ਨਾਲ ਹੈ। ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ'। 

ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ, 'ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਤੋਂ ਭਿਆਨਕ ਖ਼ਬਰ ਮਿਲੀ, ਮੈਂ ਅੱਤਵਾਦੀ ਹਮਲੇ ਵਿਚ 3 ਭਾਜਪਾ ਵਰਕਰਾਂ ਦੀ ਹੱਤਿਆ ਦੀ ਨਿਖੇਧੀ ਕਰਦਾ ਹਾਂ। ਅੱਲਾ ਉਹਨਾਂ ਨੂੰ ਜੰਨਤ ਵਿਚ ਥਾਂ ਦੇਵੇ ਅਤੇ ਉਸ ਮੁਸ਼ਕਿਲ ਸਮੇਂ ਵਿਚ ਉਹਨਾਂ ਦੇ ਪਰਿਵਾਰ ਨੂੰ ਤਾਕਤ ਮਿਲੇ'।

ਪੀਡੀਪੀ ਮੁਖੀ ਮਹਿਬੂਬਾ ਮੁਫਤੀ ਨੇ ਵੀ ਇਸ ਘਟਨਾ 'ਤੇ ਦੁੱਖ ਜ਼ਾਹਿਰ ਕੀਤਾ। ਉਹਨਾਂ ਨੇ ਲਿਖਿਆ, 'ਕੁਲਗਾਮ ਵਿਚ ਭਾਜਪਾ ਦੇ ਤਿੰਨ ਵਰਕਰਾਂ ਦੀ ਹੱਤਿਆ ਬਾਰੇ ਸੁਣ ਕੇ ਦੁੱਖ ਹੋਇਆ। ਭਾਰਤ ਸਰਕਾਰ ਦੀਆਂ ਬਿਮਾਰ ਨੀਤੀਆਂ ਕਾਰਨ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਹੀ ਜਾਨ ਗਵਾਉਣੀ ਪੈਂਦੀ ਹੈ'। ਇਸ ਘਟਨਾ 'ਤੇ ਭਾਜਪਾ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਭਾਜਪਾ ਪ੍ਰਧਾਨ ਨੇ ਟਵੀਟ ਕੀਤਾ ਅਤੇ ਕਿਹਾ, ''ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਕਾਇਰਤਾ ਭਰੇ ਹਮਲੇ 'ਚ ਅੱਤਵਾਦੀਆਂ ਨੇ ਜ਼ਿਲ੍ਹਾ ਭਾਜਪਾ ਯੁਵਾ ਮੋਰਚਾ ਦੇ ਜਨਰਲ ਸਕੱਤਰ ਫ਼ਿਦਾ ਹੁਸੈਨ ਸਮੇਤ 3 ਨੇਤਾਵਾਂ ਦੀ ਹੱਤਿਆ ਕਰ ਦਿੱਤੀ। ਅਜਿਹੇ ਰਾਸ਼ਟਰ ਭਗਤਾਂ ਦਾ ਜਾਣਾ ਦੇਸ਼ ਲਈ ਜਾਣਾ ਵੱਡੀ ਹਾਨੀ ਹੈ। ਪੂਰਾ ਸਮਾਜ ਪੀੜਤ ਪਰਿਵਾਰਾਂ ਦੇ ਨਾਲ ਹੈ। ਇਹ ਕੁਰਬਾਨੀ ਵਿਅਰਥ ਨਹੀਂ ਜਾਵੇਗੀ। ਪਰਿਵਾਰਾਂ ਪ੍ਰਤੀ ਸੰਵੇਦਨਾ।''